ਦਿਲਪ੍ਰੀਤ ਕਾਫੀ ਦਿਨਾਂ ਬਾਅਦ ਘਰ ਆਇਆ ਸੀ। ਅੱਗੇ ਤਾਂ ਹਰ ਹਫਤੇ ਦੇ ਅਖੀਰ ਵਿਚ ਆ ਜਾਂਦਾ ਸੀ, ਪਰ ਪਿੱਛਲੇ ਦਿਨੀ ਉੁਸ ਨੂੰ ਆਪਣੇ ਕੰਮ-ਕਾਰ ਦੇ ਸਿਲਸਲੇ ਵਿਚ ਦਿਲੀ ਜਾਣਾ ਪਿਆ। ਉਸ ਦੇ ਘਰ ਆਉਣ ਦੀ ਸਭ ਨੂੰ ਖੁਸ਼ੀ ਸੀ, ਪਰ ਸਾਰਿਆ ਦਾ ਧਿਆਨ ਮਿੰਦੀ ਵਿਚ ਸੀ, ਉਸ ਨੂੰ ਦਰਦਾਂ ਸ਼ੁਰੂ ਹੋ ਚੁਕੀਆਂ ਸੀ। ਤੋਸ਼ੀ ਘਬਰਾਟ ਵਿਚ ਸੀ। ਨਸੀਬ ਨੇ ਉਸ ਨੂੰ ਹੌਸਲਾ ਦਿੱਤਾ, “ਤੂੰ ਫਿਕਰ ਨਾ ਕਰ, ਸਰਨੇ ਵਾਲੀ ਨਰਸ ਨੂੰ ਲੈ ਆ।”
ਜਦੋਂ ਇਹ ਗੱਲ ਬੇਬੇ ਜੀ ਦੀ ਕੰਨੀ ਪਈ ਤਾਂ ਉਹ ਇੱਕਦਮ ਬੋਲੀ, “ਨਾਂ ਕਾਕਾ, ਉਹਨੂੰ ਨਾਂ ਲਿਆਈਂ, ਉਹਨੇ ਗਲਤ ਟੀਕਾ ਲਾ ਕੇ ਨਾਈਆਂ ਦੀ ਨੂੰਹ ਮਾਰ ਦਿੱਤੀ ਸੀ।”
ਨਸੀਬ ਨੂੰ ਵੀ ਚੇਤਾ ਆ ਗਿਆ ਕਿਵੇ ਨਰਸ ਕੋਲੋਂ ਗਲਤ ਟੀਕਾ ਲਗ ਗਿਆ ਸੀ ਅਤੇ ਛੋਟੇ ਛੋਟੇ ਬੱਚਿਆਂ ਦੀ ਮਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ। ਉਹ ਤਾਂ ਅਜੇ ਸੋਚ ਹੀ ਰਹੀ ਸੀ ਕਿ ਦਿਲਪ੍ਰੀਤ ਵਿਚੋਂ ਹੀ ਬੋਲ ਪਿਆ, “ਤੁਸੀ ਚਾਚੀ ਜੀ ਨੂੰ ਸ਼ਹਿਰ ਦੇ ਹਸਪਤਾਲ ਕਿਉਂ ਨਹੀ ਲੈ ਕੇ ਜਾਂਦੇ?”
