ਨਿਮਰਤਾ ਤੇ ਮਿੱਠੇ ਬੋਲ : ਨਿਮਰਤਾ ਵਾਲਾ ਸੁਭਾਅ ਹੋਣਾ ਤੇ ਹਰ ਇੱਕ ਨਾਲ ਮਿੱਠਾ ਬੋਲਣਾ- ਸਾਡੇ ਜੀਵਨ ਨੂੰ ਕਾਫੀ ਹੱਦ ਤੱਕ ਹੌਲਾ ਫੁੱਲ ਕਰ ਦਿੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਹਰ ‘ਐਕਸ਼ਨ’ ਦਾ ‘ਰੀਐਕਸ਼ਨ’ ਹੁੰਦਾ ਹੈ। ਜਿਸ ਤਰ੍ਹਾਂ ਦੇ ਬੋਲ ਅਸੀਂ ਮੂੰਹੋਂ ਕੱਢਦੇ ਹਾਂ- ਉਸੇ ਤਰ੍ਹਾਂ ਦੀਆਂ ‘ਵਾਈਬਰੇਸ਼ਨ’ ਸਾਡੇ ਕੋਲ ਵਾਪਿਸ ਆਉਂਦੀਆਂ ਹਨ। ਜਿਵੇਂ- ਜਿੰਨੇ ਜ਼ੋਰ ਨਾਲ ਦੀਵਾਰ ’ਚ ਗੇਂਦ ਮਾਰੋ, ਉਨੇ ਜ਼ੋਰ ਨਾਲ ਹੀ ਵਾਪਿਸ ਆਏਗੀ। ਇਨਸਾਨ ਦੀ ਫਿਤਰਤ ਹੈ ਕਿ- ਉਹ ਆਪਣੇ ਤੋਂ ਕਮਜ਼ੋਰ ਤੇ ਰੋਹਬ ਪਾਉਂਦਾ ਹੈ- ਮਾੜਾ ਬੋਲਦਾ ਹੈ, ਪਰ ਆਪਣੇ ਤੋਂ ਤਾਕਤਵਰ ਜਾਂ ਰੁਤਬੇ ਵਿੱਚ ਵੱਡੇ ਦੇ ਅੱਗੇ ਹਮੇਸ਼ਾ ਜੀ ਜੀ ਕਰਦਾ ਹੈ। ਕੁੱਝ ਦਿਨ ਹੋਏ ਇੱਕ ਵੀਡੀਓ ਦੇਖੀ: ਇੱਕ ਬੌਸ ਨੇ ਆਪਣੀ ਕਰਮਚਾਰੀ ਨੂੰ ਖੂਬ ਡਾਂਟਿਆ- ਕਰਮਚਾਰੀ ਉਸ ਨੂੰ ਤਾਂ ਕੁੱਝ ਨਾ ਕਹਿ ਸਕਿਆ, ਪਰ ਉਸ ਨੇ ਆਪਣਾ ਗੁੱਸਾ ਘਰ ਆ ਕੇ ਬੀਵੀ ਤੇ ਕੱਢਿਆ। ਬੀਵੀ ਵੀ ਉਸ ਨੂੰ ਜਵਾਬ ਨਾ ਦੇ ਸਕੀ- ਪਰ ਗੁੱਸੇ ਵਿੱਚ ਉਸ ਨੇ ਵੱਡੇ ਮੁੰਡੇ ਦੇ ਦੋ ਥੱਪੜ ਜੜ ਦਿੱਤੇ। ਵੱਡੇ ਨੇ ਆਪਣੇ ਛੋਟੇ ਭਰਾ ਨੂੰ ਕੁੱਟ ਕੇ ਗੁੱਸਾ ਸ਼ਾਂਤ ਕੀਤਾ। ਛੋਟੇ ਨੇ ਆਪਣੇ ਪਾਲਤੂ ਕੁੱਤੇ ਦੇ ਲੱਤ ਕੱਢ ਮਾਰੀ। ਕੁੱਤਾ ਡਰਦਾ ਬਾਹਰ ਦੌੜ ਗਿਆ ਤੇ ਉਸ ਨੇ ਇੱਕ ਬੰਦੇ ਦੇ ਜਾ ਚੱਕ ਵੱਢਿਆ। ਤੇ ਇਹ ਬੰਦਾ ਪਤਾ ਕੌਣ ਸੀ?- ਉਹੀ ਡਾਂਟਣ ਵਾਲਾ ਬੌਸ!
ਨਿਮਰਤਾ ਰੱਖਣ ਨਾਲ ਬੰਦਾ ਛੋਟਾ ਨਹੀਂ ਹੋ ਜਾਂਦਾ- ਸਗੋਂ ਦੂਜਿਆਂ ਦਾ ਦਿਲ ਜਿੱਤ ਲੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਫੁਰਮਾ ਰਹੇ ਹਨ ਕਿ- ਮਿੱਠਾ ਬੋਲਣ ਦਾ ਗੁਣ ਸਭ ਚੰਗਿਆਈਆਂ ਦਾ ਤੱਤ ਹੈ-
ਮਿੱਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥(ਅੰਗ 470)
ਕੌੜੇ ਬੋਲ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ, ਦੋਹਾਂ ਤੇ ਬੁਰਾ ਅਸਰ ਪਾਉਂਦੇ ਹਨ-
ਨਾਨਕ ਫਿੱਕੈ ਬੋਲਿਐ ਤਨੁ ਮਨੁ ਫਿਕਾ ਹੋਇ॥(ਅੰਗ 473)
ਸਾਥੀਓ- ਆਪਾਂ ਰੋਜ਼ਾਨਾ ਜੀਵਨ ਵਿੱਚ ਦੇਖਦੇ ਹਾਂ ਕਿ- ਕਈ ਅੜੇ ਹੋਏ ਕੰਮ ਵੀ, ਨਿਮਰਤਾ ਤੇ ਮਿੱਠੇ ਬੋਲਾਂ ਨਾਲ ਸਹਿਜੇ ਹੀ ਹੋ ਜਾਂਦੇ ਹਨ। ਪਰ ਇਸ ਨੂੰ ਵੀ ਆਪਣੇ ਜੀਵਨ ਦੀ ਆਦਤ ਬਨਾਉਣ ਲਈ- ਸ਼ੁਰੂਆਤ ਘਰ ਪਰਿਵਾਰ ਤੋਂ ਕਰਨੀ ਪਵੇਗੀ। ਸਾਨੂੰ ਨਵੀਂ ਪੀੜ੍ਹੀ ਨਾਲ ਸ਼ਿਕਾਇਤ ਰਹਿੰਦੀ ਹੈ ਕਿ ਇਹ ਵੱਡਿਆਂ ਨਾਲ ‘ਪੋਲਾਈਟਲੀ’ ਨਹੀਂ ਬੋਲਦੇ। ਪਰ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਅਸੀਂ ਬਚਪਨ ਤੋਂ ਉਨ੍ਹਾਂ ਦੇ ਸਾਹਮਣੇ ਇੱਕ ਦੂਜੇ ਨਾਲ ‘ਪੋਲਾਈਟਲੀ’ ਬੋਲੇ ਹਾਂ? ਅੱਜ ਇਹ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ- ਜੇ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਇਹ ਗੁਣ ਧਾਰਨ ਕਰ ਲਈਏ ਤਾਂ ਸਾਡੇ ਘਰਾਂ ਨੂੰ ਸਵਰਗ ਬਨਣ ਵਿੱਚ ਦੇਰ ਨਹੀਂ ਲੱਗਣੀ!
ਭੁੱਲਣ ਲਈ ਮੁਆਫ਼ ਕਰੋ : ਦੁਨੀਆਂ ਵਿੱਚ ਵਿਚਰਦਿਆਂ ਸਾਡੇ ਕੋਲੋਂ ਜਾਣੇ ਅਨਜਾਣੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਗਲਤੀ ਦੀ ਮੁਆਫੀ ਮੰਗ ਲੈਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ- ਤੇ ਮੁਆਫ ਕਰਨ ਵਾਲਾ ਤਾਂ ਉਸ ਤੋਂ ਵੀ ਮਹਾਨ ਹੁੰਦਾ ਹੈ। ਮੁਆਫ ਕਰਦਿਆਂ ਕਿਸੇ ਤੇ ਅਹਿਸਾਨ ਨਹੀਂ ਕਰਨਾ ਚਾਹੀਦਾ- ਸਗੋਂ ਇਹ ਤਾਂ ਆਪਣੇ ਆਪ ਤੇ ਇੱਕ ਪਰਉਪਕਾਰ ਹੈ। ਜਦ ਤੱਕ ਅਸੀਂ ਕਿਸੇ ਨੂੰ ਮੁਆਫ ਨਹੀਂ ਕੀਤਾ ਹੁੰਦਾ, ਉਦੋਂ ਤੱਕ ਸਾਡੇ ਮਨ ਵਿੱਚ ਉਸ ਪ੍ਰਤੀ ਨਫਰਤ ਜਾਂ ਈਰਖਾ, ਲਗਾਤਾਰ ਜਾਰੀ ਰਹਿੰਦੀ ਹੈ- ਜੋ ਸਾਡੇ ਅੰਦਰ ਕਈ ਬੀਮਾਰੀਆਂ ਨੂੰ ਜਨਮ ਦੇ ਸਕਦੀ ਹੈ। ਸੋ ਦੂਜਿਆਂ ਨੂੰ ਮੁਆਫ ਕਰਕੇ ਅਸੀਂ ਅਸਲ ਵਿੱਚ ਆਪਣੇ ਮਨ ਤੇ ਪਿਆ ਮਣਾਂ ਮੂੰਹੀਂ ਬੋਝ ਉਤਾਰ ਕੇ, ਹੌਲ਼ੇ ਫੁੱਲ ਹੋ ਜਾਂਦੇ ਹਾਂ। ਇੱਕ ਧਾਰਮਿਕ ਕੈਂਪ ਵਿੱਚ ਸਾਨੂੰ ਇਹ ਪ੍ਰੈਕਟੀਕਲ ਕਰਵਾਇਆ ਸੀ ਕਿ- ‘ਜਿਸ ਜਿਸ ਬੰਦੇ ਨੇ ਜ਼ਿੰਦਗੀ ‘ਚ ਤੁਹਾਡਾ ਦਿਲ ਦੁਖਾਇਆ- ਉਹਨਾਂ ਦੀ ਲਿਸਟ ਬਣਾ ਕੇ- ਇੱਕ ਇੱਕ ਨੂੰ ਦਿਲੋਂ ਮੁਆਫ ਕਰਕੇ- ਉਸਦਾ ਨਾਮ ਕੱਟੀ ਜਾਓ- ਤੇ ਭੁੱਲ ਜਾਓ ਕਿ ਕਿਸੇ ਨੇ ਤੁਹਾਨੂੰ ਕਦੇ ਦੁਖੀ ਕੀਤਾ ਸੀ’। ਮਾਨਸਿਕ ਬੀਮਾਰੀਆਂ ਤੋਂ ਬਚਣ ਦਾ ਵੀ, ਇਹ ਇੱਕ ਸਰਲ ਉਪਾਅ ਹੈ।
