ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਕਮੇਟੀ ਦੀ ਉੱਚ ਪੱਧਰੀ ਟੀਮ ਅੱਜ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਬਦਸੂਈ ਵਿਖੇ ਪਹੁੰਚੀ। ਇਸ ਟੀਮ ਨੇ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੇ ਮਾਮਲੇ ’ਤੇ ਹੋਏ ਫਿਰਕੂ ਟਕਰਾਅ ਦੇ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਇਸ ਮੰਦਭਾਗੀ ਫਿਰਕੂ ਘਟਨਾ ਦੇ ਦੌਰਾਨ ਸ਼ਹੀਦ ਹੋਏ ਸ. ਸਮਸ਼ੇਰ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮੰਦਭਾਗੀ ਘਟਨਾ ਵਿੱਚ ਜਖ਼ਮੀ ਹੋਏ 10 ਪੀੜ੍ਹਤਾਂ ਲਈ 10-10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਣ ਦਾ ਐਲਾਨ ਕੀਤਾ।
ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਮਗਰੋਂ ਸ. ਸਿਰਸਾ ਦੀ ਅਗਵਾਈ ਵਾਲੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ ਅਤੇ ਵਾਪਰੇ ਘਟਨਾਕ੍ਰਮ ਦੀ ਸਹੀ ਜਾਣਕਾਰੀ ਹਾਸਿਲ ਕੀਤੀ। ਮੌਕੇ ’ਤੇ ਪਿੰਡ ਵਾਸੀਆਂ ਨੇ ਘਟਨਾ ਕਿਵੇਂ ਵਾਪਰੀ, ਇਸ ਦੇ ਪਿੱਛੇ ਕੀ ਕਾਰਨ ਜ਼ਿੰਮੇਵਾਰ ਸਨ, ਘਟਨਾ ਦੌਰਾਨ ਕਿਸ-ਕਿਸ ਵਿਅਕਤੀ ਨੇ ਕੀ ਭੂਮਿਕਾ ਅਦਾ ਕੀਤਾ ਅਤੇ ਕੀ ਮੰਦਭਾਗਾ ਵਾਪਰਿਆ ਇਸ ਬਾਰੇ ਸਾਰੀ ਜਾਣਕਾਰੀ ਵਿਸਥਾਰ ਸਹਿਤ ਸ. ਸਿਰਸਾ ਦੀ ਅਗਵਾਈ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਟੀਮ ਨੂੰ ਦਿੱਤੀ।
ਇਸ ਮੌਕੇ ਸ. ਸਿਰਸਾ ਨੇ ਦੱਸਿਆ ਕਿ ਇਲਾਕੇ ਦੇ ਦੌਰੇ ਦੌਰਾਨ ਟੀਮ ਨੇ ਪਾਇਆ ਕਿ ਇਲਾਕੇ ਦੇ ਚੁਣੇ ਹੋਏ ਪ੍ਰਤੀਨਿਧ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ। ਲੇਕਿਨ ਉਹ ਆਪਣੀ ਰਾਜਨੀਤੀ ਨੂੰ ਅੱਗੇ ਤੋਰਨ ਵਾਸਤੇ ਲੋਕਾਂ ਵਿੱਚ ਆਪਣੀ ਟਕਰਾਅ ਪੈਦਾ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕੈਥਲ ਜਿਲ੍ਹੇ ਦੇ ਪਿੰਡ ਬਦਸੂਈ ਵਿਖੇ ਵੀ ਇਹੋ ਕੁੱਝ ਵਾਪਰਿਆ ਹੈ। ਜਿਥੇ ਕਿ ਫਿਰਕੂ ਤਣਾਅ ਨੂੰ ਉਭਾਰਨ ਵਾਸਤੇ ਮੰਦਰ ਅਤੇ ਗੁਰਦੁਆਰੇ ਦਰਮਿਆਨ ਸਾਂਝੀ ਕੰਧ ਦੀ ਉਸਾਰੀ ਵਾਸਤੇ ਫੰਡ ਜਾਰੀ ਕਰ ਦਿੱਤੇ ਗਏ ਤਾਂ ਕਿ ਸਮਾਜ ਦੇ ਦੋ ਵਰਗ ਆਪਸ ਵਿੱਚ ਟਕਰਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਇਲਾਕੇ ਵਿੱਚ ਮੋਰਚਾ ਸੰਭਾਲ ਲਿਆ ਹੈ ਤੇ ਇਸ ਦੀ ਕੋਸ਼ਿਸ਼ ਹੋਵੇਗੀ ਕਿ ਨਾ ਸਿਰਫ ਇਲਾਕੇ ਵਿੱਚ ਫਿਰਕੂ ਤਣਾਅ ਨੂੰ ਘੱਟ ਕੀਤਾ ਜਾਵੇ ਬਲਕਿ ਆਪਸੀ ਮਿਲਵਰਤਨ ਦੀ ਸਾਂਝ ਨੂੰ ਵਧਾਇਆ ਜਾਵੇ।