ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੇਵਲ ਪੰਜਾਬ, ਸਮੁੱਚੇ ਦੱਖਣੀ ਏਸ਼ੀਆ ਖਿੱਤੇ ਵਿਚ ਹੀ ਨਹੀਂ, ਬਲਕਿ ਸਮੁੱਚੇ ਸੰਸਾਰ ਵਿਚ ਸਮੁੱਚੀਆਂ ਕੌਮਾਂ ਅਤੇ ਧਰਮਾਂ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ਦਾ ਹਾਮੀ ਹੈ । ਪਰ ਹਿੰਦੂਤਵ ਮੁਤੱਸਵੀ ਹੁਕਮਰਾਨ ‘ਜੰਗ’ ਵਰਗੇ ਮਨੁੱਖਤਾ ਵਿਰੋਧੀ ਅਮਲ ਕਰਕੇ ਇਕ ਤੀਰ ਨਾਲ 2 ਨਿਸ਼ਾਨੇ ਫੁੰਡਣ ਉਤੇ ਅਮਲ ਕਰ ਰਹੇ ਹਨ । ਜਿਸ ਨਾਲ ਪਾਕਿਸਤਾਨ ਵਿਚ ਮੁਸਲਿਮ ਕੌਮ ਅਤੇ ਪੰਜਾਬ ਵਿਚ ਵੱਸਣ ਵਾਲੀ ਸਿੱਖ ਕੌਮ ਦੇ ਖਾਤਮੇ ਦੀ ਮੰਦਭਾਵਨਾ ਰੱਖਣ ਦੇ ਨਾਲ-ਨਾਲ ਇਥੇ ਫਿਰਕੂ ਸੋਚ ਤੇ ਅਧਾਰਿਤ ਹਿੰਦੂ ਰਾਸ਼ਟਰ ਦਾ ਬੋਲਬਾਲਾ ਕਰਨਾ ਚਾਹੁੰਦੇ ਹਨ । ਇਸਦੇ ਨਾਲ ਹੀ ਫਿਰਕੂ ਜ਼ਹਿਰ ਤੇ ਨਫ਼ਰਤ ਫੈਲਾਕੇ ਹਿੰਦੂ ਵੀਰਾਂ ਦੀਆਂ ਵੋਟਾਂ ਨੂੰ ਇਕ ਪਾਸੇ ਆਪਣੇ ਪੱਖ ਵਿਚ ਭੁਗਤਾਉਣ ਦੀ ਸਾਜਿ਼ਸ ਕਰ ਰਹੇ ਹਨ । ਜਦੋਂਕਿ ਹਿੰਦੂ ਵੀਰ ਇਸ ਗੱਲ ਦੀ ਸਮਝ ਤੇ ਦੂਰਅੰਦੇਸ਼ੀ ਰੱਖਦੇ ਹਨ ਕਿ ਸਾਡੀ ਵੋਟ ਦੇ ਹੱਕ ਉਤੇ ਪ੍ਰਮਾਣੂ ਜੰਗ ਰਾਹੀ ਨਫ਼ਰਤ ਪੈਦਾ ਕਰਨ ਵਾਲਿਆ ਦਾ ਹੈ ਜਾਂ ਇਥੇ ਸਰਬੱਤ ਦੇ ਭਲੇ ਦੀ ਸੋਚ ‘ਤੇ ਸਮੁੱਚੀ ਮਨੁੱਖਤਾ ਲਈ ਅਮਨ-ਚੈਨ ਕਾਇਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਹੈ । ਇਸ ਲਈ ਅਜਿਹੇ ਅਮਲ ਕਰਕੇ ਹਿੰਦੂ ਵੋਟਰਾਂ ਨੂੰ ਕਤਈ ਗੁੰਮਰਾਹ ਨਹੀਂ ਕਰ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਰਕੂ ਹਿੰਦੂਤਵ ਹੁਕਮਰਾਨਾਂ ਵੱਲੋਂ ਚੋਣਾਂ ਦੇ ਦੌਰਾਨ ਹੀ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੰਗ ਲਗਾਉਣ ਦੀਆਂ ਕਾਰਵਾਈਆ ਕਰਕੇ ਪਾਕਿਸਤਾਨ ਵਿਚ ਮੁਸਲਿਮ ਕੌਮ ਅਤੇ ਪੰਜਾਬ ਵਿਚ ਸਿੱਖ ਕੌਮ ਨੂੰ ਇਕ ਤੀਰ ਨਾਲ 2 ਨਿਸ਼ਾਨੇ ਫੁੰਡਣ ਦੇ ਕੀਤੇ ਜਾ ਰਹੇ ਅਣਮਨੁੱਖੀ ਅਮਲਾਂ ਅਤੇ ਇਥੇ ਫਿਰਕੂ ਨਫ਼ਰਤ ਫੈਲਾਕੇ ਲੋਕ ਸਭਾ ਚੋਣਾਂ 2019 ਵਿਚ ਹਿੰਦੂ ਵੀਰਾਂ ਦੀਆਂ ਵੋਟਾਂ ਇਕ ਪਾਸੇ ਕਰਨ ਦੇ ਕੀਤੇ ਜਾ ਰਹੇ ਅਮਲਾਂ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇੰਡੀਆਂ ਨਿਵਾਸੀਆਂ, ਸਭ ਧਰਮਾਂ, ਕੌਮਾਂ ਨੂੰ ਹੁਕਮਰਾਨਾਂ ਦੀ ਇਸ ਮੰਦਭਾਵਨਾ ਭਰੀ ਸੋਚ ਤੋਂ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਫਿਰਕੂ ਸੋਚ ਅਧੀਨ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਜਦੋਂ ਵੀ ਪ੍ਰਮਾਣੂ ਜੰਗ ਹੋਣੀ ਹੈ ਤਾਂ ਇਨ੍ਹਾਂ ਬੰਬਾਂ ਨੇ ਇਹ ਨਹੀਂ ਵੇਖਣਾ ਕਿ ਫਲਾਣਾ ਮੁਸਲਮਾਨ ਤੇ ਸਿੱਖ ਹੈ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਫਲਾਣਾ ਹਿੰਦੂ ਹੈ ਉਸ ਨੂੰ ਛੱਡ ਦਿੱਤਾ ਜਾਵੇ । ਬੰਬਾਂ ਨੇ ਤਾਂ ਸਮੁੱਚੀ ਮਨੁੱਖਤਾ ਦਾ ਮਲੀਆ-ਮੇਟ ਕਰ ਦੇਣਾ ਹੁੰਦਾ ਹੈ ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮਨੁੱਖੀ ਕਦਰਾ-ਕੀਮਤਾ ਅਤੇ ਮਨੁੱਖੀ ਹੱਕਾਂ ਦੇ ਨਿਯਮਾਂ ਦੇ ਆਧਾਰ ਤੇ ਅਤੇ ਅਮਨ ਚੈਨ ਦੀ ਸੱਚਾਈ ਤੇ ‘ਜੰਗ’ ਵਰਗੇ ਸ਼ਬਦ ਅਤੇ ਅਮਲ ਦੀ ਬਾਦਲੀਲ ਢੰਗ ਨਾਲ ਵਿਰੋਧਤਾ ਕਰਦੇ ਹਾਂ ਤਾਂ ਇਹ ਫਿਰਕੂ ਹੁਕਮਰਾਨ ਸਾਨੂੰ ਗੈਰ-ਦਲੀਲ, ਗੈਰ-ਕਾਨੂੰਨੀ ਢੰਗ ਰਾਹੀ ‘ਦੇਸ਼-ਧ੍ਰੋਹੀ’ ਗਰਦਾਨਕੇ ਬਦਨਾਮ ਕਰਨ ਦੀ ਅਸਫ਼ਲ ਕੋਸਿ਼ਸ਼ ਕਰਦੇ ਹਨ । ਜਦੋਂਕਿ ਇਹ ਹਿੰਦੂਤਵ ਸ੍ਰੀ ਜੇਟਲੀ ਵਰਗੇ ਆਗੂ ਜੋ ਆਪਣੇ ਮੁਲਕ ਦੇ ਡਾਕਟਰਾਂ ਅਤੇ ਹਸਪਤਾਲਾਂ ਤੇ ਭਰੋਸਾ ਨਾ ਕਰਕੇ ਬਾਹਰਲੇ ਮੁਲਕਾਂ ਵਿਚ ਇਲਾਜ ਕਰਵਾਉਣ ਜਾਂਦੇ ਹਨ, ਫਿਰ ਅਜਿਹੇ ਆਗੂ ਆਪਣੀ ਹਿੰਦ ਫ਼ੌਜ ‘ਤੇ ਕਿਵੇਂ ਭਰੋਸਾ ਕਰਨਗੇ ? ਅਸਲੀਅਤ ਵਿਚ ਇਹ ਫਿਰਕੂ ਹੁਕਮਰਾਨ ਜਿਨ੍ਹਾਂ ਵਿਚ ਬੀਜੇਪੀ-ਆਰ.ਐਸ.ਐਸ. ਹੋਰ ਫਿਰਕੂ ਜਮਾਤਾਂ ਹਨ, ਇਹ ਇਥੇ ਗੈਰ-ਇਨਸਾਨੀਅਤ ਢੰਗ ਰਾਹੀ ‘ਹਿੰਦੂਤਵ ਰਾਸ਼ਟਰ’ ਜ਼ਬਰੀ ਕਾਇਮ ਕਰਨ ਉਤੇ ਅਮਲ ਕਰ ਰਹੇ ਹਨ, ਜਦੋਂਕਿ ਇਥੇ 70% ਆਬਾਦੀ ਘੱਟ ਗਿਣਤੀ ਕੌਮਾਂ, ਰੰਘਰੇਟਿਆਂ, ਕਬੀਲਿਆਂ, ਪੱਛੜੇ ਵਰਗਾਂ, ਆਦਿਵਾਸੀਆਂ ਆਦਿ ਦੀ ਹੈ । ਜੋ ਆਪੋ-ਆਪਣੇ ਧਰਮਾਂ ਵਿਚ ਵਿਸ਼ਵਾਸ ਰੱਖਦੇ ਹੋਏ ਅਮਨਮਈ ਢੰਗਾਂ ਰਾਹੀ ਵਿਧਾਨਿਕ ਹੱਕਾਂ ਅਧੀਨ ਜਿੰਦਗੀ ਜਿਊਂਣ ਦਾ ਅਧਿਕਾਰ ਰੱਖਦੇ ਹਨ । ਇਸ ਲਈ ਬਹੁ-ਕੌਮਾਂ ਅਤੇ ਬਹੁ-ਧਰਮਾਂ ਵਾਲੇ ਮੁਲਕ ਵਿਚ ਇਹ ਹਿੰਦੂਤਵ ਹੁਕਮਰਾਨ ਆਪਣੇ ਹਿੰਦੂਰਾਸਟਰ ਕਾਇਮ ਕਰਨ ਦੀ ਮੰਦਭਾਵਨਾ ਭਰੇ ਮਿਸ਼ਨ ਵਿਚ ਕਤਈ ਕਾਮਯਾਬ ਨਹੀਂ ਹੋ ਸਕਣਗੇ ਅਤੇ ਨਾ ਹੀ ਅਸੀਂ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਇਸ ਇਨਸਾਨੀਅਤ ਪੱਖੀ ਪਵਿੱਤਰ ਧਰਤੀ ‘ਤੇ ਜੰਗ ਵਰਗੇ ਅਮਲਾਂ ਰਾਹੀ ਮਨੁੱਖਤਾ ਦਾ ਖੂਨ ਵਹਿਣ ਦੇਵਾਂਗੇ ।