ਫ਼ਤਹਿਗੜ੍ਹ ਸਾਹਿਬ – “ਜਦੋਂ ਹਿੰਦੂਤਵ ਹੁਕਮਰਾਨਾਂ ਨੇ ਅੱਜ ਤੱਕ ਕਦੀ ਵੀ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਅਹੁਦੇ ‘ਤੇ ਬਾਹਰਲੇ ਮੁਲਕ ਵਿਚ ਲੱਗਣ ਵਾਲੇ ਸਫ਼ੀਰਾਂ ਵਿਚ ਅਤੇ ਵੱਖ-ਵੱਖ ਸੂਬਿਆਂ ਵਿਚ ਲੱਗਣ ਵਾਲੇ ਗਵਰਨਰਾਂ ਦੇ ਅਹੁਦਿਆ ਤੇ ਕਿਸੇ ਵੀ ਸਿੱਖ ਨੂੰ ਨਿਯੁਕਤ ਨਾ ਕਰਕੇ ਸਿੱਖ ਵਿਰੋਧੀ ਭਾਵਨਾ ਨੂੰ ਹੀ ਪੱਠੇ ਪਾਉਦੇ ਆ ਰਹੇ ਹਨ । ਲੇਕਿਨ ਹੁਣ ਜਦੋਂ ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖ ਜੋ ਉਥੋਂ ਦੇ ਨਾਗਰਿਕ ਹਨ, ਜਿਨ੍ਹਾਂ ਵਿਚੋਂ ਪਾਕਿਸਤਾਨ ਸਰਕਾਰ ਨੇ ਸ. ਬਿਸਨ ਸਿੰਘ, ਸ. ਤਾਰਾ ਸਿੰਘ, ਸਾਹਿਬ ਸਿੰਘ, ਮਨਿੰਦਰ ਸਿੰਘ, ਮਹਿੰਦਰਪਾਲ ਸਿੰਘ, ਭਗਤ ਸਿੰਘ, ਗੋਪਾਲ ਸਿੰਘ ਚਾਵਲਾ, ਕੁਲਜੀਤ ਸਿੰਘ, ਸੰਤੋਖ ਸਿੰਘ ਅਤੇ ਸ. ਸਮਸ਼ੇਰ ਸਿੰਘ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਯੁਕਤ ਕਰਕੇ ਸਿੱਖ ਕੌਮ ਦਾ ਜਿਥੇ ਸਨਮਾਨ ਕੀਤਾ ਹੈ, ਉਥੇ ਪਾਕਿਸਤਾਨ ਵਿਚ ਸਥਿਤ ਗੁਰੂਘਰਾਂ ਦੇ ਪ੍ਰਬੰਧ ਨੂੰ ਉਸਾਰੂ ਤੇ ਸੁਚਾਰੂ ਬਣਾਉਣ ਵਿਚ ਯੋਗਦਾਨ ਪਾਇਆ ਹੈ ਤਾਂ ਹੁਣ ਹਿੰਦੂਤਵ ਹੁਕਮਰਾਨ ਇਨ੍ਹਾਂ ਪਾਕਿਸਤਾਨੀ ਸਿੱਖਾਂ ਨੂੰ ਬਦਨਾਮ ਕਰਕੇ ਕੇਵਲ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਨੂੰ ਹੀ ਨਿਸ਼ਾਨਾਂ ਹੀ ਨਹੀਂ ਬਣਾ ਰਹੇ ਬਲਕਿ ਅਸਲੀਅਤ ਵਿਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸੰਪੂਰਨ ਹੋਣ ਜਾ ਰਹੇ ਮਿਸ਼ਨ ਵਿਚ ਰੁਕਾਵਟਾਂ ਪਾਉਣ ਦੀਆਂ ਕੋਸਿ਼ਸ਼ਾਂ ਕਰ ਰਹੇ ਹਨ । ਦੂਸਰਾ ਪੁਲਾਵਾਮਾ ਹਮਲੇ ਦਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਕੋਈ ਰਤੀਭਰ ਵੀ ਸੰਬੰਧ ਨਹੀਂ । ਇਸ ਲਈ ਪੁਲਵਾਮਾ ਹਮਲੇ ਦੀ ਗੱਲ ਨੂੰ ਉਛਾਲਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸੰਬੰਧ ਵਿਚ ਹੋਣ ਵਾਲੀਆ ਦੋਵਾਂ ਮੁਲਕਾਂ ਦੀਆਂ ਮੀਟਿੰਗਾਂ ਨੂੰ ਇਕ ਤਰਫ਼ੀ ਤੌਰ ਤੇ ਰੱਦ ਕਰਨ ਦੇ ਅਮਲ ਸ੍ਰੀ ਮੋਦੀ ਤੇ ਹਿੰਦੂਤਵ ਹੁਕਮਰਾਨਾਂ ਦੀ ਵੱਡੀ ਬੇਈਮਾਨੀ ਹੈ । ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਰਕੂ ਮੋਦੀ ਹਕੂਮਤ ਵੱਲੋਂ ਪੁਲਵਾਮਾ ਹਮਲਾ ਅਤੇ ਪਾਕਿਸਤਾਨ ਵੱਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਿਯੁਕਤ ਕੀਤੀ ਗਈ 10 ਮੈਬਰੀ ਕਮੇਟੀ ਪ੍ਰਤੀ ਘਸੀਆ-ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਿਸ਼ਨ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਨੂੰ ਮੋਦੀ ਹਕੂਮਤ ਦੀ ਸਿੱਖ ਕੌਮ ਪ੍ਰਤੀ ਨਫ਼ਰਤ ਅਤੇ ਵੱਡੀ ਬੇਈਮਾਨੀ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸੰਜ਼ੀਦਾ ਮੁੱਦਾ ਹੈ । ਇਹ ਠੀਕ ਹੈ ਕਿ ਇਸ ਲਾਂਘੇ ਰਾਹੀ ਰੋਜ਼ਾਨਾ ਹੀ 5 ਹਜ਼ਾਰ ਯਾਤਰੂਆ ਨੂੰ ਦਰਸ਼ਨ ਕਰਨ ਲਈ ਵੀਜੇ ਦੇਣਾ ਅਤੇ ਵਿਸ਼ੇਸ਼ ਮੌਕਿਆਂ ਉਤੇ ਇਹ ਗਿਣਤੀ 15 ਹਜ਼ਾਰ ਕਰਨਾ ਸਹੀ ਗੱਲ ਹੈ । ਪਰ ਇਸਦੀ ਆੜ ਵਿਚ ਹਿੰਦੂਤਵ ਹੁਕਮਰਾਨਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਹੋ ਰਹੀ ਗੱਲਬਾਤ ਦੇ ਨਾਲ ‘ਸਾਰਦਾ ਮੰਦਰ ਕੋਰੀਡੋਰ’ ਦੀ ਜੋ ਗੱਲ ਉਠਾਈ ਗਈ ਹੈ, ਇਹ ਇਸ ਮੰਦਭਾਵਨਾ ਨਾਲ ਉਠਾਈ ਗਈ ਹੈ ਕਿ ਜੇਕਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ ਹੈ ਤਾਂ ਹਿੰਦੂਆ ਲਈ ਸਾਰਦਾ ਮੰਦਰ ਦੇ ਕੋਰੀਡੋਰ ਨੂੰ ਵੀ ਇਜ਼ਾਜਤ ਦਿੱਤੀ ਜਾਵੇ, ਇਹ ਸ਼ਰਤਾਂ ਲਗਾਕੇ ਹਿੰਦੂਤਵ ਹੁਕਮਰਾਨ ਅਸਲੀਅਤ ਵਿਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਜਲਣ ਦੇ ਇਵਜ ਵਿਚ ਅਜਿਹੀਆ ਗੈਰ-ਦਲੀਲਾਂ ਗੱਲਾਂ ਕਰ ਰਹੇ ਹਨ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਸੇ ਮੰਦਭਾਵਨਾ ਨੂੰ ਲੈਕੇ ਜੋ ਆਈ.