ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਿਆਨਾਂ ‘ਤੇ ਜੈ ਮਾਤਾ ਦੀ ਲਿਖੀਆਂ ਹੋਈਆਂ ਸ੍ਰੀ ਸਾਹਿਬਾਂ ( ਕ੍ਰਿਪਾਨਾਂ ) ਦੀ ਬਜਾਰਾਂ ਵਿਚ ਹੋ ਰਹੀ ਵਿਕਰੀ ‘ਤੇ ਸਖਤ ਇਤਰਾਜ ਜਤਾਉਦਿਆਂ ਇਸ ਨੂੰ ਸਿੱਖ ਧਰਮ ‘ਤੇ ਹਮਲਾ ਕਰਾਰ ਦਿਤਾ ਹੈ। ਉਹਨਾਂ ਕਿਹਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਉਕਤ ਮਾਮਲਾ ਸਾਹਮਣੇ ਆਉਣ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ। ਉਹਨਾਂ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਕਤ ਸੰਵੇਦਨਸ਼ੀਲ ਮਾਮਲੇ ਪ੍ਰਤੀ ਸਖਤ ਨੋਟਿਸ ਲੈਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਾਉਣ ਦੀ ਅਪੀਲ ਕੀਤੀ ਹੈ। ਉਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਅਤੇ ਹੋਰਨਾਂ ਗੁਰਧਾਮਾਂ ਧਾਰਮਿਕ ਅਸਥਾਨਾਂ ‘ਤੇ ਅਜਿਹੀਆਂ ਕ੍ਰਿਪਾਨਾਂ ਸ੍ਰੀ ਸਾਹਿਬਾਂ ਦੀ ਵਿਕਰੀ ਹੋਣੀ ਗਹਿਰੀ ਬਾਜ਼ਿਸ਼ ਅਤੇ ਚਿੰਤਾ ਦਾ ਵਿਸ਼ਾ ਹੈ। ਉਹਨਾਂ ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਬਣਾਈ ਰਖਣ ਲਈ ਜੈ ਮਾਤਾ ਦੀ ਲਿਖੀਆਂ ਕ੍ਰਿਪਾਨਾਂ ਨੂੰ ਤੁਰਤ ਜਬਤ ਕਰਨ ਅਤੇ ਅਮ੍ਰਿਤਧਾਰੀ ਸਿੱਖਾਂ ਦੇ ਗਲਾਂ ‘ਚ ਜੈਮਾਤਾ ਦੀ ਲਿਖੀਆਂ ਹੋਈਆਂ ਕ੍ਰਿਪਾਨਾਂ ਪਵਾਉਣ ਦੀ ਸਾਜ਼ਿਸ਼ ਪਿਛੇ ਕੰਮ ਕਰ ਰਹੀਆਂ ਪੰਥ ਦੋਖੀ ਤਾਕਤਾਂ ਦਾ ਪ੍ਰਦਾਫਾਸ਼ ਕਰਨ ਦੀ ਵੀ ਸਰਕਾਰ ਤੋਂ ਮੰਗ ਕੀਤੀ। ਉਹਨਾਂ ਸਖਤ ਰੋਸ ਦੇ ਲਹਿਜੇ ਨਾਲ ਕਿਹਾ ਕਿ ਭੰਗਵਾਂਕਰਨ ਸਿੱਖੀ ਕਕਾਰਾਂ ਉਤੇ ਲਿਆਉਣ ਨੂੰ ਪੰਥ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸਿਖ ਵਖਰੀ ਕੌਮ ਹੈ ਅਤੇ ਖਾਲਸਾ ਇਕ ਅਕਾਲ ਪੁਰਖ ਦਾ ਉਪਾਸ਼ਕ ਹੈ, ਜਿਸ ਦਾ ਕਿਸੇ ਦੇਵੀ ਦੇਵਤੇ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਚਿਤਾਵਨੀ ਦਿਤੀ ਕਿ ਸਿੱਖ ਵਿਰੋਧੀ ਸ਼ਰਾਰਤੀ ਲਾਬੀ ਅਜਿਹੀਆਂ ਹਰਕਤਾਂ ਨਾਲ ਸਿੱਖ ਕੌਮ ਨੂੰ ਵੰਗਾਰਨਾ ਬੰਦ ਕਰੇ। ਉਹਨਾਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਨੂੰ ਉਕਤ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
ਕਕਾਰਾਂ ‘ਤੇ ਭਗਵਾਂਕਰਨ ਗਹਿਰੀ ਸਾਜ਼ਿਸ਼ ਤਹਿਤ ਸਿੱਖੀ ‘ਤੇ ਹਮਲਾ : ਮੁੱਖੀ ਦਮਦਮੀ ਟਕਸਾਲ
This entry was posted in ਪੰਜਾਬ.