ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਅਤੇ ਅਮਲਾਂ ਦਾ ਆਰੰਭ ਤੋਂ ਹੀ ਹਾਮੀ ਰਿਹਾ ਹੈ ਅਤੇ ਸਭ ਪਾਸੇ ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲਬਾਲਾ ਚਾਹੁੰਦਾ ਹੈ ਤਾਂ ਕਿ ਇਥੋਂ ਦਾ ਹਰ ਨਾਗਰਿਕ ਸੁੱਖ ਦੀ ਨੀਂਦ ਸੌ ਸਕੇ ਅਤੇ ਉਸ ਨੂੰ ਆਪਣੇ ਭਵਿੱਖ ਅਤੇ ਆਪਣੇ ਪਰਿਵਾਰ ਬਾਰੇ ਕੋਈ ਚਿੰਤਾ ਨਾ ਹੋਵੇ ਅਤੇ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਮੁੱਖ ਰੱਖਕੇ ਆਪਣੀਆ ਸਿਆਸੀ ਤੇ ਧਾਰਮਿਕ ਸਰਗਰਮੀਆ ਕਰਦਾ ਆ ਰਿਹਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਨ੍ਹਾਂ 2 ਪ੍ਰਮਾਣੂ ਤਾਕਤ ਵਾਲੇ ਇੰਡੀਆਂ ਅਤੇ ਪਾਕਿਸਤਾਨ ਮੁਲਕਾਂ ਦੀ ਸਦੀਆ ਤੋਂ ਪੁਰਾਤਨ ਦੁਸ਼ਮਣੀ ਹੈ ਅਤੇ ਦੋਵੇ ਹੀ ਨਿਰੰਤਰ ਇਕ-ਦੂਸਰੇ ਵਿਰੁੱਧ ਖਿੱਚੋਤਾਣ ਵਿਚ ਰਹਿੰਦੇ ਹਨ ਅਤੇ ਇਥੇ ਜੰਗੀ ਮਾਹੌਲ ਬਣਿਆ ਰਹਿੰਦਾ ਹੈ, ਅਜਿਹੀਆ ਕਾਰਵਾਈਆ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਲਈ ਵੱਡੀ ਖ਼ਤਰੇ ਦੀ ਘੰਟੀ ਹੈ । ਕਿਉਂਕਿ ਇਸ ਦੀ ਪੈਰਵੀ ਫਿਰਕੂ ਮੋਦੀ ਹਕੂਮਤ, ਬੀਜੇਪੀ ਤੇ ਆਰ.ਐਸ.ਐਸ. ਵਰਗੀਆ ਪਾਰਟੀਆ ਕਰ ਰਹੀਆ ਹਨ । ਅਜਿਹਾ ਇਹ ਫਿਰਕੂ ਲੋਕ ਆਪਣੀ ਸਿਆਸੀ ਵੋਟ ਸਿਆਸਤ ਨੂੰ ਮੁੱਖ ਰੱਖਕੇ ਕਰਦੇ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰੀ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਵਿਰੋਧ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਵੱਲੋਂ ਆਪਣੇ ਗੁਆਂਢੀ ਇਸਲਾਮਿਕ ਮੁਲਕ ਪਾਕਿਸਤਾਨ ਨਾਲ ਸਮੇਂ-ਸਮੇਂ ਤੇ ਕੀਤੀਆ ਜਾ ਰਹੀਆ ਭੜਕਾਊ ਅਤੇ ਸਿਆਸੀ ਸਵਾਰਥਾਂ ਵਾਲੀਆ ਕਾਰਵਾਈਆ ਵਿਰੁੱਧ ਅਤੇ ਇਥੋਂ ਦੇ ਮਾਹੌਲ ਨੂੰ ਜੰਗੀ ਬਣਾਉਣ ਵਿਰੁੱਧ ਸਟੈਂਡ ਲੈਦੇ ਹੋਏ ਪ੍ਰਗਟ ਕੀਤੇ । ਜੰਗ ਹੋਣ ਦਾ ਸੱਚ ਉਸ ਸਮੇਂ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦਾ ਹੈ ਕਿ 2 ਸਟਰਾਈਕ ਕੋਰ ਜੋ ਕਿ ਅੰਬਾਲਾ ਅਤੇ ਮਥੁਰਾ ਵਿਖੇ ਸਥਿਤ ਹਨ, ਇਹ ਦੋਵੇ ਕੋਰਾਂ ਸਰਹੱਦ ਉਤੇ ਇਸ ਸਮੇਂ ਤਾਇਨਾਤ ਹਨ । ਉਨ੍ਹਾਂ ਕਿਹਾ ਕਿ 19 ਮਈ 2019 ਨੂੰ ਪੰਜਾਬ ਦੀਆਂ ਪਾਰਲੀਮੈਂਟ ਚੋਣਾਂ ਹੋ ਰਹੀਆ ਹਨ ਅਤੇ ਇਸ ਤੋਂ ਪਹਿਲੇ ਪੂਰੇ ਇੰਡੀਆ ਵਿਚ ਚੋਣਾਂ ਹੋ ਰਹੀਆ ਹਨ । ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਭ ਸਿਆਸੀ ਪਾਰਟੀਆ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲ, ਆਮ ਆਦਮੀ ਪਾਰਟੀ, ਸੀ.ਪੀ.ਆਈ, ਸੀ.ਪੀ.ਐਮ, ਲੋਕ ਇਨਸਾਫ਼ ਪਾਰਟੀ, ਬੀ.ਐਸ.ਪੀ, ਅਕਾਲੀ ਦਲ ਟਕਸਾਲੀ, ਲੋਕਤੰਤਰ ਗੱਠਜੋੜ ਆਦਿ ਸਭ ਨੂੰ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਉਪਰੋਕਤ ਦੋਵੇ ਦੁਸ਼ਮਣ ਮੁਲਕਾਂ ਦੀ ਪ੍ਰਮਾਣੂ ਜੰਗ ਸੰਬੰਧੀ ਉਨ੍ਹਾਂ ਦੀ ਕੀ ਪਾਲਸੀ ਤੇ ਅਮਲ ਹਨ ? ਜੰਗ ਹੋਣ ਦੀ ਸੂਰਤ ਵਿਚ ਇਥੋਂ ਦੀ ਜਨਤਾ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਅਤੇ ਸਰਹੱਦੀ ਸੂਬਿਆਂ ਦੇ ਨਿਵਾਸੀਆ ਦੇ ਰਹਿਣ, ਖਾਣ-ਪੀਣ, ਬੱਚਿਆਂ ਦੀ ਪੜ੍ਹਾਈ, ਹਸਪਤਾਲ, ਲੰਗਰ, ਪਖਾਨਿਆ ਆਦਿ ਐਬੂਲੈਸ ਦੀਆਂ ਸਹੂਲਤਾਂ ਲਈ ਹੁਕਮਰਾਨ ਅਤੇ ਇਹ ਪਾਰਟੀਆ ਕਿਸ ਤਰ੍ਹਾਂ ਜਿੰਮੇਵਾਰੀਆ ਪੂਰਨ ਕਰਨਗੀਆ ?
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਇੰਡੀਆ ਦੀਆਂ ਸਭ ਅੰਗਰੇਜ਼ੀ, ਪੰਜਾਬੀ ਅਤੇ ਹੋਰ ਭਾਸਾਵਾਂ ਨਾਲ ਸਬੰਧਤ ਅਖਬਾਰਾਂ ਅਤੇ ਮੀਡੀਏ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਉਹ ਵੀ ਜਨਤਕ ਤੌਰ ਤੇ ਇਥੋਂ ਦੇ ਨਿਵਾਸੀਆ ਨੂੰ ਜਾਣਕਾਰੀ ਦੇਣ ਕਿ ਉਹ ਪ੍ਰਮਾਣੂ ਜੰਗ ਦੇ ਹੱਕ ਵਿਚ ਹਨ ਜਾਂ ਵਿਰੋਧ ਵਿਚ ਹਨ? ਜਦੋਂ ਅਜਿਹੇ ਹਾਲਾਤਾਂ ਵਿਚ ਸਰਹੱਦੀ ਸੂਬਿਆਂ ਦੇ ਲੋਕ ਰੀਫਿਊਜੀ ਬਣਕੇ ਤਬਦੀਲ ਹੋਣਗੇ ਤਾਂ ਉਨ੍ਹਾਂ ਨੂੰ ਮਿਲਣ ਵਾਲੀਆ ਸਹੂਲਤਾਂ ਲਈ ਇਨ੍ਹਾਂ ਅਖਬਾਰਾਂ ਤੇ ਮੀਡੀਏ ਦੀ ਕੀ ਜਿੰਮੇਵਾਰੀ ਹੋਵੇਗੀ ? ਇਥੋਂ ਦੇ ਵੋਟਰਾਂ ਅਤੇ ਪਾਠਕਾਂ ਨੂੰ ਉਹ ਵਿਸ਼ਵਾਸ ਦਿਵਾਉਣ ਕਿ ਪ੍ਰਮਾਣੂ ਜੰਗ ਹੋਣ ਦੇ ਹਾਲਤ ਵਿਚ ਉਹ ਕਿਸ ਤਰ੍ਹਾਂ ਮਨੁੱਖੀ ਕਦਰਾ-ਕੀਮਤਾ ਦੀ ਪੈਰਵੀ ਕਰਨਗੇ ਅਤੇ ਮਦਦ ਕਰਨਗੇ ?