ਦਿਲਪ੍ਰੀਤ ਦਾ ਮਸ਼ਵਰਾ ਸਾਰਿਆਂ ਨੂੰ ਚੰਗਾ ਲੱਗਾ। ਮਿੰਦੀ ਨੂੰ ਦਰਦ ਤਾਂ ਹੋ ਹੀ ਰਿਹਾ ਸੀ, ਦੂਸਰੇ ਪਾਸੇ ਉਸ ਦਾ ਗਰਮੀ ਨਾਲ ਵੀ ਬੁਰਾ ਹਾਲ ਸੀ। ਆਪਣੇ ਵਲੋਂ ਤਾਂ ਪੱਖੇ ਦੇ ਥੱਲੇ ਪਈ ਸੀ, ਪਰ ਬਿਜਲੀ ਗਈ ਨੂੰ ਘੰਟਾ ਹੋ ਗਿਆ ਸੀ ਤੇ ਮੁੜ ਨਹੀ ਆਈ ਸੀ। ਉਹ ਸ਼ਹਿਰ ਜਾਣ ਲਈ ਉਠੀ ਤਾਂ ਪਸੀਨੇ ਨਾਲ ਭਿਜੀ ਪਈ ਸੀ। ਤੋਸ਼ੀ ਨੇ ਉਸ ਨੂੰ ਦੇਖਿਆਂ ਤਾਂ ਬਿਜਲੀ ਬੋਰਡ ਵਲਿਆਂ ਨੁੰ ਗਾਲ ਕੱਢੀ, “ਇਹ ਮਾਂ ਦੇ ਖਸਮ ਬਿਜਲੀ ਪਤਾ ਨਹੀ ਕਿਉਂ ਨਹੀ ਛੱਡਦੇ।”
“ਚਾਚਾ ਜੀ, ਉਹਨਾ ਕੋਲ ਬਿਜਲੀ ਹੋਵੇ ਤਾਂ ਛੱਡਣ।” ਦਿਲਪ੍ਰੀਤ ਨੇ ਬਰਾਂਡੇ ਵਿਚੋਂ ਮੋਟਰਸਾਈਲ ਕੱਢਦੇ ਆਖਿਆ, “ਭਾਖੜਾ ਡੈਮ ਦੀ ਸਾਰੀ ਬਿਜਲੀ ਤਾਂ ਸਿੱਧੀ ਦਿੱਲੀ ਨੂੰ ਜਾਂਦੀ ਆ।”
“ਉਹ ਤਾਂ ਮੈਨੂੰ ਪਤਾ ਆ।” ਤੋਸ਼ੀ ਨੇ ਆਪਣੇ ਕੱਪੜੇ ਬਦਲਦੇ ਕਿਹਾ, “ਬਿਜਲੀ ਹੀ ਨਹੀਂ ਪੰਜਾਬ ਦਾ ਪਾਣੀ ਵੀ ਦੂਜਿਆਂ ਸੂਬਿਆਂ ਨੂੰ ਹੀ ਦਿੱਤਾ ਜਾਂਦਾ ਆ।”
“ਤੁਸੀ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ।” ਨਸੀਬ ਨੇ ਵਿਚੋਂ ਹੀ ਟੋਕਿਆ, “ਤੁਰਨ ਦੀ ਗੱਲ ਕਰੋ।”
“ਮੰਮੀ, ਤੁਸੀਂ ਵੀ ਨਾਲ ਜਾਣਾ ਹੈ।” ਦਿਲਪ੍ਰੀਤ ਨੇ ਪੁੱਛਿਆ, “ਚਾਚਾ ਜੀ ਤੁਸੀਂ ਮੋਟਰਸਾਈਕਲ ਚਲਾਉਂਗੇ, ਜਾਂ ਮੈਂ ਚਲਾਵਾਂ।”
“ਦਿਲਪ੍ਰੀਤ ਤੂੰ ਚਲਾ।” ਨਸੀਬ ਕੌਰ ਨੇ ਤੋਸ਼ੀ ਦੇ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ, “ਤੇਰਾ ਚਾਚਾ ਤਾਂ ਉਦਾਂ ਹੀ ਘਬਰਾਇਆ ਫਿਰਦਾ ਆ।”
“ਭਾਬੀ ਜੀ, ਤੁਸੀ ਵੀ ਨਾਲ ਹੀ ਚਲੋ।”
“ਨਹੀਂ ਤੁਸੀ ਤਿੰਨੇ ਤੁਰੋ।” ਨਸੀਬ ਕੌਰ ਨੇ ਜਵਾਬ ਦਿੱਤਾ, “ਜਦੋਂ ਹੀ ਇਹ ਘਰ ਆਏ, ਅਸੀਂ ਤੁਹਾਡੇ ਮਗਰੇ ਹੀ ਸਕੂਟਰ ਤੇ ਆਉਂਦੇ ਹਾਂ, ਨਾਲੇ ਮੈਂ ਰੋਟੀ ਵੀ ਬਣਾ ਲਊਂਗੀ।”
