ਕਿਸ ਨੂੰ ਦਰਦ ਸੁਣਾਵਾਂ ਭਗਤ ਸਿੰਘ, ਤੇਰੇ ਦੇਸ ਪੰਜਾਬ ਦਾ।
ਪੈਰਾਂ ਦੇ ਵਿੱਚ ਰੁਲ਼ਿਆ ਤੇਰਾ, ਸੁਪਨਾ ਫੁੱਲ ਗੁਲਾਬ ਦਾ।
ਜਿਹੜੀ ਹੀਰ ਵਿਆਵਣ ਦੇ ਲਈ, ਤੂੰ ਜਿੰਦੜੀ ਸੀ ਵਾਰੀ।
ਅੱਜ ਉਹ ਉੱਜੜੀ ਪੁੱਜੜੀ ਫਿਰਦੀ, ਹੈ ਨੌਬਤ ਦੀ ਮਾਰੀ।
ਸ਼ਤਲੁੱਜ ਦੇ ਵਿੱਚ ਰੁੜ੍ਹਦੀ ਫਿਰਦੀ, ਪੁੱਛਦੀ ਹਾਲ ਚਨਾਬ ਦਾ
ਕਿਸ…
ਕਿਰਤੀਆਂ ਦੇ ਘਰ ਨੱਚਣਾ ਸੀ, ਜਿਸ ਪਾ ਪੰਜੇਬਾਂ ਪੈਰੀਂ।
ਉਸ ਨਾਰ ਨੂੰ ਧੂੁਹ ਕੇ ਲੈ ਗਿਆ, ਹੈ ਕੋਈ ਸਿਖਰ ਦੁਪਹਿਰੀਂ।
ਆਪਣੀ ਜੰਮਣ ਭੋਂ ਤੋਂ ਵਿਛੜੀ, ਕਰਦੀ ਫਿਕਰ ਦੁਆਬ ਦਾ
ਕਿਸ…
ਬਾਬੇ ਦੀ ਬਾਣੀ ਦੇ ਸੱਚੇ, ਬੋਲ ਸੁਣੇ ਨਾ ਕੋਈ।
‘ਸਰਮੁ ਧਰਮੁ ਦੋਇ ਛਪਿ ਖਲੋਏ’, ਲਾਹ ਸੁੱਟੀ ਹੈ ਲੋਈ।
ਆ ਕੇ ਹਾਲ ਤੂੰ ਵੇਖੇਂ ਕਿਧਰੇ, ਰੁਲ਼ਦੀ ਹੋਈ ਰਬਾਬ ਦਾ
ਕਿਸ…
ਤੇਰੇ ਦੇਸ ਦੇ ਗੱਭਰੂਆਂ ਦੀ, ਅੱਜਕਲ ਗਈ ਹੈ ਮੱਤ ਮਾਰੀ।
ਚਿੱਟੇ ਚੂਸ ਲਿਆ ਰੱਤ ਸਾਰਾ, ਲੱਗ ਗਈ ਨਵੀਂ ਬੀਮਾਰੀ।
ਸਿੰਥੈਟਿਕ ਨਸ਼ਿਆਂ ਨੇ ਛੱਡਿਆ, ਪਿੱਛੇ ਨਸ਼ਾ ਸ਼ਰਾਬ ਦਾ
ਕਿਸ…
ਮੋਟਰ ਸਾਈਕਲ ਉਤੇ ਫੋਟੋ, ਤੇਰੀ ਲਾ ਲਾ ਘੁੰਮਦੇ।
ਤੇਰੀ ਸੋਚ ਨੂੰ ਲਾਂਭੇ ਰੱਖਿਆ, ਟੋਪੀ ਪਿਸਟਲ ਚੁੰਮਦੇ।
‘ਦੀਸ਼’ ਕੋਈ ਮੁੱਲ ਪਾਏ ਤੇਰੇ, ਹੱਥ ‘ਚ ਫੜੀ ਕਿਤਾਬ ਦਾ
ਕਿਸ…