ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਵਿਚ ਕਮਰਿਆਂ ਦੀ ਆਨ ਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਤੇ ਐਲਾਨ ਕੀਤਾ ਹੈ ਕਿ ਖਾਸ ਤੌਰ ’ਤੇ ਰਾਸ਼ਟਰੀ ਰਾਜਧਾਨੀ ਵਿਚ ਆਉਦੇ ਐਨ ਆਰ ਆਈ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਆਨਲਾਈਨ ਬੁਕਿੰਗ ਪੋਰਟਲ ਨੂੰ ਡੀ ਐਸ ਜੀ ਐਮ ਸੀ ਦੇ ਮੀਤ ਪ੍ਰਧਾਨ ਸ੍ਰ ਕੁਲਵੰਤ ਸਿੰਘ ਬਾਠ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰਸਮੀ ਤੌਰ ’ਤੇ ਲਾਂਚ ਕੀਤਾ। ਉਹਨਾਂ ਦੱਸਿਆ ਕਿ ਸ਼ੁਰੂਆਤ ਵਿਚ 25 ਕਮਰੇ ਆਨ ਲਾਈਨ ਬੁਕਿੰਗ ਵਾਸਤੇ ਰੱਖੇ ਗਏ ਹਨ ਅਤੇ ਅਗਲੇ ਪੜਾਅ ਵਿਚ ਇਸਦਾ ਵਿਸਥਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸ਼ਰਧਾਲੂ .. ’ਤੇ ਆਪਣੀ ਬੁਕਿੰਗ ਕਰਵਾ ਸਕਦੇ ਹਨ।
ਇਸ ਦੌਰਾਨ ਡੀ ਐਸ ਜੀ ਐਮ ਸੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਸਿੱਖ ਸੰਸਥਾ ਵੱਲੋਂ ਦੇਸ਼ ਵਿਚ ਖਾਸ ਤੌਰ ’ਤੇ ਰਾਸ਼ਟਰੀ ਰਾਜਧਾਨੀ ਵਿਚ ਆਉਦੇ ਐਨ ਆਰ ਆਈ ਸ਼ਰਧਾਲੂਆਂ ਵਾਸਤੇ ਵਿਸ਼ਵ ਪੱਧਰ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਜੋ ਨਵੀਂ ਸਰਾਂ ਉਸਾਰੀ ਜਾ ਰਹੀ ਹੈ, ਉਸ ਵਿਚ 50 ਫੀਸਦੀ ਕਮਰੇ ਐਨ ਆਰ ਆਈਜ਼ ਵਾਸਤੇ ਰਾਖਵੇਂ ਰੱਖੇ ਜਾਣਗੇ।
ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਡੀ ਐਸ ਜੀ ਐਮ ਸੀ ਐਨ ਆਰ ਆਈਜ਼ ਨੂੰ ਹਵਾਈ ਅੱਡੇ ਤੋਂ ਲੈਣ ਤੇ ਛੱਡਣ ਵਾਸਤੇ ਟਰਾਂਸਪੋਰਟ ਸਹੂਲਤ ਪ੍ਰਦਾਨ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ ਤਾਂ ਜੋ ਕਿ ਉਹ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਗੁਰਧਾਮਾਂ ਦੇ ਸਹਿਜੇ ਹੀ ਦਰਸ਼ਨ ਕਰ ਸਕਣ। ਉਹਨਾਂ ਕਿਹਾ ਕਿ ਇਹ ਸਹੂਲਤ ਸ਼ੁਰੂ ਹੋਣ ਨਾਲ ਨਾ ਸਿਰਫ ਉਹਨਾਂ ਦੇ ਸਮੇਂ ਦੀ ਬਚਤ ਹੋਵੇਗੀ ਬਲਕਿ ਉਹ ਗੁਰਧਾਮਾਂ ਦੇ ਸੁਖਾਲੇ ਦਰਸ਼ਨ ਵੀ ਕਰ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਇਸ ਯੋਜਨਾ ’ਤੇ ਵੀ ਕੰਮ ਕਰ ਰਹੇ ਹਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਹੋਰ ਪ੍ਰਦਾਨ ਕਰੀਏ ਤਾਂ ਜੋ ਕਿ ਉਹਨਾਂ ਦਾ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਦੌਰਾ ਯਾਦਗਾਰੀ ਬਣ ਸਕੇ।