ਇਸਲਾਮਾਬਾਦ – ਪਾਕਿਸਤਾਨ ਪ੍ਰਸਾਸ਼ਨ ਨੇ ਸਮਝੌਤਾ ਐਕਸਪ੍ਰੈਸ ਵਿਸਫੋਟ ਮਾਮਲੇ ਵਿੱਚ ਸਾਰੇ ਚਾਰ ਆਰੋਪੀਆਂ ਨੂੰ ਬਰੀ ਕੀਤੇ ਜਾਣ ਤੇ ਭਾਰਤੀ ਰਾਜਦੂਤ ਨੂੰ ਬੁਲਾ ਕੇ ਵਿਰੋਧ ਦਰਜ਼ ਕਰਵਾਇਆ ਹੈ। ਇਸ ਵਿਸਫੋਟ ਨਾਲ 2007 ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚ ਜਿਆਦਾਤਰ ਪਾਕਿਸਤਾਨੀ ਨਾਗਰਿਕ ਸਨ। ਪੰਚਕੂਲਾ ਵਿੱਚ ਸਥਿਤ ਵਿਸ਼ੇਸ਼ ਐਨਆਈਏ ਅਦਾਲਤ ਨੇ ਬੁੱਧਵਾਰ ਨੂੰ ਅਸੀਮਾਨੰਦ ਅਤੇ ਤਿੰਨ ਹੋਰ ਆਰੋਪੀਆਂ ਨੂੰ ਬਰੀ ਕਰ ਦਿੱਤਾ ਹੈ।
ਜੱਜ ਜਗਦੀਪ ਸਿੰਘ ਨੇ ਪਾਕਿਸਤਾਨ ਦੀ ਮਹਿਲਾ ਵੱਲੋਂ ਦਾਇਰ ਕੀਤੀ ਗਈ ਦਰਖਾਸਤ ਨੂੰ ਖਾਰਿਜ਼ ਕਰਨ ਦੇ ਬਾਅਦ ਇਹ ਫੈਂਸਲਾ ਆਇਆ। ਮਹਿਲਾ ਨੇ ਕਿਹਾ ਸੀ ਕਿ ਚਸਲਮਦੀਦਾਂ ਦੀਆਂ ਗਵਾਹੀਆਂ ਪਾਕਿਸਤਾਨ ਵਿੱਚ ਹੋਣੀਆਂ ਚਾਹੀਦੀਆਂ ਹਨ। ਇਸ ਮਾਮਲੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਭਾਰਤੀ ਉਚ ਅਧਿਕਾਰੀ ਅਜੇ ਬਿਸਾਰੀਆ ਨੂੰ ਬੁਲਾ ਕੇ ਆਪਣਾ ਵਿਰੋਧ ਦਰਜ਼ ਕੀਤਾ ਹੈ। ਪਾਕਿਸਤਾਨ ਸਦਾ ਹੀ ਇਸ ਮਾਮਲੇ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਧੀਮੀ ਸੁਣਵਾਈ ਤੇ ਚਿੰਤਾ ਜਾਹਿਰ ਕਰਦਾ ਰਿਹਾ ਹੈ।
ਪਾਕਿਸਤਾਨ ਸ਼ੁਰੂ ਤੋਂ ਹੀ ਇਹ ਕਹਿੰਦਾ ਆ ਰਿਹਾ ਹੈ ਕਿ ਭਾਰਤ ਇਸ ਮਾਮਲੇ ਵਿੱਚ ਹਮਲੇ ਦੀ ਸਾਜਿਸ਼ ਰੱਚਣ ਵਾਲਿਆਂ ਨੂੰ ਬਚਾ ਰਿਹਾ ਹੈ। ਇਸ ਘਟਨਾ ਦੇ 11 ਸਾਲ ਬਾਅਦ ਆਰੋਪੀਆਂ ਨੂੰ ਬਰੀ ਕੀਤੇ ਜਾਣ ਤੇ ਭਾਰਤੀ ਅਦਾਲਤਾਂ ਦੇ ਭਰੋਸੇ ਤੇ ਸਵਾਲ ਉਠਾਏ ਹਨ। ਪਾਕਿਸਤਾਨ ਦਆਰਾ ਇਹ ਅਪੀਲ ਕੀਤੀ ਗਈ ਹੈ ਕਿ ਵਿਸਫੋਟ ਦੀ ਸਾਜਿਸ਼ ਰੱਚਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ।