ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਗਿਣਿਆਂ ਜਾਂਦਾ ਸੀ। ਜੇਕਰ ਇਹ ਕਹਿ ਲਈਏ ਕਿ ਸਿੱਖ ਅਤੇ ਅਕਾਲੀ ਸਿਆਸਤ ਦਾ ਟ੍ਰੇਨਿੰਗ ਸੈਂਟਰ ਹੁੰਦਾ ਸੀ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ। ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਕੰਮ ਕਰਨ ਤੋਂ ਬਾਅਦ ਨੌਜਵਾਨ ਸਿਆਸਤ ਵਿਚ ਪੈਰ ਧਰਦੇ ਸਨ। ਇਕ ਹੋਰ ਵੀ ਖ਼ੁਸ਼ੀ ਦੀ ਗੱਲ ਹੈ ਕਿ ਜਦੋਂ ਸਿੱਖ ਸਟੂਡੈਟਸ ਫੈਡਰੇਸ਼ਨ ਹੋਂਦ ਵਿਚ ਆਈ ਸੀ ਤਾਂ ਇਸਦੇ ਮੈਂਬਰ ਪੜ੍ਹ ਲਿਖਕੇ ਸੰਸਾਰ ਪੱਧਰ ਦੇ ਆਪੋ ਆਪਣੇ ਕਿਤਿਆਂ ਵਿਚ ਮਾਹਿਰ ਅਤੇ ਮਹੱਤਵਪੂਰਨ ਵਿਅਕਤੀ ਹੁੰਦੇ ਸਨ ਕਿਉਂਕਿ ਉਹ ਫੈਡਰੇਸ਼ਨ ਦੇ ਕੈਂਪਾਂ ਵਿਚ ਸਿੱਖੀ ਦੀ ਗੁੜ੍ਹਤੀ ਲੈਣ ਦੇ ਨਾਲ ਆਪਣੀ ਪੜ੍ਹਾਈ ਵਲ ਵੀ ਧਿਆਨ ਦਿੰਦੇ ਸਨ। ਉਨ੍ਹਾਂ ਦੇ ਦਿਮਾਗ ਵਿਚ ਕੋਈ ਲਾਲਸਾ ਨਹੀਂ ਹੁੰਦੀ ਸੀ। ਉਹ ਸਿੱਖ ਸਿਧਾਂਤ ਨੂੰ ਪਹਿਲ ਦਿੰਦੇ ਸਨ।
ਜਿਨ੍ਹਾਂ ਵਿਚ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਡਾ ਸ਼ਮਸ਼ੇਰ ਸਿੰਘ ਵਰਲਡ ਬੈਂਕ ਦੇ ਡਾਇਰੈਕਟਰ ਰਹੇ। ਡਾ ਸ਼ਮਸ਼ੇਰ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਦੇ ਪਹਿਲੇ ਵਿਦਿਆਰਥੀ ਸਨ। ਮਾਸਟਰ ਤਾਰਾ ਸਿੰਘ ਦੇ ਛੋਟੇ ਭਰਾ ਨਿਰੰਜਣ ਸਿੰਘ ਇਸ ਕਾਲਜ ਦੇ ਪਹਿਲੇ ਪ੍ਰਿੰਸੀਪਲ ਸਨ। ਬਲਦੇਵ ਸਿੰਘ ਅਮੀਰ ਵਿਅਕਤੀ ਸੀ ਉਨ੍ਹਾਂ ਨੇ ਇਹ ਕਾਲਜ ਇੱਕ ਲੱਖ ਰੁਪਏ ਦਾ ਦਾਨ ਦੇ ਕੇ ਸ਼ੁਰੂੁ ਕੀਤਾ ਸੀ। ਇਹ ਕਾਲਜ ਬਣਾਉਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਨੂੰ ਸਿਆਸਤ ਵਿਚ ਲਿਆਏ ਸਨ। ਸਰਦਾਰ ਸਰੂਪ ਸਿੰਘ ਜਾਣੇ ਪਹਿਚਾਣੇ ਸਿੱਖ ਵਿਦਵਾਨ ਅਤੇ ਸਿਆਸਤਦਾਨ ਰਹੇ ਹਨ। ਡਾ ਜਸਵੰਤ ਸਿੰਘ ਨੇਕੀ ਪੀ ਜੀ ਆਈ ਦੇ ਡਾਇਰੈਕਟਰ ਰਹੇ ਹਨ। ਅਮਰ ਸਿੰਘ ਅੰਬਾਲਵੀ ਅਤੇ ਗੰਗਾ ਸਿੰਘ ਢਿਲੋਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਪਾਕਿਸਤਾਨ ਵਿਚ ਜੇਕਰ ਗੁਰਦੁਆਰਾ ਸਾਹਿਬਾਨ ਬਰਕਰਾਰ ਹਨ ਤਾਂ ਇਸ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਗੰਗਾ ਸਿੰਘ ਢਿਲੋਂ ਦਾ ਹੈ। ਭਾਵੇਂ ਉਸ ਉਪਰ ਵੱਖਵਾਦੀ ਹੋਣ ਦਾ ਇਲਜ਼ਾਮ ਲੱਗਣ ਕਰਕੇ ਅਖੀਰੀ ਸਮੇਂ ਤੱਕ ਉਹ ਭਾਰਤ ਨਹੀਂ ਆ ਸਕਿਆ। ਡਾ ਸੰਤੋਖ ਸਿੰਘ ਵੀ ਵਰਲਡ ਬੈਂਕ ਦਾ ਡਾਇਰੈਕਟਰ ਰਿਹਾ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੰਬਰ 1920, ਸ਼ਰੋਮਣੀ ਅਕਾਲੀ ਦਲ ਦਸੰਬਰ 1920 ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਸੰਬਰ1944ਵਿਚ ਹੋਂਦ ਵਿਚ ਆਏ। ਇਨ੍ਹਾਂ ਤਿੰਨਾਂ ਦਾ ਮੰਤਵ ਸਿੱਖ ਧਰਮ ਦੀ ਰੱਖਿਆ, ਪ੍ਰਚਾਰ, ਪ੍ਰਸਾਰ ਅਤੇ ਫੈਲਾਓ ਕਰਨਾ ਸੀ। ਉਦੋਂ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਹੁੰਦੀ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪਹਿਲਾ ਇਜਲਾਸ ਮਾਰਚ1946 ਵਿਚ ਲਾਹੌਰ ਵਿਚ ਹੋਇਆ। ਇਸ ਇਜਲਾਸ ਦੀ ਪ੍ਰਧਾਨਗੀ ਮਾਸਟਰ ਤਾਰਾ ਸਿੰਘ ਨੇ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਉਜਲ ਸਿੰਘ ਨੇ ਅਦਾ ਕੀਤੀ ਸੀ। ਅਮਰ ਸਿੰਘ ਅੰਬਾਲਵੀ ਨੇ ਇਕ ਮਤਾ ਪੇਸ਼ ਕੀਤਾ, ਜਿਸ ਦਾ ਭਾਵ ਇਹ ਸੀ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੰਤਵ ਨੌਜਵਾਨਾ ਵਿਚ ਸਿੱਖੀ ਜ਼ਜਬਾ ਪ੍ਰਫੁਲਤ ਕਰਨਾ ਹੋਵੇਗਾ। ਇਸ ਮਤੇ ਦੀ ਤਾਈਦ ਸਵਰਨ ਸਿੰਘ ਨੇ ਕੀਤੀ ਜੋ ਬਾਅਦ ਵਿਚ ਦੇਸ਼ ਦੇ ਵਿਦੇਸ਼ ਮੰਤਰੀ ਬਣੇ ਸੀ। ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਵੀਫੈਡਰੇਸ਼ਨ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹੇ ਹਨ। ਕਹਿਣ ਤੋਂ ਭਾਵ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਨੇਤਾ ਹਮੇਸ਼ਾ ਫੈਡਰੇਸ਼ਨ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋ ਕੇ ਸਰਪਰਸਤੀ ਦਿੰਦੇ ਸਨ।
ਜਦੋਂ ਅਕਾਲੀ ਦਲ ਵਿਚ ਸਿਆਸੀ ਤਾਕਤ ਪ੍ਰਾਪਤ ਕਰਨ ਦੀ ਇੱਛਾ ਪ੍ਰਬਲ ਹੋ ਗਈ ਤਾਂ 1950 ਵਿਚ ਅਕਾਲੀ ਦਲ ਅਤੇ ਕਾਂਗਰਸ ਦਾ ਰਲੇਵਾਂ ਹੋ ਗਿਆ ਸੀ। ਇਸ ਲਈ ਅਕਾਲੀ ਦਲ ਦੇ ਨੁਮਾਇੰਦੇ 1957 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੀਆਂ ਟਿਕਟਾਂ ਤੇ ਲੜੇ ਸਨ। ਪਰਕਾਸ਼ ਸਿੰਘ ਬਾਦਲ ਵੀ ਪਹਿਲੀ ਵਿਧਾਨ ਸਭਾ ਦੀ ਚੋਣ ਕਾਂਗਰਸ ਦੇ ਟਿਕਟ ਤੇ ਲੜਿਆ ਸੀ। ਫੈਡਰੇਸ਼ਨ ਦੇ ਆਗੂ ਭਵਿਖ ਦੀ ਲੀਡਰਸ਼ਿਪ ਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਫੈਡਰੇਸ਼ਨ ਦੇ ਕੈਂਪਾਂ ਸਮੇਂ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦਿਆਂ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦਾ ਪਾਠ ਪੜ੍ਹਾਇਆ ਜਾਂਦਾ ਸੀ। ਅਲ੍ਹੜ ਉਮਰ ਦੀ ਸਿਖਿਆ ਸਥਾਈ ਬਣ ਜਾਂਦੀ ਸੀ, ਇਕ ਕਿਸਮ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਕਾਲੀ ਦਲ ਰਾਹੀਂ ਕਾਂਗਰਸ ਦੇ ਨੇਤਾ ਉਭਰਦੇ ਸਨ। ਅਕਾਲੀ ਦਲ ਦੇ ਨੇਤਾ ਤਾਂ ਆਉਂਦੇ ਹੀ ਫੈਡਰੇਸ਼ਨ ਰਾਹੀਂ ਸਨ। ਫੈਡਰੇਸ਼ਨ ਨੇ ਭਾਈ ਹਰਬੰਸ ਲਾਲ, ਭਾਨ ੍ਯਸਿੰਘ, ਉਮਰਾਓ ਸਿੰਘ, ਪ੍ਰੇਮ ਸਿੰਘ ਲਾਲਪੁਰਾ, ਯੋਗੀ ਭਜਨ ਸਿੰਘ, ਜਸਦੇਵ ਸਿੰਘ ਸੰਧੂ, ਪ੍ਰਿੰਸੀਪਲ ਭਰਪੂਰ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ ਮਿਨਹਾਸ, ਅਮਰਜੀਤ ਸਿੰਘ ਆਹਲੂਵਾਲੀਆ, ਤਰਲੋਚਨ ਸਿੰਘ, ਪ੍ਰਿੰਸੀਪਲ ਗੁਰਸੇਵਕ ਸਿੰਘ ਅਤੇ ਬੀਰਦਵਿੰਦਰ ਸਿੰਘ ਵਰਗੇ ਸਿੱਖ ਜੁਝਾਰੂ ਸਿਆਸਤਦਾਨ ਅਤੇ ਵਿਦਵਾਨ ਪੈਦਾ ਕੀਤੇ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਹੁਣ ਅਕਾਲੀ ਦਲ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਦਰ ਕਿਨਾਰ ਕਰਕੇ ਵਿਦਿਆਰਥੀਆਂ ਦੀ ਜਥੇਬੰਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਸਥਾਪਤ ਕਰ ਲਈ ਹੈ। ਸਕੂਲਾਂ ਅਤੇ ਕਾਲਜਾਂ ਵਿਚੋਂ ਫੈਡਰੇਸ਼ਨ ਦੀਆਂ ਸਰਗਰਮੀਆਂ ਗਾਇਬ ਹੋ ਗਈਆਂ ਹਨ। ਵੈਸੇ ਤਾਂ ਅਕਾਲੀ ਦਲ ਹੀ ਕਈ ਬਣ ਗਏ ਹਨ, ਉਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮਾਣਤਾ ਨਹੀਂ ਦਿੱਤੀ।
ਸ਼ਰੋਮਣੀ ਅਕਾਲੀ ਦਲ ਬਾਦਲ, ਜਿਹੜਾ ਪੰਜਾਬ ਵਿਚ 10 ਸਾਲ ਲਗਾਤਾਰ ਰਾਜਭਾਗ ਵੀ ਚਲਾਉਂਦਾ ਰਿਹਾ ਹੈ, ਉਸਨੇ ਤਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਥਾਂ ਤੇ ਇਕ ਨਵੀਂ ਸੰਸਥਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੀਆਂ ਇਕਾਈਆਂ ਬਣਾ ਲਈਆਂ ਹਨ। ਅਕਾਲੀ ਦਲ ਆਪਣੇ ਮੁਢਲੇ ਅਸੂਲ ਤੋਂ ਹੀ ਮੁਨਕਰ ਹੋ ਗਿਆ ਕਿਉਂਕਿ ਅਕਾਲੀ ਦਲ ਗੁਰਦੁਆਰਾ ਸਾਹਿਬਾਨ ਦੀ ਵੇਖ ਭਾਲ ਕਰਨ ਲਈ ਬਣਿਆ ਸੀ। ਅਕਾਲੀ ਦਲ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਿਸ਼ਾਨੇ ਨੂੰ ਤਿਲਾਂਜਲੀ ਦੇ ਕੇ ਸਿਰਫ ਰਾਜ ਭਾਗ ਪ੍ਰਾਪਤ ਕਰਨ ਦੀ ਲਾਲਸਾ ਨੂੰ ਮੁੱਖ ਰੱਖਦਿਆਂ ਮੋਗਾ ਵਿਖੇ 1997 ਵਿਚ ਸਿਆਸੀ ਕਾਨਫਰੰਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲਿਆ। ਇਸ ਵਿਚ ਗ਼ੈਰ ਸਿੱਖਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਮੁੱਖ ਅਹੁਦੇ ਗ਼ੈਰ ਸਿੱਖਾਂ ਨੂੰ ਦਿੱਤੇ ਗਏ ਹਨ। ਵਿਧਾਨਕਾਰ ਅਤੇ ਸੰਸਦ ਦੇ ਮੈਂਬਰ ਗ਼ੈਰ ਸਿੱਖ ਬਣਾ ਦਿੱਤੇ ਗਏ ਹਨ। ਗ਼ੈਰ ਸਿੱਖਾਂ ਨੂੰ ਮੈਂਬਰ ਬਣਾਉਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਉਨ੍ਹਾਂ ਨੂੰ ਸਿੱਖ ਧਰਮ ਦੇ ਅਸੂਲਾਂ ਤੇ ਚਲਣਾ ਚਾਹੀਦਾ ਹੈ। ਅਕਾਲੀ ਦਲ ਵਿਚਲੇ ਗ਼ੈਰ ਸਿੱਖ ਨੇਤਾ ਤਾਂ ਕਿਸੇ ਹੋਰ ਸਿਆਸੀ ਪਾਰਟਂ ਦੇ ਵਿੰਗ ਦੇ ਨੁਮਾਇੰਦਿਆਂ ਦੇ ਤੌਰ ਤੇ ਵਿਚਰਕੇ ਅਕਾਲੀ ਦਲ ਦਾ ਸਤਿਆਨਾਸ ਕਰ ਰਹੇ ਹਨ। ਟਕਸਾਲੀ ਅਕਾਲੀਆਂ ਨੂੰ ਤਾਂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਮੁੱਢਲੇ ਤੌਰ ਤੇ ਅਕਾਲੀ ਦਲ ਇਕ ਸਿੱਖ ਧਾਰਮਿਕ ਅਕੀਦੇ ਵਾਲੀ ਪਾਰਟੀ ਹੈ। ਹੁਣ ਤਾਂ ਇਸਦਾ ਸਰੂਪ ਹੀ ਬਦਲ ਦਿੱਤਾ ਗਿਆ ਹੈ। ਤੁਸੀਂ ਉਨ੍ਹਾਂ ਕੋਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਕੀ ਉਮੀਦ ਕਰ ਸਕਦੇ ਹੋ? ਜਦੋਂ ਧਰਮ ਉਪਰ ਸਿਆਸਤ ਭਾਰੂ ਹੋ ਜਾਵੇ ਫਿਰ ਤਾਂ ਧਰਮ ਦਾ ਵਾਹਿਗੁਰੂ ਹੀ ਰਾਖਾ ਹੈ।
ਮੀਰੀ ਤੇ ਪੀਰੀ ਦੇ ਸੰਕਲਪ ਦਾ ਮੰਤਵ ਛੇਵੇਂ ਗੁਰੂ ਸਾਹਿਬ ਨੇ ਇਸ ਕਰਕੇ ਦਿੱਤਾ ਸੀ ਕਿ ਸਿਆਸੀ ਤਾਕਤ ਸਿੱਖ ਧਰਮ ਨੂੰ ਆਂਚ ਨਹੀਂ ਆਉਣ ਦੇਵੇਗੀ ਅਤੇ ਸਿਧਾਂਤਾਂ ਤੇ ਪਹਿਰਾ ਦੇਵੇਗੀ। ਵਰਤਮਾਨ ਸਥਿਤੀ ਵਿਚ ਸਾਰਾ ਕੁਝ ਹੀ ਉਲਟਾ ਪੁਲਟਾ ਹੋ ਗਿਆ ਹੈ। ਧਰਮ ਨੂੰ ਸਿਆਸੀ ਤਾਕਤ ਹਾਸਲ ਕਰਨ ਲਈ ਵਰਤਿਆ ਜਾ ਰਿਹਾ ਹੈ। ਅਕਾਲੀ ਦਲ ਧਰਮ ਨੂੰ ਸਿਰਫ ਸਿਆਸੀ ਤਾਕਤ ਲਈ ਵਰਤਦਾ ਹੈ। ਧਰਮ ਦੀ ਵਿਚਾਰਧਾਰਾ ਤੇ ਪਹਿਰਾ ਨਹੀਂ ਦੇ ਰਿਹਾ। ਇਸ ਨੁਕਤੇ ਨੂੰ ਗੰਭੀਰਤਾ ਨਾਲ ਵਿਚਾਰਨਾ ਪਵੇਗਾ। ਕੋਈ ਸਮਾਂ ਹੁੰਦਾ ਸੀ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਹੁਦੇਦਾਰ ਅਤੇ ਕਾਰਕੁਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਧਾਰਮਿਕ ਪ੍ਰੋਗਰਾਮਾ ਦੀ ਰੂਪ ਰੇਖਾ ਫੈਡਰੇਸ਼ਨ ਦੇ ਮੋਹਤਵਰ ਲੋਕ ਉਲੀਕਦੇ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਸਨ। ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਸਿੱਖ ਸਟੂਡੈਂਟਸ ਫੈਡਰਸ਼ਨ ਨੂੰ ਆਪਣੀ ਸ਼ਰੀਕ ਸਮਝਣ ਲੱਗ ਪਿਆ ਹੈ ਕਿਉਂਕਿ ਅੱਸੀਵਿਆਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਭਾਈ ਅਮਰੀਕ ਸਿੰਘ ਦੀ ਪ੍ਰਧਾਨਗੀ ਸਮੇਂ ਅਕਾਲੀ ਦਲ ਉਪਰ ਭਾਰੂ ਪੈਣ ਲੱਗ ਪਈ ਸੀ।
ਫੈਡਰੇਸ਼ਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਵੀ ਕਾਫੀ ਨੇੜੇ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਸੇ ਡਰ ਕਰਕੇ ਅਕਾਲੀ ਦਲ ਨੇ ਫੈਡਰੇਸ਼ਨ ਤੋਂ ਕਿਨਾਰਾ ਕਰ ਲਿਆ ਹੈ। ਬਲਿਊ ਸਟਾਰ ਅਪ੍ਰੇਸ਼ਨ ਕਰਵਾਉਣ ਬਾਰੇ ਅਕਾਲੀ ਦਲ ਦੇ ਨੇਤਾਵਾਂ ਵਲ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਲੰਮਾ ਸਮਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਸਮੇਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ ਸਾਰੀਆਂ ਦੇ ਪ੍ਰੋਗਰਾਮਾ ਦੀ ਰੂਪ ਰੇਖਾ ਪ੍ਰਿੰਸੀਪਲ ਭਰਪੂਰ ਸਿੰਘ ਅਤੇ ਪ੍ਰਿੰਸੀਪਲ ਸਤਿਬੀਰ ਸਿੰਘ ਬਣਾਉਂਦੇ ਰਹੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੇ ਕਾਰਕੁਨ ਇਤਨੇ ਵਿਦਵਾਨ ਹੋਏ ਹਨ। ਇਹੋ ਅਹੁਦੇਦਾਰ ਸ਼ਰੋਮਣੀ ਅਕਾਲੀ ਦਲ ਦੇ ਨੇਤਾ ਬਣਦੇ ਰਹੇ। ਬਲਿਊਸਟਾਰ ਅਪ੍ਰੇਸ਼ਨ ਜੂਨ1984 ਤੱਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਬੋਲਬਾਲਾ ਰਿਹਾ। ਭਾਈ ਅਮਰੀਕ ਸਿੰਘ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਤਾਕਤਵਰ ਆਖਰੀ ਪ੍ਰਧਾਨ ਰਿਹਾ ਹੈ, ਜਿਹੜੇ ਬਲਿਊਸਟਾਰ ਅਪ੍ਰੇਸ਼ਨ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਹੀਦ ਹੋ ਗਏ ਸਨ। ਭਾਵੇਂ ਉਨ੍ਹਾਂ ਤੋਂ ਬਾਅਦ ਵੀ ਫੈਡਰੇਸ਼ਨ ਥੋੜ੍ਹੀ ਬਹੁਤੀ ਸਰਗਰਮ ਰਹੀ ਪ੍ਰੰਤੂ ਅਕਾਲੀ ਦਲ ਨੇ ਫੈਡਰੇਸ਼ਨ ਨੂੰ ਆਪਣਾਉਣ ਤੋਂ ਹੀ ਕੰਨੀ ਕਤਰਾਉਣਾ ਸ਼ੁਰੂ ਕਰ ਦਿੱਤਾ। ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੋਂ ਡਰਦਿਆਂ ਅਕਾਲੀ ਦਲ ਨੇ ਫੈਡਰੇਸ਼ਨ ਦੀ ਥਾਂ ਨਵੀਂ ਜਥੇਬੰਦੀ ਬਣਾਕੇ ਫੈਡਰੇਸ਼ਨ ਨੂੰ ਅਣਡਿਠ ਕੀਤਾ ਹੈ। ਸਿੱਖ ਨੌਜਵਾਨਾ ਦੀ ਪਨੀਰੀ ਵਿਚ ਪਤਿਤਪੁਣਾ ਆਉਣ ਦੀ ਮੁੱਖ ਤੌਰ ਤੇ ਜ਼ਿੰਮੇਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਨੇਤਾ ਹਨ, ਜਿਨ੍ਹਾਂ ਆਪਣੀ ਮੁੱਖ ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ ਹੈ। ਇਥੋਂ ਤੱਕ ਕਿ ਇਨ੍ਹਾਂ ਨੇਤਾਵਾਂ ਦੇ ਪਰਿਵਾਰਾਂ ਦੇ ਮੈਂਬਰ ਵੀ ਪਤਿਤ ਹਨ।
ਸਤੰਬਰ2018 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਅਹੁਦੇਦਾਰਾਂ ਅਤੇ ਕੁਝ ਸਿੱਖ ਵਿਦਵਾਨਾਂ ਨੇ ਇਕੱਠੇ ਹੋ ਕੇ ਫੈਡਰੇਸ਼ਨ ਦੇ ਭਵਿਖ ਬਾਰੇ ਪਰੀਚਰਚਾ ਕੀਤੀ ਸੀ। ਸ਼ੁਰੂਆਤ ਚੰਗੀ ਹੈ ਇਸ ਲਈ ਜੇਕਰ ਸਿੱਖ ਵਿਦਵਾਨ ਅਤੇ ਸਿੱਖ ਬੁੱਧੀਜੀਵੀ ਸਿੱਖੀ ਦਾ ਭਲਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਵਿਖ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਹੋਰ ਸੰਬਾਦ ਕਰਨਾ ਹੋਵੇਗਾ । ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਸਿੱਖ ਨਾ ਸੰਭਲੇ ਤਾਂ ਪਤਿਤਪੁਣੇ ਅਤੇ ਗਿਰਾਵਟ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਅਕਾਲੀ ਦਲ ਨੇ ਤਾਂ ਸਿਆਸੀ ਤਾਕਤ ਦੇ ਲਾਲਚ ਵਿਚ ਆਪਣੇ ਆਪ ਨੂੰ ਪੰਜਾਬੀ ਪਾਰਟੀ ਬਣਾ ਲਿਆ ਹੈ। ਹੁਣ ਅਕਾਲੀ ਦਲ ਤਾਂ ਨਾਮ ਦਾ ਹੀ ਹੈ, ਇਸ ਦੇ ਪਿਛੇ ਹੋਰ ਸਿਆਸੀ ਤਾਕਤਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀ ਭਾਈਵਾਲੀ ਨਾਲ ਅਕਾਲੀ ਦਲ ਸਰਕਾਰਾਂ ਬਣਾ ਰਿਹਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