ਬ੍ਰਿਸਬੇਨ – ਕਲ੍ਹ ਸ਼੍ਰੋਮਣੀ ਕਮੇਟੀ ਨੇ 12 ਅਰਬ ਰੁਪਏ ਦਾ ਬਜਟ ਪਾਸ ਕੀਤਾ ਹੈ। ਕਰਤਾਰਪੁਰ ਲਾਂਘਾ ਅੰਦੋਲਨ ਦੇ ਮੋਢੀ ਬੀ. ਐਸ. ਗੁਰਾਇਆ ਨੇ ਗੰਭੀਰ ਇਲਜਾਮ ਲਾਉਦੇ ਹੋਏ, ਸੰਗਤਾਂ ਨੂੰ ਸੁਚੇਤ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੁਣ ਕੋਈ ਪੰਥਕ ਜਾਂ ਲੋਕਤੰਤਰੀ ਜਥੇਬੰਦੀ ਨਹੀ ਰਹਿ ਗਈ। ਉਨਾਂ ਕਿਹਾ ਹੈ ਕਿ ਕਮੇਟੀ ਫਿਰਕਾਪ੍ਰਸਤ ਸਰਕਾਰਾਂ ਦਾ ਮੋਹਰਾ ਬਣ ਚੁੱਕੀ ਹੈ ਤੇ ਚੁਣੇ ਹੋਏ ਨੁੰਮਾਇਦਿਆਂ ਦੀ ਕਮੇਟੀ ਵਿਚ ਕੋਈ ਵੁਕਤ ਨਹੀ। ਲੋਕਤੰਤਰੀ ਹੋਣ ਦਾ ਭੁਲੇਖਾ ਪਾਉਣ ਖਾਤਰ, ਸਾਲ ਵਿਚ ਸਿਰਫ ਇਕ ਦਿਨ ਸਿਰਫ ਦੋ ਚਾਰ ਘੰਟੇ ਲਈ, ਜਨਰਲ ਇਜਲਾਸ ਸੱਦਿਆ ਜਾਂਦਾ ਹੈ ਉਹ ਵੀ ਬਜੱਟ ਦੀ ਅਖੌਤੀ ਮਨਜੂਰੀ ਵਾਸਤੇ । ਅਕਾਲੀ ਦਲ ਦੇ ਪ੍ਰਧਾਨ (ਬਾਦਲ ਸਾਹਿਬ) ਦੀ ਸਹਿਮਤੀ ਨਾਲ ਕਮੇਟੀ ਤੇ ਅਸਲ ਕੰਟਰੋਲ ਭਾਰਤੀ ਗੁਪਤ ਅਜੈਂਸੀਆਂ ਤੇ ਆਰ ਐਸ ਐਸ ਦਾ ਹੈ । ਗੁਰਾਇਆ ਨੇ ਆਪਣੀ ਗਲ ਸਾਬਤ ਕਰਨ ਲਈ ਇਲਜਾਮਾਂ ਦੀ ਝੜੀ ਲਾ ਦਿਤੀ ਹੈ।
ਤਾਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਚੁੱਪ ਰਹਿਣ ਉਨਾਂ ਨੂੰ ਟੀ। ਏ /ਡੀ। ਏ ਦੇ ਨਾਂ ਤੇ (ਲੱਖਾਂ ਵਿਚ) ਮੋਟੀ ਰਕਮ ਮਨਜੂਰ ਕੀਤੀ ਜਾਂਦੀ ਹੈ। ਮੈਂਬਰਾਂ ਨੂੰ ਮੁਕਾਮੀ ਗੁਰਦੁਆਰਿਆਂ ਵਿਚ ਸੇਵਾਦਾਰ ਆਦਿ ਭਰਤੀ ਕਰਨ ਦਾ ਇਕ ਤਰਾਂ ਨਾਲ ਅਧਿਕਾਰ ਦਿਤਾ ਹੋਇਆ ਹੈ। ਜਿਸ ਦਾ ਨਤੀਜਾ ਇਹ ਹੈ ਕਿ ਇਕ ਪੋਸਟ ਤੇ ਕਿਤੇ ਕਿਤੇ ਪੰਜ ਸੇਵਾਦਾਰ ਤਾਇਨਾਤ ਹਨ।
ਇਸ ਪ੍ਰਕਾਰ ਮੈਂਬਰਾਂ ਨੂੰ ਚੁੱਪ ਕਰਾ ਕੇ ਸਿੱਖ ਰਵਾਇਤਾਂ ਦਾ ਹਰ ਤਰਾਂ ਨਾਲ ਘਾਣ ਕੀਤਾ ਜਾ ਰਿਹਾ ਹੈ।
ਗੁਰਾਇਆ ਦਾ ਇਲਜਾਮ ਹੈ ਕਿ ਗੁਪਤ ਅਜੈਂਸੀਆਂ ਦਾ ਮੁੱਖ ਅਜੈਂਡਾ ਹੈ ਸਿੱਖ ਧਰਮ ਨੂੰ ਹਿੰਦੂਮਤ ਵਿਚ ਜ਼ਜ਼ਬ ਕਰਨਾਂ ਅਤੇ ਏਸੇ ਵੱਡੇ ਪ੍ਰੋਗਰਾਮ ਤਹਿਤ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਜਾ ਰਿਹਾ ਹੈ।
ਸੈਕੂਲਰ ਸੰਵਿਧਾਨ ਵਾਲੇ ਭਾਰਤ ਦੀਆਂ ਸਰਕਾਰਾਂ ਦੇ ਇਸ ਨਾਪਾਕ ਅਜੈਂਡੇ ਵਿਚ ਅਖੌਤੀ ਮਿਸ਼ਨਰੀ (ਨਾਸਤਕ) ਸਹਾਈ ਹੋ ਰਹੇ ਹਨ। ਇਹ ਉਹ ਫੌਜ ਹੈ ਜੋ ਖਾਲਿਸਤਾਨ ਦੀ ਲਹਿਰ ਨੂੰ ਕਾਊਟਰ ਕਰਨ ਖਾਤਰ ਖੜੀ ਕੀਤੀ ਗਈ ਸੀ। ਪਰ ਅੱਜ ਇਹਨਾਂ ਨੂੰ ਸਿੱਖੀ ਖਿਲਾਫ ਵਰਤਿਆ ਜਾ ਰਿਹਾ ਹੈ। ਇਨਾਂ ਦਾ ਨਿਸ਼ਾਨਾ ਹੈ ਕਿ ਸਿੱਖਾਂ ਦੀਆਂ ਰਹੁ ਰੀਤਾਂ ਤੇ ਪ੍ਰੰਪਰਾਵਾਂ ਖਤਮ ਕਰ ਦਿਓ। ਸਿੱਧੇ ਲਫਜਾਂ ਵਿਚ ਇਹ ਸਿੱਖ ਦੇ ਗੁਰਬਾਣੀ ਨਿਤਨੇਮ ਦੇ ਵਿਰੋਧੀ ਹਨ। ਇਨਾਂ ਦਾ ਮੰਨਣਾ ਹੈ ਕਿ ਸਿੱਖ ਜਦੋਂ ਨਾਸਤਕ ਹੋ ਜਾਏਗਾ ਤਾਂ ਆਉਣ ਵਾਲੀਆ ਪੀੜੀਆਂ ਆਪਣੇ ਆਪ ਹਿੰਦੂਧਰਮ ਵਿਚ ਜ਼ਜ਼ਬ ਜੋ ਜਾਣਗੀਆਂ।
ਸ਼ੱਕ ਹੈ ਕਿ ਇਸ ਨਾਪਾਕ ਅਜੈਂਡੇ ਵਿਚ ਅਕਾਲੀ ਦਲ ਪ੍ਰਧਾਨ ਦੀ ਸਰਕਾਰ ਨੂੰ ਸਹਿਮਤੀ ਪ੍ਰਾਪਤ ਹੈ।
ਇਕ ਵਿਦਵਾਨ ਡਾ। ਸੁਖਦਰਸ਼ਨ ਸਿੰਘ ਢਿੱਲੋਂ ਅਨੁਸਾਰ ਸਿੱਖਾਂ ਨੂੰ ਹਿੰਦੂ ਬਣਾਉਣ ਦੀ ਸਾਜਿਸ਼ 5 ਸਾਲ ਪਹਿਲਾਂ ਦਿੱਲੀ ਵਿਚ ਰਚੀ ਗਈ ਜਿਸ ਵਿਚ ਬਾਦਲ ਸਾਹਿਬ ਵੀ ਸ਼ਾਮਲ ਸਨ।
ਫਿਰ ਏਸੇ ਅਸੂਲ ਤਹਿਤ ਰੋਜ ਰੋਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ। ਹਰ ਉਹ ਵਸਤੂ ਮਲੀਆਮੇਟ ਕੀਤੀ ਜਾ ਰਹੀ ਹੈ ਜਿਸ ਨਾਲ ਸਿੱਖ ਦੀ ਸ਼ਰਧਾ ਵਧਦੀ ਹੋਵੇ। ਗੁਰਦੁਆਰਿਆ ਵਿਚੋਂ ਪੁਰਾਤਨ ਯਾਦਗਾਰਾਂ ਖਤਮ ਕੀਤੀਆਂ ਜਾ ਰਹੀਆ ਹਨ। ਇਸ ਨਾਪਾਕ ਕੰਮ ਲਈ ਮੂਰਖ ਕਾਰਸੇਵਾ ਬਾਬਿਆਂ ਨੂੰ ਵਰਤਿਆ ਜਾ ਰਿਹਾ ਹੈ। ਇਹ ਬਾਬੇ ਨਾਲੇ ਤਾਂ ਸਰਕਾਰ ਦੇ ਅਜੈਂਡੇ ਵਿਚ ਸਹਾਈ ਹੋ ਰਹੇ ਹਨ, ਨਾਲੇ ਅਕਾਲੀ ਦਲ ਪ੍ਰਧਾਨ ਨੂੰ ਕ੍ਰੋੜਾਂ ਰੁਪਏ ਠੇਕਾ ਵੀ ਦੇ ਰਹੇ ਹਨ।
ਇਹ ਗਲਾਂ ਪੜ੍ਹ ਕੇ ਜੇ ਕੋਈ ਕਹੇ ਕਿ ਗੁਰਾਇਆ ਰਾਜਨੀਤਕ ਕਾਰਨਾਂ ਕਰਕੇ ਇਲਜਾਮਬਾਜੀ ਕਰ ਰਿਹਾ ਹੈ ਤਾਂ ਉਹ ਸਾਨੂੰ ਇਸ ਗਲ ਦਾ ਜਵਾਬ ਦੇਣ ਕਿ ਅੰਮ੍ਰਿਤਸਰ ਦਾ ਲੋਹਗੜ੍ਹ ਕਿਲ੍ਹਾ ਕਿਓ ਢਾਹਿਆ ਗਿਆ? ਉਹ ਲੋਹਗੜ੍ਹ ਜਿਹੜਾ ਸਿੱਖੀ ਦਾ ਪਹਿਲਾ ਕਿਲ੍ਹਾ ਸੀ ਜਿਥੇ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਲੱਕੜ ਦੀ ਤੋਪ ਚਲਾਈ ਸੀ। ਇਸ ਕਿਲੇ ਦੀਆਂ 8-8 ਫੁੱਟ ਚੌੜੀਆਂ ਕੰਧਾਂ ਸਨ। ਅੱਜ ਉਸ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਗਿਆ ਹੈ।
ਵਿਰਾਸਤ ਦੀ ਤਬਾਹੀ ਦੀ ਦਾਸਤਾਨ ਬਹੁਤ ਲੰਮੀ ਹੈ ਤੇ ਬਾਦਸਤੂਰ ਜਾਰੀ ਹੈ। ਅਜੇ ਕਲ੍ਹ ਹੀ ਤਰਨ ਤਾਰਨ ਦੀ ਪੁਰਾਤਨ ਡਿਉੜੀ ਅੱਧੀ ਰਾਤ ਨੂੰ ਪੁਲਿਸ ਦੀ ਮਦਦ ਨਾਲ ਢਾਈ ਗਈ ਹੈ।
