ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ-ਅਗਸਤ 2012 ਵਿਚ ਖ਼ਰੀਦੀ ਗਈ ਸਬਜ਼ੀਆਂ ਦਾ ਮੁੱਦਾ ਅਦਾਲਤ ਪੁੱਜ ਗਿਆ ਹੈ। ਕਮੇਟੀ ਦੇ ਤਤਕਾਲੀ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਖ਼ਿਲਾਫ਼ ਕਮੇਟੀ ਦੇ ਮੌਜੂਦਾ ਮੈਂਬਰ ਹਰਜੀਤ ਸਿੰਘ ਜੀ.ਕੇ. ਨੇ ਪਟਿਆਲਾ ਹਾਊਸ ਕੋਰਟ ਵਿਚ ਸ਼ੰਟੀ ਖ਼ਿਲਾਫ਼ ਅਪਰਾਧਿਕ ਗ਼ਬਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਨ ਲਈ ਪਟੀਸ਼ਨ ਦਾਖਿਲ ਕੀਤੀ ਹੈ। ਕੇਸ ਦੀ ਸੁਣਵਾਈ ਦੌਰਾਨ ਅੱਜ ਜੱਜ ਪ੍ਰੀਤੀ ਪਰੇਵਾ ਨੇ ਜੀ.ਕੇ. ਦੇ ਵਕੀਲ ਸੰਜੇ ਗੁਪਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿੱਲੀ ਪੁਲਿਸ ਨੂੰ ਅਗਲੀ ਸੁਣਵਾਈ 20 ਅਪ੍ਰੈਲ ਤਕ 5 ਕਰੋੜ ਦੇ ਕਥਿਤ ਸਬਜ਼ੀ ਘੁਟਾਲੇ ਵਿਚ ਕਾਰਵਾਈ ਰਿਪੋਰਟ ਦਰਜ ਕਰਨ ਦਾ ਹੁਕਮ ਦਿੱਤਾ। ਨਾਲ ਹੀ ਸ਼ੰਟੀ ਦੇ ਪੁਰਾਣੇ ਸਾਥੀ ਅਤੇ ਸਾਬਕਾ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਵੱਲੋਂ ਇਸੇ ਮਾਮਲੇ ਵਿੱਚ 2013 ‘ਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਵਿੰਗ ਅਤੇ ਪਟਿਆਲਾ ਹਾਊਸ ਕੋਰਟ ਵਿਚ ਦਾਇਰ ਪਟੀਸ਼ਨ ਨਾਲ ਜੁੜੇ ਰਿਕਾਰਡਾਂ ਨੂੰ ਵੀ ਸੰਮਨ ਕੀਤਾ ਹੈ।
ਇਲਜ਼ਾਮਾਂ ਅਨੁਸਾਰ, ਸ਼ੰਟੀ ਨੇ ਲੰਗਰ ਦੀ ਜੋ ਸਬਜ਼ੀ ਖ਼ਰੀਦੀ,ਉਸ ਦੇ ਬਿੱਲ ਆਦਿਕ ‘ਤੇ ਲਿਖੀ ਭਾਸ਼ਾ ਅਤੇ ਲਿਪੀ ਸਮਝ ਤੋਂ ਪਰੇ ਹੈ। ਸਾਮਾਨ ਦੀ ਕੀਮਤ, ਭਿੰਨਤਾ, ਮਾਤਰਾ ਆਦਿ ਇਸ ਪ੍ਰਕਾਰ ਲਿਖੀਆਂ ਗਈਆਂ ਹਨ ਤਾਂ ਜੋ ਇਹ ਪੜ੍ਹਨਾ ਸੰਭਵ ਨਾ ਹੋਵੇ। ਇਸ ਦੇ ਨਾਲ ਹੀ ਉਸ ਵੇਲੇ ਮਹੀਨੇ ‘ਚ ਸਬਜ਼ੀਆਂ ਤਕਰੀਬਨ 25,000 ਰੁਪਏ ਦੀ ਆਉਂਦੀਆਂ ਸਨ, ਪਰ ਅਪ੍ਰੈਲ ਤੋਂ ਅਗਸਤ 2012 ਤੱਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਖ਼ਰਚਿਆਂ ਵਿੱਚ ਤਕਰੀਬਨ 5 ਕਰੋੜ ਦੇ ਬਿੱਲ ਸਬਜ਼ੀਆਂ ਦੇ ਜਮ੍ਹਾ ਹੋਏ ਸਨ। ਜਾਅਲੀ ਵਿਕ੍ਰੇਤਾਵਾਂ ਦੇ ਨਾਂ ‘ਤੇ ਬਣੇ ਬਿੱਲਾਂ ‘ਤੇ ਮਾਲ ਵੇਚਣ ਵਾਲਿਆਂ ਦਾ ਪਤਾ ਵੀ ਨਹੀਂ ਲਿਖਿਆ ਹੈ। ਸਾਰੇ ਬਿੱਲਾਂ ਦੀ ਲਿਖਤ ਅਤੇ ਲਿਖਣ ਦੀ ਸ਼ੈਲੀ ਵੀ ਇੱਕੋ ਜਿਹੀ ਹੈ।
ਇਸ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਸ਼ਿਕਾਇਤਕਰਤਾ ਹਰਜੀਤ ਸਿੰਘ ਜੀ.ਕੇ. ਨੇ ਇੰਡੀਅਨ ਪੈਨਲ ਕੋਡ ਦੀ ਧਾਰਾ 408,409,418,468 ਅਤੇ 471 ਵਿਚ ਸ਼ੰਟੀ ਖ਼ਿਲਾਫ਼ ਕੇਸ ਦਰਜ ਕਰਨ ਦੀ ਵਕਾਲਤ ਕੀਤੀ। ਜੀ.ਕੇ. ਨੇ ਕਿਹਾ ਕਿ ਹਿੰਦੀ ਭਾਸ਼ਾ ਦੇਵਨਾਗਰੀ ਅਤੇ ਪੰਜਾਬੀ ਭਾਸ਼ਾ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ। ਪਰ ਸ਼ੰਟੀ ਨੇ ਜਾਅਲੀ ਸਬਜ਼ੀਆਂ ਦੇ ਬਿੱਲਾਂ ਲਈ ਨਵੀਂ ਭਾਸ਼ਾ ਦੀ ਖੋਜ ਕੀਤੀ ਹੈ। ਸ਼ੰਟੀ ਦੀ ਭਾਸ਼ਾ ਅਤੇ ਲਿਪੀ ‘ਦਾ ਪੇਟੈਂਟ ਹੋਣਾ ਚਾਹੀਦਾ ਹੈ। ਸ਼ੰਟੀ ਵੱਲੋਂ ਖੋਜ ਕੀਤੀ ਗਈ ਨਵੀਂ ਭਾਸ਼ਾ ਨੂੰ ਲੰਗਰੀਂ ਅਤੇ ਲਿਪੀ ਨੂੰ ਚੋਰਮੁੱਖੀ ਦਾ ਨਾਂ ਦਿੰਦੇ ਹੋਏ ਜੀ.ਕੇ. ਨੇ ਦਾਅਵਾ ਕੀਤਾ ਕਿ ਸ਼ੰਟੀ ਵੱਲੋਂ ਦਸਤਖ਼ਤ ਕੀਤੇ ਗਏ ਬਿਲ ਕਈ ਗੁਣਾ ਵੱਧ ਅਤੇ ਸਿੱਧੇ ਗੁਰੂ ਦੀ ਗੋਲਕ ਦੀ ਲੁੱਟ ਹੈ।
ਜੀ.ਕੇ. ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਮੇਟੀ 4-5 ਲੱਖ ਰੁਪਏ ਇੱਕ ਮਹੀਨੇ ਦੀ ਸਬਜ਼ੀਆਂ ਦੀ ਖ਼ਰੀਦ ਕਰ ਰਹੀ ਹੈ। ਫਿਰ 7 ਸਾਲ ਪਹਿਲਾਂ ਤਕਰੀਬਨ 1-1.25 ਕਰੋੜ ਰੁਪਏ ਦੀ ਸਬਜ਼ੀ ਦੀ ਖ਼ਰੀਦ ਇੱਕ ਮਹੀਨੇ ਵਿਚ ਹੋਣਾ ਬਹੁਤ ਹੈਰਾਨੀਜਨਕ ਹੈ। ਇਸ ਤੋਂ ਇਲਾਵਾ ਸਾਰੀਆਂ ਸਬਜ਼ੀਆਂ ਦੀ ਨਕਦ ਖ਼ਰੀਦ ਨਾਲ ਵੀ ਸ਼ੱਕ ਪੈਦਾ ਹੁੰਦਾ ਹੈ। ਕੋਛੜ ਦੀ ਪੁਰਾਣੀ ਸ਼ਿਕਾਇਤ ਦੀ ਚੰਗੀ ਪੈਰਵੀ ਕਰ ਕੇ ਸ਼ੰਟੀ ਦੇ ਬਚ ਜਾਣ ਦੀ ਹੋਈ ਗ਼ਲਤੀ ਨੂੰ ਜੀ.ਕੇ. ਨੇ ਨਾ ਦੁਹਰਾਉਣ ਦਾ ਫ਼ੈਸਲਾ ਕੀਤਾ ਹੈ।