ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦੇ ਚੋਣ ਮੈਨੀਫੈਸਟੋ ਨੂੰ ਦੇਸ਼ਵਾਸੀਆਂ ਦੇ ਨਾਲ ਭੱਦਾ ਮਜ਼ਾਕ ਦੱਸਦੇ ਹੋਏ ਕਿਹਾ ਕਿ ਇਹ ਝੂਠ ਅਤੇ ਜੁਮਲਿਆਂ ਦਾ ਇੱਕ ਹੋਰ ਪੁਲੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਾਰਟੀ ਦੇ ਪਹਿਲਾਂ ਕੀਤੇ ਗਏ ਵਾਅਦਿਆਂ ਦੀ ਪੂਰਤੀ ਦੇ ਲਈ ਪਿੱਛਲੇ ਪੰਜ ਸਾਲਾਂ ਦਾ ਫਜ਼ੂਲ ਇੰਤਜ਼ਾਰ ਕਰਨ ਦੇ ਬਾਅਦ ਖੁਦਗਰਜ਼ ਸਤਾਧਾਰੀ ਪਾਰਟੀ ਨੇ ਫਿਰ ਤੋਂ ਦੇਸ਼ ਦੇ ਲੋਕਾਂ ਨੂੰ ਕੁਝ ਵੀ ਨਹੀਂ ਦਿੱਤਾ।
ਕੈਪਟਨ ਨੇ ਕਿਹਾ ਕਿ ਭਾਜਪਾ ਵੱਲੋਂ ਇਕ ਵਾਰ ਫਿਰ ਤੋਂ ਦੇਸ਼ ਦੇ ਲੋਕਾਂ ਨੂੰ ਫਿਰ ਮੂਰਖ ਬਣਾਉਣ ਦੀ ਕੋਸਿ਼ਸ਼ ਇਨ੍ਹਾਂ ਚੋਣਾਂ ਵਿੱਚ ਉਸ ਦੇ ਲਈ ਬਹੁਤ ਮਹਿੰਗੀ ਸਾਬਿਤ ਹੋਵੇਗੀ। ਬੀਜੇਪੀ ਆਪਣੇ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਅਤੇ ਹੁਣ ਵੀ ਲੋਕਾਂ ਨਾਲ ਸਬੰਧਿਤ ਮੁੱਖ ਮੁੱਦਿਆਂ ਨੂੰ ਕਿਨਾਰੇ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਚੋਣ ਘੋਸ਼ਣਾ ਪੱਤਰ ਨਾ ਤਾਂ ਨੌਕਰੀਆਂ ਦੀ ਗੱਲ ਕਰਦਾ ਹੈ ਅਤੇ ਨਾ ਹੀ ਹਰ ਇੱਕ ਨਾਗਰਿਕ ਨੂੰ 15 ਲੱਖ ਰੁਪੈ ਦੇਣ ਦੇ ਪਹਿਲਾਂ ਕੀਤੇ ਗਏ ਵਾਅਦੇ ਨੂੰ ਪੂਰਿਆਂ ਕਰਨ ਦਾ ਜਿ਼ਕਰ ਕਰਦਾ ਹੈ। ਇਸ ਚੋਣ ਮੈਨੀਫੈਸਟੋ ਵਿੱਚ ਮੋਦੀ ਦੀ ਜੁਮਲਾ ਸਰਕਾਰ ਦੇ ਜੁਮਲਿਆਂ ਦੀ ਲੰਬੀ-ਚੌੜੀ ਸੂਚੀ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਪੱਤਰ ਵਿੱਚ ਸਮਾਜ ਦੇ ਕਿਸੇ ਵੀ ਵਰਗ ਦਾ ਜੀਵਨ ਪੱਧਰ ਉਚਾ ਉਠਾਉਣ ਸਬੰਧੀ ਕੋਈ ਵੀ ਜਿ਼ਕਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੁਆਰਾ ਦੇਸ਼ ਦੀ ਸੈਨਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਸਿਆਸਤ ਚਮਕਾਉਣ ਦੇ ਯਤਨਾਂ ਨੂੰ ਸ਼ਰਮਨਾਕ ਦੱਸਿਆ। ਆਪਣੇ ਸੰਕਲਪ ਪੱਤਰ ਵਿੱਚ ਦੇਸ਼ ਦੀ ਹੱਥਿਆਰਬੰਦ ਸੈਨਾ ਦੀਆਂ ਸਫ਼ਲਤਾਵਾਂ ਤੇ ਰਾਜਨੀਤਕ ਲਾਭ ਲੈਣ ਦੀਆਂ ਕੋਸਿ਼ਸ਼ਾਂ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਕੈਪਟਨ ਨੇ ਕਿਹਾ ਕਿ ਭਾਜਪਾ ਗੱਲਾਂ ਤਾਂ ਰਾਸ਼ਟਰਵਾਦ ਦੀਆਂ ਕਰਦੀ ਹੈ ਪਰ ਰਾਜਨੀਤੀ ਫੂੱਟ ਪਾਉਣ ਅਤੇ ਸੰਪਰਦਾਇਕਤਾ ਦੀ ਕਰਦੀ ਹੈ। ਇਸ ਤੋਂ ਉਸਦੇ ਝੂਠ ਦਾ ਪਰਦਾ ਤਾਂ ਫਾਸ਼ ਹੁੰਦਾ ਹੀ ਹੈ, ਉਸ ਦੀ ਛੋਟੀ ਮਾਨਸਿਕਤਾ ਵੀ ਸਾਹਮਣੇ ਆਉਂਦੀ ਹੈ।