ਫਿਰ ਖੁੱਦ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ (ਰਹਿਤਮਰਿਆਦਾ) ਅਨੁਸਾਰ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦਾ ਰੰਗ ਜਾਂ ਤਾਂ ਬਸੰਤੀ (ਭਾਵ ਖੱਟਾ) ਜਾਂ ਸੁਰਮਈ (ਭਾਵ ਗਾੜਾ ਨੀਲਾ) ਹੋਣਾ ਚਾਹੀਦਾ ਹੈ। ਪਰ ਕਮੇਟੀ ਦੇ ਕਿਸੇ ਵੀ ਗੁਰਦੁਆਰੇ ਵਲ ਧਿਆਨ ਮਾਰਨਾਂ ਓਥੇ ਕੇਸਰੀ ਭਾਵ ਭਗਵਾ ਜਾਂ ਸੈਫਰਨ ਨਿਸ਼ਾਨ ਸਾਹਿਬ ਝੂਲ ਰਿਹਾ ਹੋਵੇਗਾ। ਸ਼ਾਇਦ ਇਸ ਤੋਂ ਹੋਰ ਪ੍ਰਤੱਖ ਸਬੂਤ ਦੀ ਜਰੂਰਤ ਹੀ ਨਹੀ ਰਹਿ ਜਾਂਦੀ। ਇਸ ਤੋਂ ਵੱਡਾ ਵਿਅੰਗ ਕੀ ਹੋ ਸਕਦਾ ਹੈ ਕਿ 1935 ਈ ਦੇ ਨੇੜੇ ਖੁੱਦ ਸ਼੍ਰੋਮਣੀ ਕਮੇਟੀ ਨੇ ਕਾਂਗਰਸ ਦੀ ਇਸ ਗਲ ਤੇ ਮੁਖਾਲਫਤ ਕੀਤੀ ਕਿ ਭਾਰਤੀ ਝੰਡੇ ਵਿਚ ਸਿੱਖ ਰੰਗ ਨੂੰ ਥਾਂ ਨਹੀ ਦਿਤੀ ਗਈ।(ਵੇਖੋ ਸ਼੍ਰੋਮਣੀ ਕਮੇਟੀ ਦਾ ਇਤਹਾਸ-ਸ਼ਮਸ਼ੇਰ ਸਿੰਘ ਅਸ਼ੋਕ)। ਵਾਹ! ਅੱਜ ਕਮੇਟੀ ਨੇ ਆਪਣਾ ਰੰਗ ਹੀ ਕੇਸਰੀ ਕਰ ਲਿਆ।
ਅਜੇ ਕੁਝ ਹੀ ਮਹੀਨੇ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਅਖਬਾਰਾਂ ਵਿਚ ਲੇਖ ਲਿਖ ਕੇ ਦੱਸਿਆ ਕਿ ਸਾਡਾ ਨਿਸ਼ਾਨ ਸਾਹਿਬ ਬਸੰਤੀ ਹੈ। ਲਿਖਣ ਤੋਂ ਉਹਨਾਂ ਤਾਂ ਮਤਲਬ ਸੀ ਕਿ ਸਾਨੂੰ ਅਹਿਸਾਸ ਹੈ ਕਿ ਸਾਡਾ ਰੰਗ ਹੋਰ ਹੈ ਪਰ ਮਜਬੂਰੀ ਵਸ ਅਸੀ ਭਗਵਾ ਨਿਸ਼ਾਨ ਚੜ੍ਹਾ ਰਹੇ ਹਾਂ।