ਨਸੀਬ ਕੌਰ ਨੇ ਰੋਟੀ ਬਣਾ ਕੇ ਬੇਬੇ ਜੀ ਨੂੰ ਖਵਾ ਦਿੱਤੀ। ਗੁਆਂਢੀਆਂ ਨੂੰ ਅਵਾਜ਼ ਮਾਰ ਕੇ ਦੱਸਿਆ, “ਚਾਚੀ ਜੀ, ਮਿੰਦੀ ਸ਼ਹਿਰ ਗਈ ਆ, ਅਸੀਂ ਵੀ ਸ਼ਹਿਰ ਨੂੰ ਚਲੇ ਹਾਂ, ਤੁਸੀ ਪਿੱਛੋਂ ਬੇਬੇ ਜੀ ਕੋਲ ਗੇੜਾ ਮਾਰ ਲੈਣਾ। ਤਾਂ ਤਹਾਨੂੰ ਕੱਲ ਹੀ ਦੱਸ ਦਿੱਤਾ ਸੀ, ਤਿਆਰੀ ਕਰੋ, ਅੱਜ ਭਲ੍ਹਕ, ਮਿੰਦੀ ਨੇ ਖਬਰ ਸੁਣਾ ਹੀ ਦੇਣੀ ਆ, ਵਾਹਿਗੁਰੂ ਕ੍ਰਿਪਾ ਕਰੇਗਾ।”
ਨਸੀਬ ਅਤੇ ਹਰਜਿੰਦਰ ਸਿੰਘ ਦੇ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਮਿੰਦੀ ਨੇ ਗਲੋਟੇ ਵਰਗੇ ਕਾਕੇ ਨੂੰ ਜਨਮ ਦੇ ਦਿੱਤਾ। ਤੋਸ਼ੀ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਉਂਦਾ। ਨਸੀਬ ਕੌਰ ਨੂੰ ਜੱਫੀ ਪਾ ਕੇ ਮਿਲਦਾ ਹੋਇਆ ਕਹਿਣ ਲੱਗਾ, “ਭਾਬੀ ਜੀ, ਕਾਕਾ ਹੋਇਆ ਹੈ।”
“ਲੈ ਬਈ ਆਹ ਤਾਂ ਬੱਲੇ ਬੱਲੇ ਹੋ ਗਈ।” ਹਰਜਿੰਦਰ ਸਿੰਘ ਤੋਸ਼ੀ ਨੂੰ ਆਪਣੇ ਨਾਲ ਲਾਉਂਦੇ ਕਿਹਾ, “ਮਿੰਦੀ ਕਿਦਾਂ ਠੀਕ ਹੈ।”
“ਹਾਂ ਜੀ, ਆ ਜਾਉ ਦੇਖ ਲਉ।”
ਮਿੰਦੀ ਤਾਂ ਤੋਸ਼ੀ ਨਾਲੋ ਵੀ ਜ਼ਿਆਦਾ ਖੁਸ਼ ਸੀ ਕਿ ਕਿੰਨਾ ਚਿਰਾਂ ਪਿੱਛੋਂ ਰੱਬ ਨੇ ਉਹਦੀ ਗੋਦ ਨੂੰ ਭਾਗ ਲਾਏ ਸਨ। ਨਸੀਬ ਨੇ ਕਾਕੇ ਨੂੰ ਚੁੱਕ ਲਿਆ, ਫਿਰ ਹਰਜਿੰਦਰ ਸਿੰਘ ਨੂੰ ਫੜਾ ਦਿੱਤਾ। ਹਰਜਿੰਦਰ ਸਿੰਘ ਉਸ ਨੂੰ ਦੇਖਦਾ ਹੋਇਆ ਬੋਲਿਆ, “ਇਹ ਤਾਂ ਦਿਲਪ੍ਰੀਤ ਵਰਗਾ ਲੱਗਦਾ ਆ।”
ਨਸੀਬ ਕੌਰ ਕਾਕੇ ਦੇ ਸਿਰ ਨੂੰ ਪਲੋਸਦੀ ਬੋਲੀ, “ਸੱਚੀ, ਜਦੋਂ ਦਿਲਪ੍ਰੀਤ ਹੋਇਆ ਸੀ ਤਾਂ ਐ੍ਹਨ ਇਹਦੇ ਵਰਗਾ ਲੱਗਦਾ ਸੀ।”
ਹਰਜਿੰਦਰ ਸਿੰਘ ਨੇ ਆਲੇ-ਦੁਆਲੇ ਨਜ਼ਰ ਮਾਰਦਿਆਂ ਪੁੱਛਿਆ, “ਦਿਲਪ੍ਰੀਤ ਕਿੱਥੇ ਆ?”
“ਉਹ ਤਾਂ ਕਾਕੇ ਦੀ ਖਬਰ ਸੁਣ ਕੇ ਹੀ ਬਜ਼ਾਰ ਨੂੰ ਮਠਿਆਈ ਲੈਣ ਦੌੜ ਗਿਆ,” ਤੋਸ਼ੀ ਨੇ ਦੱਸਿਆ, “ਕਹਿੰਦਾ ਸਾਰੀਆਂ ਨਰਸਾਂ ਨੂੰ ਮਠਿਆਈ ਲਿਆ ਕੇ ਦੇਣੀ ਆ।”
ਦਿਲਪ੍ਰੀਤ ਨੇ ਸਾਰੇ ਹਸਪਾਤਲ ਵਿਚ ਮਠਿਆਈ ਵੰਡੀ। ਉਸ ਨੇ ਨਰਸਾਂ ਨੂੰ ਗੱਲਾਂ ਕਰਦੇ ਵੀ ਸੁਣਿਆ, “ਆ ਪਿੰਡਾਂ ਵਾਲਿਆਂ ਦੇ ਜਦੋਂ ਮੁੰਡਾ ਹੋ ਜਾਂਦਾ ਆ, ਫਿਰ ਤਾਂ ਇਹ ਇਸ ਤਰ੍ਹਾਂ ਹੀ ਗੱਫੇ ਲਵਾਉਂਦੇ ਨੇ।”
“ਪੇਡਅੂਾਂ ਦੇ ਦਿਲ ਸ਼ਹਿਰਾਂ ਵਾਲਿਆਂ ਨਾਲੋ ਜ਼ਿਆਦਾ ਵੱਡੇ ਹੁੰਦੇ ਨੇ।” ਦੂਸਰੀ ਨਰਸ ਨੇ ਜਵਾਬ ਦਿੱਤਾ, “ਖਵਾਉਣ-ਪਿਲਾਉਣ ਨੂੰ ਹਮੇਸ਼ਾ ਅੱਗੇ ਰਹਿੰਦੇ ਨੇ।”
“ਜੇ ਕੁੜੀ ਹੋ ਜਾਂਦੀ, ਫਿਰ ਦੇਖਣੇ ਸੀ ਇਹਨਾ ਦੇ ਮੂੰਹ।” ਇਕ ਹੋਰ ਨਰਸ ਬੋਲੀ, “ਫਿਰ ਤਾਂ ਰੋਣ ਨੂੰ ਹੀ ਫਿਰਦੇ ਨੇ।”
“ਪਰ ਅਸੀ ਇਦਾ ਦੇ ਨਹੀ।” ਦਿਲਪ੍ਰੀਤ ਨੇ ਤੁਰੇ ਜਾਂਦੇ ਨੇ ਉਹਨਾ ਨੂੰ ਕਿਹਾ, “ਜੇ ਸਾਡੇ ਗੁੱਡੀ ਵੀ ਆ ਜਾਂਦੀ ਤਾਂ ਵੀ ਅਸੀ ਇੰਝ ਹੀ ਕਰਨਾ ਸੀ।”
ਨਰਸਾਂ ਉਸ ਦੀ ਗੱਲ ਸੁਣ ਕੇ ਸ਼ਰਮਿੰਦੀਆਂ ਜਿਹੀਆਂ ਹੋ ਗਈਆਂ। ਇਕ ਜ਼ਵਾਨ ਜਿਹੀ ਨਰਸ ਨੇ ਦਿਲਪ੍ਰੀਤ ਜਾਂਦੇ ਨੂੰ ਬੜੀ ਨੀਝ ਨਾਲ ਦੇਖਿਆ।
ਨਸੀਬ ਨੇ ਮਿੰਦੀ ਅਤੇ ਕਾਕੇ ਨੂੰ ਘਰ ਦੇ ਦਰਵਾਜ਼ੇ ਤੇ ਤੇਲ ਚੋ ਕੇ ਅੰਦਰ ਲੰਘਾਇਆ। ਘਰ ਦੇ ਵਿਹੜੇ ਵਿਚ ਆਣ -ਜਾਣ ਵਾਲਿਆਂ ਦੀਆਂ ਰੌਣਕਾਂ ਲੱਗ ਗਈਆਂ। ਬੇਬੇ ਜੀ ਦਾ ਮੰਜਾ ਵੀ ਬਰਾਂਡੇ ਵਿਚ ਲੈ, ਆਂਦਾ। ਗਰਮੀ ਆਪਣੇ ਜੋਰਾਂ ਤੇ ਸੀ, ਪਰ ਕਾਕੇ ਆਉਣ ਦੀ ਖੁਸ਼ੀ ਨੇ ਸਾਰੇ ਪ੍ਰੀਵਾਰ ਨੂੰ ਗਰਮੀ ਭੁਲਾ ਦਿੱਤੀ ਸੀ। ਧਰਮੋ ਝੀਰੀ ਪਰਾਹੁਣਿਆ ਦੇ ਚਾਹ- ਪਾਣੀ ਦੇ ਆਹਾਰ ਵਿਚ ਰੁੱਝੀ ਹੋਈ ਸੀ। ਘਰ ਵਿਚ ਵਿਆਹ ਵਰਗਾ ਮਹੌਲ ਬਣਿਆ ਹੋਇਆ ਸੀ। ਆਦਧਰਮੀਆਂ ਦੀ ਦੀਪੋ, ਤੋਸ਼ੀ ਨੂੰ ਕਹਿ ਰਹੀ ਸੀ, “ਮੈ ਕੱਲਾ ਸੂਟ ਨਹੀ ਲੈਣਾ, ਨਾਲ ਸੋਨੇ ਦੀਆਂ ਵਾਲੀਆਂ ਵੀ ਲੈਣੀਆ ਨੇ।”
“ਤੂੰ ਵਾਲੀਆਂ ਵੀ ਲੈ ਲਈਂ।” ਨਸੀਬ ਕੌਰ ਨੇ ਕਿਹਾ, “ਪਹਿਲਾਂ ਗੋਹਾ ਤਾਂ ਸੁੱਟ ਆ।।”
“ਕੁੜੇ ਮੇਰੀ ਗੱਲ ਤਾਂ ਸੁਣੋ।” ਬੇਬੇ ਜੀ ਨੇ ਆਪਣਾ ਰੌਲਾ ਪਇਆ ਹੋਇਆ ਸੀ, “ਮਿੰਦੀ ਦੀ ਭੂਆ ਨੂੰ ਲਡੂ ਭੇਜ ਦਿਉ।”
“ਬੇਬੇ ਜੀ ਤੁਸੀਂ ਫਿਕਰ ਨਾ ਕਰੋ।” ਨਸੀਬ ਕੌਰ ਨੇ ਕਿਹਾ, “ਛੇਤੀ ਹੀ ਸਾਰੇ ਰਿਸ਼ਤੇਦਾਰਾਂ ਨੂੰ ਲਡੂ ਭੇਜ ਦੇਣੇ ਨੇਂ।”
ਜੋ ਵੀ ਕਾਕੇ ਨੂੰ ਚੁੱਕਣਾ ਚਾਹੁੰਦਾ ਸੀ। ਉਸ ਨੂੰ ਪਹਿਲਾਂ ਮੂੰਹ-ਹੱਥ ਧੋਣਾ ਪੈਂਦਾ ਸੀ ਫਿਰ ਹੀ ਉਹ ਕਾਕੇ ਨੂੰ ਹੱਥ ਲਾ ਸਕਦਾ ਸੀ। ਇਹ ਬੇਬੇ ਜੀ ਦੀ ਹਦਾਇਤ ਸੀ। ਨਸੀਬ ਨੇ ਹਰਜਿੰਦਰ ਸਿੰਘ ਨੂੰ ਇਸ ਗੱਲ ਬਾਰੇ ਦੱਸਿਆ ਵੀ, “ਬੇਬੇ ਜੀ, ਸਾਰਿਆਂ ਨੂੰ ਕਹਿਣ ਲੱਗ ਪੈਂਦੇ ਨੇ, ਪਹਿਲਾਂ ਮੂੰਹ ਹੱਥ ਧੋਵੋ, ਫਿਰ ਕਾਕੇ ਦੇ ਕੋਲ ਆਵੋ, ਇਸ ਤਰ੍ਹਾਂ ਕਰਨਾ ਚੰਗਾ ਨਹੀ ਲਗਦਾ, ਪਤਾ ਕਈ ਗੁੱਸਾ ਵੀ ਕਰ ਲੈਂਦੇ ਨੇ।”
