ਨਵੀਂ ਦਿੱਲੀ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਭਾਰਤ ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਇਹ ਡਰ ਜਾਹਿਰ ਕੀਤਾ ਹੈ ਕਿ ਚੋਣਾਂ ਸਮਾਪਤ ਹੋਣ ਤੱਕ ਦੋਵਾਂ ਦੇਸ਼ਾਂ ਵਿੱਚ ਤਣਾਅਵ ਦੀ ਸਥਿਤੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵੱਲੋਂ ਫਿਰ ਤੋਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਈਕ ਦੇ ਬਾਅਦ ਪਾਕਿਸਤਾਨ ਨੇ ਆਪਣੇ ਖੇਤਰ ਵਿੱਚ ਸਾਰੀਆਂ ਉਡਾਣਾਂ ਤੇ ਪਾਬੰਦੀ ਲਗਾ ਦਿੱਤੀ ਸੀ ਜੋ ਕਿ ਮੰਗਲਵਾਰ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤੀ ਗਈ ਹੈ।
ਪਾਕਿਸਤਾਨ ਪ੍ਰਸ਼ਾਸਨ ਨੇ ਉਡਾਣਾਂ ਸਬੰਧੀ ਲਗਾਏ ਗਏ ਸਾਰੇ ਪ੍ਰਤੀਬੰਧ ਹਟਾਉਣ ਦਾ ਐਲਾਨ ਕੀਤਾ ਹੈ। ਹੁਣ ਪੂਰੇ ਦੇਸ਼ ਵਿੱਚ ਜਹਾਜ਼ਾਂ ਦੀਆਂ ਉਡਾਣਾਂ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਅਜੇ ਵੀ ਯੁੱਧ ਦੇ ਬੱਦਲ ਮੰਤਰਾ ਰਹੇ ਹਨ। ਭਾਰਤੀ ਹਵਾਈ ਸੈਨਾ ਦੁਆਰਾ ਕੀਤੇ ਗਏ ਹਵਾਈ ਹਮਲੇ ਦੇ ਇੱਕ ਮਹੀਨਾ ਪੂਰਾ ਹੋਣ ਤੋਂ ਬਾਅਦ ਪਾਕਿਸਤਾਨੀ ਪ੍ਰਧਾਨਮੰਤਰੀ ਨੇ ਇਸ ਸਬੰਧੀ ਆਪਣੀ ਚਿੰਤਾ ਜਾਹਿਰ ਕੀਤੀ ਹੈ।
ਇੱਕ ਪਾਕਿਸਤਾਨੀ ਅਖ਼ਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਲਿਖਿਆ ਹੈ, ‘ਖ਼ਤਰਾ ਅਜੇ ਟਲਿਆ ਨਹੀਂ ਹੈ। ਭਾਰਤ ਵਿੱਚ ਆਮ ਚੋਣਾਂ ਨੂੰ ਵੇਖਦੇ ਹੋਏ ਤਣਾਅ ਬਰਕਰਾਰ ਰਹੇਗਾ। ਭਾਰਤ ਵੱਲੋਂ ਹੋਣ ਵਾਲੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਅਸੀਂ ਤਿਆਰ ਹਾਂ।’