ਫ਼ਤਹਿਗੜ੍ਹ ਸਾਹਿਬ – “ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਥਿਤ ਇਤਿਹਾਸਿਕ ਦਰਸ਼ਨੀ ਡਿਊੜ੍ਹੀ ਦੇ ਗੁੰਬਦਾਂ ਅਤੇ ਹੋਰ ਇਮਾਰਤ ਨੂੰ ਰਾਤ ਦੇ 2:30 ਵਜੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਵੱਲੋਂ ਢਾਹੁਣ ਦੇ ਅਮਲ ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਮੌਜੂਦਾ ਬਾਦਲ ਦਲ ਦੇ ਆਗੂ ਐਸ.ਜੀ.ਪੀ.ਸੀ. ਦੇ ਅਧਿਕਾਰੀ ਅਤੇ ਕਾਰ ਸੇਵਾ ਵਾਲੇ ਬਾਬੇ ਇਕ ਹੋ ਕੇ ਆਰ.ਐਸ.ਐਸ, ਬੀਜੇਪੀ ਆਦਿ ਫਿਰਕੂ ਜਮਾਤਾਂ ਨੂੰ ਖੁਸ਼ ਕਰਨ ਹਿੱਤ ਸਿੱਖ ਕੌਮ ਦੀਆਂ ਮਹਾਨ ਯਾਦਗਰਾਂ ਨੂੰ ਇਕ ਸੋਚੀ ਸਮਝੀ ਸਾਜਿ਼ਸ ਅਧੀਨ ਤਹਿਸ-ਨਹਿਸ ਕਰਨ ਤੇ ਲੱਗੇ ਹੋਏ ਹਨ । ਤਰਨਤਾਰਨ ਵਿਖੇ ਦਰਸ਼ਨੀ ਡਿਊੜ੍ਹੀ ਨੂੰ ਢਾਹੁਣ ਦੇ ਅਮਲ ਬਿਲਕੁਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਤਰ੍ਹਾਂ ਹੀ ਹੈ, ਜਿਸਨੇ ਦੇਸ਼-ਵਿਦੇਸ਼ ਵਿਚ ਬੈਠੇ ਸਿੱਖ ਮਨਾਂ ਨੂੰ ਡੂੰਘੇ ਜਖ਼ਮ ਦਿੱਤੇ ਹਨ । ਅਜਿਹੀਆ ਯਾਦਗਰਾਂ ਅਤੇ ਸਿੱਖੀ ਨਿਸ਼ਾਨੀਆਂ ਨੂੰ ਖ਼ਤਮ ਕਰਨ ਦੇ ਅਮਲਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰੇਗੀ । ਇਸ ਲਈ ਇਸ ਸੰਬੰਧ ਵਿਚ ਅਗਲਾਂ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਸਮੁੱਚੀਆਂ ਵੱਖ-ਵੱਖ ਪੰਥਕ, ਸਮਾਜਿਕ, ਸਿਆਸੀ ਜਥੇਬੰਦੀਆਂ ਨਾਲ ਅਗਲੇ ਐਕਸ਼ਨ ਪ੍ਰੋਗਰਾਮ ਸੰਬੰਧੀ ਵਿਚਾਰ ਕਰਨ ਲਈ ਮਿਤੀ 02 ਅਪ੍ਰੈਲ 2019 ਨੂੰ ਗੁਰਦੁਆਰਾ ਨਨਕਿਆਣੀ ਸਾਹਿਬ (ਸੰਗਰੂਰ) ਵਿਖੇ ਬਾਅਦ ਦੁਪਹਿਰ 2 ਵਜੇ ਇਕੱਤਰਤਾ ਰੱਖੀ ਗਈ ਹੈ । ਸਿੱਖ ਕੌਮ ਨਾਲ ਸੰਬੰਧਤ ਦਲ ਖ਼ਾਲਸਾ, ਯੂਨਾਈਟਡ ਅਕਾਲੀ ਦਲ, ਅਕਾਲੀ ਦਲ 1920, ਅਕਾਲੀ ਦਲ ਟਕਸਾਲੀ, ਸੁਤੰਤਰ ਅਕਾਲੀ ਦਲ, ਸੁਖਮਨੀ ਸਾਹਿਬ ਸੁਸਾਇਟੀਆ, ਸਿੰਘ ਸਭਾਵਾਂ ਆਦਿ ਸਭਨਾਂ ਨੂੰ ਉਪਰੋਕਤ ਪੰਥਕ ਇਕੱਤਰਤਾ ਵਿਚ ਸਭ ਵਲਗਣਾਂ ਤੋਂ ਉਪਰ ਉੱਠਕੇ ਖੁੱਲ੍ਹੇ ਤੌਰ ਤੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਉਤੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਤਰ੍ਹਾਂ ਰਾਤੋ-ਰਾਤ ਇਮਾਰਤ ਨੂੰ ਢਾਹੁਣ ਦੀ ਅਤਿ ਦੁੱਖਦਾਇਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੰਬੰਧਤ ਦੋਸ਼ੀ ਧਿਰਾਂ ਕਾਰ ਸੇਵਾ ਵਾਲੇ ਬਾਬਿਆ, ਐਸ.ਜੀ.ਪੀ.ਸੀ. ਅਤੇ ਉਸ ਇਲਾਕੇ ਦੇ ਐਸ.ਜੀ.ਪੀ.ਸੀ. ਦੇ ਅਗਜੈਕਟਿਵ ਮੈਬਰਾਂ ਵਿਰੁੱਧ ਪ੍ਰਭਾਵਸ਼ਾਲੀ ਕੌਮੀ ਐਕਸ਼ਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਹ ਦੁਖਦਾਇਕ ਵਰਤਾਰਾ ਵਾਪਰਦੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਤਰਨਤਾਰਨ ਜਿ਼ਲ੍ਹੇ ਦੇ ਪ੍ਰਧਾਨ ਸ. ਕਰਮ ਸਿੰਘ ਭੋਈਆ ਦੀ ਅਗਵਾਈ ਹੇਠ ਸਿੱਖਾਂ ਨੇ ਇਕੱਤਰ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਉਸੇ ਸਮੇਂ ਧਰਨਾ ਸੁਰੂ ਕਰ ਦਿੱਤਾ ਸੀ ਅਤੇ ਨਿਰੰਤਰ ਕੌਮੀ ਮੰਗ ਨੂੰ ਪੂਰਨ ਹੋਣ ਤੱਕ ਜਾਰੀ ਰਹੇਗਾ । ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਸ. ਰਮਿੰਦਰਜੀਤ ਸਿੰਘ ਮਿੰਟੂ (ਯੂ.ਐਸ.ਏ.) ਪਾਰਟੀ ਦੇ ਫੈਸਲੇ ਅਨੁਸਾਰ ਇਸ ਸਾਰੇ ਰੋਸ ਧਰਨੇ ਦੀ ਰੂਪ-ਰੇਖਾ ਨੂੰ ਤਿਆਰ ਕਰਨ ਲਈ ਸਥਾਂਨ ਤੇ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਅੱਜ ਹੀ ਉਥੇ ਇਸ ਰੋਸ ਵਿਰੁੱਧ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਤੇ ਕੱਲ੍ਹ ਸੰਗਰੂਰ ਵਿਖੇ ਹੋਣ ਵਾਲੀ ਇਕੱਤਰਤਾ ਵਿਚ ਵੀ ਉਥੋਂ ਦੀ ਸਾਰੀ ਰਿਪੋਰਟ ਲੈਕੇ ਪਹੁੰਚਣਗੇ । ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਮਿੰਦਰਜੀਤ ਸਿੰਘ ਮਿੰਟੂ (ਯੂ.ਐਸ.ਏ.) ਅਤੇ ਸ. ਕਰਮ ਸਿੰਘ ਭੋਈਆ ਵੱਲੋਂ ਸਮੁੱਚੀਆ ਜਥੇਬੰਦੀਆਂ ਨੂੰ ਤਰਨਤਾਰਨ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਪਹੁੰਚਣ ਦੀ ਵੀ ਜੋਰਦਾਰ ਅਪੀਲ ਕੀਤੀ ਗਈ ਹੈ ।