ਲੰਡਨ, (ਮਨਦੀਪ ਖੁਰਮੀ) – ਰਾਜਨੀਤਕ ਪਾਰਟੀਆਂ ਦੇ ਆਗੂ ਜਾਂ ਸਮਰਥਕ ਆਪਣੀ ਪਸੰਦੀਦਾ ਪਾਰਟੀ ਦੇ ਹੱਕ ਵਿੱਚ ਭੁਗਤਦੇ ਬਹੁਤ ਦੇਖੇ ਹੋਣਗੇ ਪਰ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਵੱਖੋ ਵੱਖਰੀਆਂ ਪਾਰਟੀਆਂ ਦੇ ਸੁਭਚਿੰਤਕ ਵੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਨਿੱਤਰ ਰਹੇ ਹਨ। ਜਿਕਰਯੋਗ ਹੈ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਬਦਲੇ ਰਾਖ ਬਣਾ ਦਿੱਤੇ ਗਏ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਇਸ ਫੈਸਲੇ ਨਾਲ ਜਿੱਥੇ ਵੱਖ ਵੱਖ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਮੋਰਚੇ ਦੇ ਆਗੂਆਂ ਦਾ ਮੋਢਾ ਥਾਪੜਿਆ ਜਾ ਰਿਹਾ ਹੈ, ਉੱਥੇ ਸ੍ਰ: ਖਾਲੜਾ ਦੇ ਨਿਸ਼ਕਾਮ ਕਾਰਜਾਂ ਅਤੇ ਸ਼ਹਾਦਤ ਨੂੰ ਯਾਦ ਰੱਖਣ ਵਾਲੇ ਲੋਕ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਆਪ ਮੁਹਾਰੇ ਬੀਬੀ ਖਾਲੜਾ ਦੇ ਸਮਰਥਨ ਵਿੱਚ ਹਲਕੇ ਦੇ ਲੋਕਾਂ ਨੂੰ ਬੇਨਤੀਆਂ ਕਰ ਰਹੇ ਹਨ। ਇੰਗਲੈਂਡ ਦੇ ਸ਼ਹਿਰ ਗ੍ਰੇਵਜੈਂਡ ਵਸਦੇ ਨੌਜਵਾਨ ਆਗੂ ਗੁਰਤੇਜ ਸਿੰਘ ਪੰਨੂੰ ਨਾ ਸਿਰਫ ਪਹਿਲਾਂ ਅਕਾਲੀ ਦਲ (ਬ) ਦੇ ਸਮਰਥਕ ਸਨ ਸਗੋਂ ਹੁਣ ਨਵੇਂ ਬਣੇ ਟਕਸਾਲੀ ਅਕਾਲੀ ਦਲ ਦੇ ਵੀ ਨੇੜੇ ਸਨ। ਉਹਨਾਂ ਰਾਜਨੀਤਕ ਆਗੂਆਂ ਨਾਲ ਲਿਹਾਜਬਾਜ਼ੀ ਨੂੰ ਪਾਸੇ ਰੱਖ ਕੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੋਈ ਹੈ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਪੰਨੂੰ ਨੇ ਕਿਹਾ ਕਿ ਲਾਸ਼ਾਂ ਵਿੱਚ ਤਬਦੀਲ ਕਰ ਦਿੱਤੇ ਗਏ ਪੰਜਾਬ ਦੇ ਪੁੱਤ ਚਾਹੇ ਸਿੱਖ ਸਨ ਜਾਂ ਗੈਰ ਸਿੱਖ, ਪਰ ਸ੍ਰ: ਜਸਵੰਤ ਸਿੰਘ ਖਾਲੜਾ ਨੇ ਉਹਨਾਂ ਨੂੰ ਪੰਜਾਬ ਦੇ ਪੁੱਤ ਸਮਝ ਕੇ ਉਹਨਾਂ ਦੇ ਹੱਕ ਵਿੱਚ ਨਿੱਤਰੇ। ਉਹਨਾਂ ਨੇ ਗੁਆਚੇ ਪੁੱਤਾਂ ਦੇ ਮੁੜ ਪਰਤ ਆਉਣ ਦੀ ਉਡੀਕ ਵਿੱਚ ਬੈਠੇ ਮਾਪਿਆਂ ਨੂੰ ਇਨਸਾਫ ਦੁਆਉਣ ਲਈ ਹੀ ਆਪਣੇ ਐਸ਼ੋ-ਆਰਾਮ ਨੂੰ ਤਿਲਾਂਜਲੀ ਦਿੱਤੀ ਸੀ। ਮਾਨਵੀ ਅਧਿਕਾਰਾਂ ਦੀ ਰਾਖੀ ਹਿਤ ਹੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਦਾ ਸਦਾ ਲਈ ਚਿੱਟੀ ਚੁੰਨੀ ਨਾਲ ਸਿਰ ਢਕਣਾ ਪਿਆ। ਉਹਨਾਂ ਕਿਹਾ ਕਿ ਬੇਸ਼ੱਕ ਹੁਣ ਤੱਕ ਵੱਖ ਵੱਖ ਪਾਰਟੀਆਂ ਅਜਿਹੇ ਮਸਲਿਆਂ ਉੱਪਰ ਸਿਆਸਤ ਖੇਡਦੀਆਂ ਆਈਆਂ ਹਨ ਪਰ ਅੱਜ ਤੱਕ ਖਾਲੜਾ ਪਰਿਵਾਰ ਨੂੰ ਅੱਗੇ ਨਾ ਆਉਣ ਦਿੱਤਾ ਗਿਆ। ਮੋਰਚੇ ਦੀ ਸਮੁੱਚੀ ਲੀਡਰਸਿਪ ਇਸ ਫੈਸਲੇ ਲਈ ਵਧਾਈ ਦੀ ਪਾਤਰ ਹੈ। ਸਾਡਾ ਸਮੂਹ ਪੰਜਾਬੀਆਂ ਦਾ ਫਰਜ਼ ਬਣਦੈ ਕਿ ਉਹ ਖਡੂਰ ਸਾਹਿਬ ਹਲਕੇ ਅੰਦਰ ਵਸਦੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਕੇ ਬੀਬੀ ਖਾਲੜਾ ਦੇ ਹੱਕ ਵਿੱਚ ਨਿੱਤਰਨ ਦੀ ਅਪੀਲ ਕਰਨ।