ਪਟਿਆਲਾ :- ਪੰਜਾਬ ਦੀਆਂ ਇੱਕ ਦਰਜਨ ਤੋਂ ਵੱਧ ਸਵੈ ਸੇਵੀ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ਸਿੰਘ ਸਭਾਵਾਂ, ਸੁਖਮਣੀ ਸਾਹਿਬ ਸੋਸਾਇਟੀਆਂ ਅਤੇ ਪ੍ਰਸਿੱਧ ਸਿੱਖ ਵਿਦਵਾਨਾਂ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਰਲਡ ਪੰਜਾਬੀ ਸੈਂਟਰ ਵਿਖੇ ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਦੀ ਪ੍ਰਧਾਨਗੀ ਹੇਠ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ, ਜਿਸ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਗਈ ਹੈ ਕਿ ਨਾਮਵਰ ਸਿੱਖ ਵਿਦਵਾਨ, ਸਫ਼ਲ ਵਾਰਤਕਾਰ, ਖੋਜੀ ਸਾਹਿਤਕਾਰ, ਸ਼ਿਰੋਮਣੀ ਪੱਤਰਕਾਰ ਅਤੇ ਗੁਰਮਤਿ ਦੇ ਅਚਾਰੀਆ ਗਿਆਨੀ ਗੁਰਦਿਤ ਸਿੰਘ ਦੀਆਂ ਸਿੱਖ ਕੌਮ ‘ਤੇ ਪੰਜਾਬੀ ਬੋਲੀ ਪ੍ਰਤੀ ਕੀਤੀਆਂ ਗਈਆਂ ਸ਼ਾਨਦਾਰ ‘ਤੇ ਅਦੁੱਤੀ ਸੇਵਾਵਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੀ ਤਸਵੀਰ ਪੋਰਟਰੇਟ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲ ਦੇ ਆਧਾਰ ਲਾਉਣ ਵਾਸਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਹ ਮਤਾ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਨੇ ਪੇਸ਼ ਕੀਤਾ। ਇਸ ਮਤੇ ਦੀ ਤਾਈਦ ਕਰਦਿਆਂ ਡਾ ਬਲਕਾਰ ਸਿੰਘ ਨੇ ਕਿਹਾ ਕਿ ਸਿੱਖ ਜਗਤ ਗਿਆਨੀ ਗੁਰਦਿੱਤ ਸਿੰਘ ਦੇ ਯੋਗਦਾਨ ਨੂੰ ਕਦੀਂ ਵੀ ਭੁਲਾ ਨਹੀਂ ਸਕਦਾ। ਉਨ੍ਹਾਂ ਅੱਗੋਂ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਨੇ ਪੰਜਾਬੀ ਵਿਰਾਸਤ ਨੂੰ ਆਪਣੀ ਸ਼ਾਹਕਾਰ ਪੁਸਤਕ ਮੇਰਾ ਪਿੰਡ ਵਿਚ ਦ੍ਰਿਸ਼ਟਾਂਤਕ ਢੰਗ ਨਾਲ ਲਿਖਕੇ ਸਾਡੇ ਅਮੀਰ ਵਿਰਸੇ ਨੂੰ ਸਥਾਈ ਤੌਰ ਸਾਂਭ ਲਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਗਾਉਣ ਨਾਲ ਕਮੇਟੀ ਖੁਦ ਵੀ ਸਨਮਾਨਤ ਹੋਵੇਗੀ ਅਤੇ ਇਹ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਉਤਸਵ ਦੇ ਸਾਲ ਵਿਚ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮਤੇ ਦੀ ਤਾਈਦ ਕਰਦਿਆਂ ਪ੍ਰਸਿੱਧ ਪੰਜਾਬੀ ਸ਼ਿਰੋਮਣੀ ਕਵੀ ਪ੍ਰੋ ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਗਿਆਨੀ ਗੁਰਦਿੱਤ ਸਿੰਘ ਦੇ ਗੁਰਮਤਿ ਅਤੇ ਪੰਜਾਬੀ ਬੋਲੀ ਦੇ ਯੋਗਦਾਨ ਨੂੰ ਕਦੀਂ ਵੀ ਭੁਲਾਇਆ ਨਹੀਂ ਜਾ ਸਕਦਾ।। ਇਸ ਵਿਚਾਰ ਚਰਚਾ ਵਿਚ ਸਮੂਹ ਵਿਦਵਾਨਾ ਨੇ ਇਕਸੁਰ ਹੋ ਕੇ ਗਿਆਨੀ ਗਰੁਦਿੱਤ ਸਿੰਘ ਦੀ ਸਿੱਖ ਜਗਤ ਅਤੇ ਪੰਜਾਬੀ ਸਾਹਿਤ, ਲੋਕਧਾਰਾ ਅਤੇ ਪੱਤਰਕਾਰੀ ਦੀ ਵਡਮੁੱਲੀ ਦੇਣ ਦੀ ਸ਼ਲਾਘਾ ਕੀਤੀ। ਇਸ ਵਿਚਾਰ ਚਰਚਾ ਵਿਚ ਸਾਰੇ ਵਿਦਵਾਨਾਂ ਨੇ ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਾਉਣ ਦੀ ਪੁਰਜ਼ੋਰ ਤਾਈਦ ਕਬਦਿਆਂ ਕਿਹਾ ਕਿ ਦੇਰੀ ਨਾਲ ਕੀਤਾ ਜਾ ਰਿਹਾ ਚੰਗਾ ਉਦਮ ਹੈ। ਉਨ੍ਹਾਂ ਇਕ ਮਤ ਹੁੰਦਿਆਂ ਇਹ ਵੀ ਕਿਹਾ ਕਿ ਵਿਦਵਾਨਾ ਦੀ ਇਕ ਅਜਿਹੀ ਕਮੇਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵੇ ਜਿਹੜੀ ਯੋਗ ਵਿਅਕਤੀਆਂ ਦੀ ਤਸਵੀਰ ਲਾਉਣ ਦੀ ਸ਼ਿਫਾਰਸ਼ ਕਰੇ ਤਾਂ ਜੋ ਅੱਗੇ ਤੋਂ ਅਜਿਹਾ ਵਿਦਵਾਨ ਅਣਡਿਠ ਨਾ ਹੋ ਸਕੇ। ਇਸ ਮੌਕੇ ਤੇ ਵਿਦਵਾਨਾਂ ਨੇ ਪੰਜਾਬ ਦੇ ਹੋਰ ਗੰਭੀਰ ਮਸਲਿਆਂ ਜਿਵੇਂ ਕਿ ਪਰਵਾਸ ਅਤੇ ਬੇਰੋਜ਼ਗਾਰੀ ਤੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕਰਨ ਦੀ ਤਾਕੀਤ ਕੀਤੀ। ਡਾ ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ, ਅਮਰਜੀਤ ਸਿੰਘ ਵੜੈਚ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਪਟਿਆਲਾ, ਜੋਤਿੰਦਰ ਸਿੰਘ ਸੇਵਾ ਮੁਕਤ ਇੰਜਿਨੀਅਰ ਇਨ ਚੀਫ਼ ਅਤੇ ਚੇਅਰਮੈਨ ਚਿਤਰ ਲੋਕ ਪਟਿਆਲਾ, ਡਾ ਪ੍ਰੋ ਸਰਬਜਿੰਦਰ ਸਿੰਘ, ਪ੍ਰੋ ਸਤਨਾਮ ਸਿੰਘ ਸੰਧੂ, ਡਾ ਹਰੀ ਸਿੰਘ ਬੋਪਾਰਾਇ, ਡਾ ਮੇਘਾ ਸਿੰਘ ਸਾਬਕਾ ਸਹਾਇਕ ਸੰਪਾਦਕ ਪੰਜਾਬੀ ਟਰਬਿਊਨ, ਡਾ ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ, ਪ੍ਰੋ ਬਾਬੂ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਪਟਿਆਲਾ, ਵੇਦ ਪ੍ਰਕਾਸ਼ ਗੁਪਤਾ ਚੇਅਰਮੈਨ ਪੰਜਾਬ ਰਾਈਟਰਜ ਐਂਡ ਕਲਚਰ ਫੋਰਮ ਪਟਿਆਲਾ, ਡਾ ਸਵਰਾਜ ਸਿੰਘ ਸਿੱਖ ਚਿੰਤਕ, ਸੁਖਵਿੰਦਰ ਸਿੰਘ ਕੋਆਰਡੀਨੇਟਰ ਸਰਬਰੋਗ ਹੈਰੀਟੇਜ ਐਂਡ ਕਲਚਰ ਫਾਊਂਡੇਸ਼ਨ, ਸ਼ਿਰੋਮਣੀ ਪੰਜਾਬੀ ਕਵੀ ਪ੍ਰੋ ਕੁਲਵੰਤ ਸਿੰਘ ਗਰੇਵਾਲ, ਪ੍ਰੋਫੈਸਰ ਤੇ ਸਾਬਕਾ ਮੁੱਖੀ ਮਨਜੀਤ ਸਿੰਘ, ਪ੍ਰੋ ਇੰਦਰ ਮੋਹਨ ਸਿੰਘ, ਡਾ ਗੁਰਨਾਮ ਸਿੰਘ ਸਾਬਕਾ ਪ੍ਰੋਫੈਸਰ ਅਤੇ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ, ਸੁਰਜੀਤ ਸਿੰਘ ਦੁੱਖੀ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਦਲੀਪ ਸਿੰਘ ਉਪਲ ਸਾਬਕਾ ਵਿਤ ਅਧਿਕਾਰੀ, ਪ੍ਰੋ ਪੀ ਐਮ ਸ਼ਰਮਾ ਸੇਵਾ ਮੁਕਤ, ਅਜਾਇਬ ਸਿੰਘ ਚੱਠਾ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਫੇਜ-2, ਐਸ ਐਸ ਰੇਖੀ ਐਸੋਸੀਏਟ ਪ੍ਰੋਫ਼ੈਸਰ, ਦਰਸ਼ਨ ਸਿੰਘ ਤਾਤਲਾ ਰਿਸਰਚ ਫੈਲੋ, ਡਾ ਭੋਜ ਰਾਜ, ਅਨਵਰ ਚਿਰਾਗ ਸਹਾਇਕ ਪ੍ਰੋਫੈਸਰ, ਨਵਦੀਪ ਸਿੰਘ ਐਸ ਡੀ ਓ ਪੰਜਾਬੀ ਯੂਨੀਵਰਸਿਟੀ, ਹਰਦੀਪ ਸਿੰਘ ਝੱਜ ਰਿਸਰਚ ਸਕਾਲਰ, ਗੁਰਿੰਦਰ ਕੌਰ ਖਹਿਰਾ, ਇੰਦਰਜੀਤ ਪ੍ਰੇਮੀ, ਚੰਡੀਗੜ੍ਹ, ਸਤਿੰਦਰ ਕੌਰ ਰਿਸਰਚ ਸਕਾਲਰ ਨੇ ਹਿੱਸਾ ਲਿਆ। ਮੀਟਿੰਗ ਵਿਚ ਭਾਈ ਜੈਤੇਗ ਸਿੰਘ ਵੱਲੋਂ ਕੈਨੇਡਾ ਵਿਚ ਰਹਿੰਦਿਆਂ ਇਹ ਉਦਮ ਕਰਨ ਦੀ ਪ੍ਹਸੰਸਾ ਕੀਤੀ ਗਈ। ਡਾ ਮੇਘਾ ਸਿੰਘ ਨੇ ਇਸ ਸਮਾਗਮ ਵਿਚ ਸ਼ਾਮਲ ਹੋਏ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਨੂੰ ਅਣਡਿਠ ਕਰਨਾ ਆਪਣੀ ਵਿਰਾਸਤ ਨੂੰ ਅਣਡਿਠ ਕਰਨ ਦੇ ਬਰਾਬਰ ਹੈ।