ਐਨ.ਏ. 2007 ਵਾਲੀ ਸਮਝੋਤਾ ਐਕਸਪ੍ਰੈਸ ਵਿਚ ਹੋਏ ਸਾਜਸੀ ਵਿਸਫੋਟ ਦੌਰਾਨ 68 ਮੁਸਲਿਮ ਯਾਤਰੀ ਮੌਤ ਦੇ ਮੂੰਹ ਵਿਚ ਚਲੇ ਗਏ ਸਨ ਅਤੇ ਅਨੇਕਾ ਹੀ ਜਖ਼ਮੀ ਹੋਏ ਸਨ, ਉਸ ਵੱਡੇ ਜੁਰਮ ਦੇ ਦੋਸ਼ੀ ਹਿੰਦੂ ਦਹਿਸਤਗਰਦਾਂ ਸੁਆਮੀ ਅਸੀਮਾਨੰਦ, ਕਰਨਲ ਪ੍ਰੋਹਿਤ ਅਤੇ ਪ੍ਰਿਗਿਆ ਠਾਕੁਰ ਸਿੰਘ ਨੂੰ ਸਬੂਤਾਂ ਦੀ ਘਾਟ ਦਾ ਬਹਾਨਾ ਬਣਾਕੇ ਬਰੀ ਕਰਨਾ ਘੱਟ ਗਿਣਤੀ ਕੌਮਾਂ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿੜਕਣ ਦੇ ਦੁੱਖਦਾਇਕ ਅਮਲ ਕੀਤੇ ਗਏ ਹਨ । ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਿਸ਼ਨ ਵਿਚ ਵੀ ਫਿਰਕੂ ਸੋਚ ਅਧੀਨ ਅਮਲ ਹੋ ਰਹੇ ਹਨ । ਜਿਸ ਨੂੰ ਸਿੱਖ ਕੌਮ ਅੱਛੀ ਤਰ੍ਹਾਂ ਸਮਝਦੀ ਹੋਈ ਹਿੰਦੂਤਵ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਕਤਈ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਿਸ਼ਨ ਵਿਚ ਹਿੰਦੂਤਵ ਹੁਕਮਰਾਨਾਂ ਵੱਲੋਂ ਵਾਰ-ਵਾਰ ਖੜ੍ਹੀਆ ਕੀਤੀਆ ਜਾ ਰਹੀਆ ਮੁਸ਼ਕਿਲਾਂ ਸਿੱਖ ਕੌਮ ਲਈ ਅਸਹਿ ਹਨ । ਜਿਸਦੇ ਨਤੀਜੇ ਹੁਕਮਰਾਨਾਂ ਲਈ ਕਤਈ ਵੀ ਕਾਰਗਰ ਸਾਬਤ ਨਹੀਂ ਹੋਣਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮਾਂਤਰੀ ਪੱਧਰ ਤੇ ਇਹ ਹਿੰਦੂਤਵ ਫਿਰਕੂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਇਹ ਸੁਝਾਅ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਿਸ਼ਨ ਲਈ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਦਿਹਾੜੇ ਦੇ ਕੌਮਾਂਤਰੀ ਮਹੱਤਵ ਨੂੰ ਮੁੱਖ ਰੱਖਦੇ ਹੋਏ ਆਪਣੇ ਮਨ-ਆਤਮਾਵਾ ਵਿਚ ਪਣਪ ਰਹੀਆ ਸਿੱਖ ਵਿਰੋਧੀ ਵਿਚਾਰਾਂ ਨੂੰ ਇਮਾਨਦਾਰੀ ਨਾਲ ਕੱਢ ਦੇਣ ਅਤੇ ਇਸ ਮਿਸ਼ਨ ਨੂੰ ਸਹੀ ਤਰੀਕੇ ਪੂਰਨ ਹੋਣ ਦੇਣ ।