“ਨਸੀਬ ਕੌਰ, ਇਸ ਵਿਚ ਮਾੜੀ ਗੱਲ ਤਾਂ ਕੋਈ ਨਹੀਂ, ਅਸੀਂ ਬਜ਼ੁਰਗਾਂ ਦੀਆਂ ਗੱਲਾਂ ਦਾ ਬੁਰਾ ਤਾਂ ਮਨਾਉਂਦੇ ਆਂ, ਪਰ ਇਹਨਾ ਵਿਚ ਬਹੁਤ ਵੱਡਾ ਭੇਦ ਹੁੰਦਾ ਆ।” ਹਰਜਿੰਦਰ ਸਿੰਘ ਨੇ ਸਮਝਾਇਆ, “ਜੋ ਵੀ ਬਾਹਰੋਂ ਆਉਂਦਾ ਆ, ਕੀ ਪਤਾ ਉਹਨਾ ਦੇ ਹੱਥ ਸਾਫ ਹਨ ਜਾਂ ਨਹੀਂ, ਬੱਚਾ ਛੋਟਾ ਹੁੰਦਾ ਆ, ਉਹ ਛੇਤੀ ਹੀ ਗੰਦੇ ਹੱਥਾਂ ਤੋਂ ਬਿਮਾਰੀ ਫੜ ਸਕਦਾ ਆ, ਕਈ ਵਾਰੀ ਕਈਆਂ ਨੂੰ ਜ਼ੁਕਾਮ ਬਗੈਰਾ ਵੀ ਹੁੰਦਾ ਆ।”
“ਚਲੋ, ਜਿਵੇਂ ਤੁਹਾਡੀ ਮਾਂ ਪੁੱਤ ਦੀ ਮਰਜ਼ੀ।” ਨਸੀਬ ਕੌਰ ਨੇ ਕਿਹਾ, “ਤੁਸੀ ਹਲਵਾਈ ਨੂੰ ਲੱਡੂ ਬਣਾਉਣ ਲਈ ਕਹਿ ਆਵੋ।”
ਹਰਜਿੰਦਰ ਸਿੰਘ ਤੁਰਨ ਹੀ ਲੱਗਾ ਸੀ ਕਿ ਪਿੰਡ ਦਾ ਸਰਪੰਚ ਅਤੇ ਦੋ ਚਾਰ ਹੋਰ ਮੁਹਤਵਰ ਬੰਦੇ ਆ ਗਏ। ਪ੍ਰੀਵਾਰ ਨੇ ਸੋਚਿਆ ਕਿ ਵਧਾਈਆਂ ਦੇਣ ਆਏ ਹੋਣਗੇ, ਪਰ ਵਧਾਈਆਂ ਦੇ ਨਾਲ ਸਰਪੰਚ ਨੇ ਇਕ ਹੋਰ ਸੁਨੇਹਾ ਵੀ ਦਿੱਤਾ, “ਆਪਣੇ ਪਿੰਡ ਭਿੰਡਰਾਂਵਾਲੇ ਸੰਤ ਆ ਰਹੇ ਨੇ, ਉਹਨਾ ਦੇ ਸੁਆਗਤ ਲਈ ਆਪਾਂ ਰਲ ਮਿਲ ਕੇ ਪ੍ਰਬੰਧ ਕਰਨਾ ਹੈ, ਆਪਣੇ ਪਿੰਡ ਵਾਲਿਆਂ ਨੂੰ ਤਾਂ ਅੱਜ ਹੀ ਰਹਿਰਾਸ ਬਾਅਦ ਲਾਊਡ-ਸਪਕੀਰ ਰਾਹੀ ਦੱਸ ਦੇਵਾਂਗੇ।”
“ਚਲੋ ਆਹ ਤਾ ਚੰਗਾ ਆ।” ਹਰਜਿੰਦਰ ਸਿੰਘ ਨੇ ਕਿਹਾ, “ਸੰਤ ਜਦੋਂ ਦੇ ਬਿਲਾਸ-ਚੱਕ ਪਿੰਡ ਗਏ, ਪਿੰਡ ਦੇ ਗਭਰੂਆਂ ਵਿਚ ਵੱਡਾ ਫ਼ਰਕ ਆਇਆ, ਤਕਰੀਬਨ ਉਸ ਪਿੰਡ ਦੇ ਸਾਰੇ ਗਭਰੂਆਂ ਨੇ ਸ਼ਰਾਬ ਛੱਡ ਦਿੱਤੀ ਆ, ਸਿੱਖੀ ਸਰੂਪ ਵਾਲੇ ਬਣ ਗਏ ਨੇਂ।”
