ਨਵੀਂ ਦਿੱਲੀ : ਹਰਿਆਣਾ ਸਰਕਾਰ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਸਿਵਲ ਸਰਵਿਸ ਪ੍ਰੀਖਿਆ ਦੇਣ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਨਵਾਂ ਹੁਕਮ ਜਾਰੀ ਕਰੇਗੀ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਹਰਿਆਣਾ ਸਿਵਲ ਸਰਵਿਸਿਜ਼ ਤੇ ਸਹਾਇਕ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਵਿਚ ਧਾਰਮਿਕ ਚਿੰਨ ਲੈ ਕੇ ਜਾਣ ’ਤੇ ਪਾਬੰਦੀ ਲਾਉਣ ਦੇ ਮਾਮਲੇ ’ਤੇ ਹਰਿਆਣਾ ਦੇ ਮੁੱਖ ਸਕੱਤਰ ਦਪਿੰਦਰ ਸਿੰਘ ਢੇਸੀ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਮੁੱਖ ਸਕੱਤਰ ਨੂੰ ਸਿੱਖ ਗੁਰੂ ਸਾਹਿਬਾਨ ਦੇ ਦੱਸੇ ਅਨੁਸਾਰ ਸਿੱਖਾਂ ਵੱਲੋਂ ਧਾਰਨ ਕੀਤੇ ਜਾਂਦੇ ਕਕਾਰਾਂ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸਿੱਖ ਵਿਦਿਆਰਥੀ ਕਿਸੇ ਵੀ ਕੀਮਤ ’ਤੇ ਇਹਨਾਂ ਨੂੰ ਛੱਡ ਨਹੀਂ ਸਕਦੇ। ਉਹਨਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਸਕੱਤਰ ਨੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਇਸ ਬਾਬਤ ਨਵਾਂ ਹੁਕਮ ਜਾਰੀ ਕਰ ਦਿੱਤਾ ਜਾਵੇਗਾ ਤੇ ਸਿੱਖ ਵਿਦਿਆਰਥੀਆਂ ਨੂੰ ਐਚ ਸੀ ਐਸ ਦੀ ਪ੍ਰੀਖਿਆ ਦੇਣ ਸਮੇਤੀ 5 ਸਿੱਖ ਕਕਾਰ ਧਾਰਨ ਕਰਨ ਤੋਂ ਨਹੀਂ ਰੋਕਿਆ ਜਾਵੇਗਾ।
ਡੀ ਐਸ ਜੀ ਐਮ ਸੀ ਦੇ ਮੁਖੀ ਨੇ ਆਪਣਾ ਨਿੱਜੀ ਮੋਬਾਈਲ ਨੰਬਰ ਵੀ ਜਨਤਕ ਤੌਰ ’ਤੇ ਜਾਰੀ ਕਰਦਿਆਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਇਸ ਬਾਬਤ ਕੋਈ ਮੁਸ਼ਕਿਲ ਆਉਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
ਇਥੇ ਦੱਸਣਯੋਗ ਹੈ ਕਿ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵੱਲੋਂ 31 ਮਾਰਚ ਨੂੰ ਐਚ ਸੀ ਐਸ ਤੇ ਸਹਾਇਕ ਸੇਵਾਵਾਂ ਦੀ ਪ੍ਰੀਖਿਆ ਲਈ ਜਾ ਰਹੀ ਹੈ। ਇਸ ਬਾਬਤ ਜਾਰੀ ਕੀਤੇ ਹੁਕਮਾਂ ਵਿਚ ਆਖਿਆ ਗਿਆ ਸੀ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰਾਂ ਦੇ ਧਾਰਮਿਕ ਚਿੰਨ ਲਿਜਾਣ ’ਤੇ ਪਾਬੰਦੀ ਹੋਵੇਗੀ। ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਡੀ ਐਸ ਜੀ ਐਮ ਸੀ ਅਤੇ ਐਸ ਜੀ ਪੀ ਸੀ ਨੇ ਇਸ ਹੁਕਮ ਦੇ ਖਿਲਾਫ ਰੋਸ ਪ੍ਰਗਟਾਇਆ ਸੀ ਕਿਉਕਿ ਇਹ ਸੰਵਿਧਾਨ ਵਿਚ ਦਿੱਤੇ ਅਧਿਕਾਰਾਂ ਦੀ ਉਲੰਘਣਾ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਹੁਣ ਉਹਨਾਂ ਨੇ ਮਾਮਲੇ ਹਰਿਆਣਾ ਦੇ ਮੁੱਖ ਸਕੱਤਰ ਕੋਲ ਚੁੱਕਿਆ ਹੈ ਤੇ ਉਹਨਾਂ ਦੇ ਭਰੋਸੇ ਮਗਰੋਂ ਇਹ ਮਸਲਾ ਹੱਲ ਹੋ ਗਿਆ ਹੈ ਤੇ ਸਿੱਖ ਵਿਦਿਆਰਥੀ ਹੁਣ ਪ੍ਰੀਖਿਆ ਵਿਚ ਆਪਣੇ ਕਕਾਰ ਲੈ ਕੇ ਜਾ ਸਕਦੇ ਹਨ। ਉਹਨਾਂ ਨੇ ਸਿੱਖ ਵਿਦਿਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਮਸਲਾ ਹੱਲ ਕਰਨ ਵਾਸਤੇ ਮੁੱਖ ਸਕੱਤਰ ਦਾ ਵੀ ਧੰਨਵਾਦ ਕੀਤਾ।