ਸ੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਅਤੇ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਧਾਰਾ-370 ਹਟਾਈ ਗਈ ਤਾਂ ਮੇਰੇ ਹੱਥਾਂ ਵਿੱਚ ਵੀ ਤਿਰੰਗਾ ਝੰਡਾ ਨਹੀਂ ਰਹੇਗਾ। ਕਸ਼ਮੀਰ ਦੇ ਹੰਦਵਾੜਾ ਖੇਤਰ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਅਬਦੁਲ ਕਿਊਮ ਵਾਨੀ ਦੇ ਹੱਕ ਵਿੱਚ ਰੱਖੀ ਗਈ ਇੱਕ ਚੋਣ ਰੈਲੀ ਦੌਰਾਨ ਮੁਫ਼ਤੀ ਨੇ ਕਿਹਾ ਕਿ ਉਹ ਇੱਕ ਵਾਰ ਨਹੀਂ ਕਈ ਵਾਰ ਕਹਿ ਚੁੱਕੀ ਹੈ ਕਿ ਧਾਰਾ- 370 ਅਤੇ 35ਏ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਮਹਿਬੂਬਾ ਨੇ ਅਮਿਤ ਸ਼ਾਹ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਦਿਨ ਵਿੱਚ ਸੁਫ਼ਨੇ ਵੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਧਾਰਾ-370 ਜੰਮੂ-ਕਸ਼ਮੀਰ ਅਤੇ ਭਾਰਤ ਦੇ ਲੋਕਾਂ ਵਿੱਚ ਇੱਕ ਪੁੱਲ ਹੈ। ਜਦੋਂ ਇਸ ਪੁੱਲ ਨੂੰ ਤੋੜੋਂਗੇ ਤਾਂ ਆਪਸੀ ਸਬੰਧ ਵੀ ਸਮਾਪਤ ਹੋ ਜਾਣਗੇ। ਇਹ ਸਾਡੀ ਪਛਾਣ ਅਤੇ ਵਜੂਦ ਨੂੰ ਯਕੀਨੀ ਬਣਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਜੋ ਲੋਕ ਇਨ੍ਹਾਂ ਚੋਣਾਂ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਦਾ ਲਾਭ ਉਠਾਉਂਦੇ ਹੋਏ ਇਹ ਕਹਿ ਰਹੇ ਹਨ ਕਿ ਪਾਕਿਸਤਾਨ ਤੇ ਹਮਲੇ ਕੀਤੇ ਜਾਣ, ਤਾਂ ਇਹ ਸਹੀ ਨਹੀਂ ਹੈ। ਇੱਥੇ ਜਮਾਤ ਅਤੇ ਜੇਕੇਐਲਐਫ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜੰਮੂ-ਕਸ਼ਮੀਰ ਵਿੱਚ ਤਾਕਤ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਅਜਿਹਾ ਕਰਨ ਨਾਲ ਕਸ਼ਮੀਰ ਮਸਲਾ ਹਲ ਨਹੀਂ ਹੋਵੇਗਾ।