“ਉਹਨਾ ਦੇ ਬਚਨ ਕਰਨ ਦਾ ਢੰਗ ਹੀ ਐਸਾ ਹੈ ਕਿ ਵੱਡੇ ਤੋਂ ਵੱਡਾ ਵੀ ਪ੍ਰਭਾਵਿਤ ਹੋ ਜਾਂਦਾ ਹੈ।” ਨਾਲਦੇ ਬੰਦੇ ਨੇ ਕਿਹਾ, “ਅਸੀ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਨਾਲ ਲੱਗਦੇ ਪਿੰਡਾਂ ਵਿਚ ਵੀ ਉਹਨਾ ਦੇ ਆਉਣ ਦਾ ਪ੍ਰਚਾਰ ਕੀਤਾ ਜਾਵੇ, ਤਾਂ ਜੋ ਵੱਡੀ ਗਿਣਤੀ ਵਿਚ ਸੰਗਤ ਆਪਣੇ ਪਿੰਡ ਜੁੜ ਸਕੇ।”
“ਮੇਰੇ ਲਾਇਕ ਕੋਈ ਸੇਵਾ ਹੈ ਤਾਂ ਹੁਕਮ ਕਰੋ।” ਹਰਜਿੰਦਰ ਸਿੰਘ ਨੇ ਨਿਮਰਤਾ ਨਾਲ ਕਿਹਾ, “ਹੁਣ ਤਾਂ ਦਿਲਪ੍ਰੀਤ ਵੀ ਇੱਥੇ ਹੀ ਹੈ, ਉਹਦੇ ਕਰਨ ਦਾ ਕੋਈ ਕੰਮ ਹੋਵੇ ਤਾਂ ਦਸੋ।”
“ਤੁਹਾਡਾ ਪ੍ਰੀਵਾਰ ਤਾਂ ਹਮੇਸ਼ਾ ਹੀ ਪਿੰਡ ਦਾ ਹਰ ਕੰਮ ਅੱਗੇ ਹੋ ਕੇ ਕਰਦਾ ਹੈ।” ਸਰਪੰਚ ਨੇ ਕਿਹਾ, “ਇਸੇ ਉਮੀਦ ਨਾਲ ਆਏ ਹਾਂ, ਤੁਸੀ ਆਪਣੀ ਟਰਾਲੀ ਵਿਚ ਚਾਨਣੀ ਤਾਂ ਕਨਾਤਾ ਸ਼ਹਿਰੋਂ ਲਿਆ ਦਿਉ।”
ਲਉ ਜੀ, ਇਹ ਤਾਂ ਕੋਈ ਗੱਲ ਹੀ ਨਹੀ।” ਹਰਜਿੰਦਰ ਸਿੰਘ ਨੇ ਉਹਨਾ ਦੇ ਅੱਗੇ ਮਠਿਆਈ ਅਤੇ ਚਾਹ ਰੱਖਦੇ ਕਿਹਾ, “ਆਪਣਾ ਪਿੰਡ ਤਾਂ ਭਾਗਾਂ ਵਾਲਾ ਹੋਵੇਗਾ, ਜੇ ਸੰਤਾਂ ਦੇ ਚਰਨ ਪੈ ਜਾਣ।”
ਥੋੜ੍ਹਾ ਚਿਰ ਬੈਠੇ ਸਾਰੇ ਜਣੇ ਪੰਥ ਅਤੇ ਮੋਰਚੇ ਦੀਆਂ ਗੱਲਾਂ ਕਰਦੇ ਰਹੇ। ਜਾਣ ਲੱਗੇ ਸਾਰੇ ਜਣੇ ਦਸ ਦਸ ਰੁਪੱਈਏ ਕਾਕੇ ਨੂੰ ਪਿਆਰ ਦੇ ਗਏ।