ਸਾਡੇ ਤਾਂ ਦਸ਼ਮੇਸ਼ ਪਿਤਾ ਨੇ, 40 ਸਿੰਘਾਂ ਵਲੋਂ ਲਿਖਿਆ ਹੋਇਆ ਬੇਦਾਵਾ ਪਾੜ ਕੇ ਸਾਨੂੰ ਖਿਮਾ ਕਰਨ ਦੀ ਜਾਚ ਸਿਖਾਈ ਹੈ। ਜੇ ਅਸੀਂ ਇਸ ਗੁਣ ਨੂੰ ਜੀਵਨ ਵਿੱਚ ਧਾਰਨ ਕਰ ਲਈਏ ਤਾਂ ਸਾਡੇ ਘਰਾਂ ਦੇ ਕਲਾ-ਕਲੇਸ਼ ਸਹਿਜੇ ਹੀ ਸਮਾਪਤ ਹੋ ਸਕਦੇ ਹਨ। ਪਰ ਅਕਸਰ ਹੁੰਦਾ ਇਹ ਹੈ ਕਿ- ਨਿੱਕੀ ਨਿੱਕੀ ਗੱਲ ਨੂੰ ‘ਈਗੋ’ ਇਸ਼ੂ ਬਣਾ, ਅਸੀਂ ਇੱਕ ਦੂਜੇ ਦੀਆਂ ਗਲਤੀਆਂ ਨਜ਼ਰ ਅੰਦਾਜ਼ ਨਹੀਂ ਕਰਦੇ। ਕਈ ਤਾਂ ਏਥੋਂ ਤੱਕ ਵੀ ਕਹਿ ਦੇਣਗੇ ਕਿ- ‘ਫਲਾਨੇ ਨੇ ਮੈਨੂੰ ਇੰਨਾ ਦੁਖੀ ਕੀਤਾ- ਮੈਂ ਉਸ ਨੂੰ ਸੱਤ ਜਨਮਾਂ ਤੱਕ ਮੁਆਫ ਨਹੀਂ ਕਰ ਸਕਦਾ ਜਾਂ ਸਕਦੀ’। ਪਰ ਉਹ ਇਹ ਨਹੀਂ ਸੋਚਦਾ ਕਿ ਇਸ ਨਾਲ, ਉਹ ਆਪਣਾ ਹੀ ਨੁਕਸਾਨ ਕਰ ਰਿਹਾ। ਜੇ ਅਸੀਂ ਆਪਣੇ ਜੀਵਨ ਨੂੰ ਸੁਖਾਵਾਂ ਬਨਾਉਣਾ ਚਾਹੁੰਦੇ ਹਾਂ ਤਾਂ ਸਾਨੂੰ ‘ਫੌਰਗਿਵ ਟੂ ਫੌਰਗੈਟ’ ਦੇ ਅਸੂਲ ਨੂੰ ਅਪਨਾਉਣਾ ਪਵੇਗਾ।
ਸਿਮਰਨ ਸਾਧਨਾ : ਕਈ ਵਾਰੀ ਦੇਖਿਆ ਗਿਆ ਕਿ- ਜ਼ਿੰਦਗੀ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ, ਅੰਦਰ ਇੱਕ ਖਾਲੀਪਨ ਮਹਿਸੂਸ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਤਨ-ਮਨ ਦੀਆਂ ਲੋੜਾਂ ਤਾਂ ਪੂਰੀਆਂ ਕਰ ਲਈਆਂ ਪਰ ਆਤਮਾ ਦੀ ਖੁਰਾਕ ਵੱਲ ਧਿਆਨ ਨਹੀਂ ਦਿੱਤਾ। ਜਿਵੇਂ ਸਾਡੀ ਸਰੀਰ ਰੂਪੀ ਮਸ਼ੀਨ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ, ਪੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ- ਉਸੇ ਤਰ੍ਹਾਂ ਹੀ ਸਾਡੀ ਆਤਮਾ ਨੂੰ ਵੀ ਖੁਰਾਕ ਦੀ ਲੋੜ ਹੈ- ਤੇ ਉਹ ਹੈ ਸਿਮਰਨ ਸਾਧਨਾ। ਸਾਡੀ ਆਤਮਾ, ਪ੍ਰਮਾਤਮਾ ਦਾ ਹੀ ਅੰਸ਼ ਹੈ ਤੇ ਇਹ ਸਾਡੇ ਸਰੀਰ ਦਾ ਡਰਾਈਵਰ ਹੈ। ਇਸ ਦੀ ਤ੍ਰਿਪਤੀ ਲਈ, ਆਪਣੇ ਸਵਾਸਾਂ ਦਾ ਦਸਵੰਧ, ਪ੍ਰਮਾਤਮਾ ਦੀ ਯਾਦ ਵਿੱਚ ਲਾਉਣਾ ਵੀ ਬੇਹੱਦ ਜਰੂਰੀ ਹੈ। ਜਿਵੇਂ ਆਪਣੇ ਫੋਨ ਨੂੰ ਸਵੇਰੇ ਚਾਰਜ ਕਰਨਾ ਪੈਂਦਾ ਹੈ ਤਾਂ ਕਿ ਉਹ ਸਾਰਾ ਦਿਨ ਚਲ ਸਕੇ- ਇਸੇ ਤਰ੍ਹਾਂ ਆਪਣੇ ਸਰੀਰ ਦੀ ਬੈਟਰੀ ਨੂੰ ਵੀ ਸਵੇਰੇ ਘੱਟੋ ਘੱਟ ਇੱਕ ਘੰਟਾ ਚਾਰਜ ਕਰਨਾ ਜਰੂਰੀ ਹੈ ਤਾਂ ਕਿ ਉਹ ਸਾਰੇ ਦਿਨ ਦਾ ਕਾਰੋਬਾਰ ਸਹੀ ਢੰਗ ਨਾਲ ਕਰ ਸਕੇ। ਇਸ ਤੋਂ ਬਿਨਾ ਜੇ ਦਿਨ ਵੇਲੇ ਜਾਂ ਵੀਕਐਂਡ ਤੇ ਸਮਾਂ ਮਿਲੇ ਤਾਂ- ਸਤ-ਸੰਗਤ ਜਾਂ ਕਥਾ ਕੀਰਤਨ ਵੀ ਸੁਣਿਆਂ ਜਾਵੇ। ਗੱਲ ਕੀ, ਉਸ ਪ੍ਰਮਾਤਮਾ ਦੀ ਯਾਦ ‘ਚ ਜੁੜਨਾ- ਜਿਸ ਨੇ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ ਹੈ। ਪਰ ਓਸ ਦੀ ਯਾਦ ਵਿੱਚ ਬਿਤਾਇਆ ਇਹ ‘ਕੁਆਲਿਟੀ ਟਾਈਮ’ ਹੋਣਾ ਚਾਹੀਦਾ ਨਾ ਕਿ ਖਾਨਾ- ਪੂਰਤੀ। ਕਈ ਵਾਰੀ ਅਸੀਂ ਪਾਠ ਵੀ ਕਰਦੇ ਹਾਂ- ਪਰ ਮਨ ਇੱਧਰ ਉਧਰ ਦੌੜਾ ਵੀ ਫਿਰਦਾ ਹੈ। ਸੋ ਮਨ ਨੂੰ ਫਜ਼ੂਲ ਸੋਚਾਂ ਤੋਂ ਰੋਕ ਕੇ, ਵਰਤਮਾਨ ‘ਚ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਮੇਰੀ ਇੱਕ ਸਹੇਲੀ ਆਪਣਾ ਅਨੁਭਵ ਦੱਸਦੀ ਹੋਈ ਕਹਿੰਦੀ ਹੈ ਕਿ- ‘ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਿੱਤ ਨੇਮ ਕਰ ਲਈਦਾ ਹੈ ਤਾਂ ਸਾਰੇ ਦਿਨ ਦੇ ਕੰਮ ਕਾਰ ਲਈ ਇੱਕ ਤਾਕਤ ਦਾ ਕੈਪਸੂਲ ਮਿਲ ਜਾਂਦਾ ਹੈ’। ਪੰਜਵੇਂ ਪਾਤਸ਼ਾਹ ਵੀ ਸੁਖਮਨੀ ਸਾਹਿਬ ਵਿੱਚ ਸਾਨੂੰ ਸਮਝਾ ਰਹੇ ਹਨ ਕਿ-
ਸਿਮਰਉ ਸਿਮਰ ਸਿਮਰ ਸੁਖੁ ਪਾਵਉ॥
ਕਲਿ ਕਲੇਸ ਤਨ ਮਾਹਿ ਮਿਟਾਵਉ॥ (ਅੰਗ 262)
ਘਰ ਦਾ ਕੋਈ ਇੱਕ ਕੋਨਾ ਚੁਣ ਲਵੋ ਜਿੱਥੇ ਇਕਾਗਰ ਚਿੱਤ ਹੋ ਕੇ, ਉਸ ਕਰਤੇ ਦੀ ਯਾਦ ਵਿੱਚ ਕੁਝ ਸਮਾਂ ਜੁੜਿਆ ਜਾ ਸਕੇ। ਸੋ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜੇ ਤੁਸੀਂ ਆਪਣੇ ਮਨ ਦੀ ਸ਼ਾਂਤੀ ਚਾਹੁੰਦੇ ਹੋ- ਤਾਂ ਅਜ਼ਮਾ ਵੇਖੋ!
ਪੌਸ਼ਟਿਕ ਭੋਜਨ ਅਤੇ ਕਸਰਤ : ਪੌਸ਼ਟਿਕ ਭੋਜਨ ਕਿਹੋ ਜਿਹਾ ਹੋਵੇ? ਇਸ ਲਈ ਸਾਨੂੰ ਚਾਰ ਪਹਿਲੂਆਂ ਤੇ ਵਿਚਾਰ ਕਰਨੀ ਪਵੇਗੀ। ਪਹਿਲਾ- ਜਿਸ ਕਮਾਈ ਨਾਲ ਘਰ ਵਿੱਚ ਗਰੌਸਰੀ ਆ ਰਹੀ ਹੈ- ਉਹ ਕਿਸ ਤਰ੍ਹਾਂ ਦੀ ਹੈ? ਈਮਾਨਦਾਰੀ ਦੀ ਹੈ ਕਿ ਬੇਈਮਾਨੀ ਦੀ? ਦੂਸਰਾ- ਉਸ ਨੂੰ ਪਕਾਉਣ ਵਾਲੀ ਦੇ ਮਨ ਦੀ ਸਥਿਤੀ ਕਿਹੋ ਜਿਹੀ ਹੈ? ਤੀਸਰਾ- ਕਿਹੜਾ ਭੋਜਨ ਬਣਾ ਰਹੇ ਹੋ? ਚੌਥਾ- ਛਕਣ ਵੇਲੇ ਮਨ ਦੀ ਸਥਿਤੀ ਕਿਹੋ ਜਿਹੀ ਹੈ?
ਸੋ ਪਹਿਲਾਂ ਤਾਂ ਸਾਡੀ ਕਿਰਤ ਕਮਾਈ ਸੁੱਚੀ ਹੋਵੇ। ਕਿਸੇ ਦਾ ਦਿਲ ਦੁਖਾ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਜਾਂ ਰਿਸ਼ਵਤ ਵਾਲੇ ਧਨ ਨਾਲ ਕਮਾਈ ਰੋਟੀ- ਪਰਿਵਾਰ ਦੇ ਸਰੀਰ ਵਿੱਚ ਵਿਕਾਰ ਪੈਦਾ ਕਰੇਗੀ। ਗੁਰੂੁ ਨਾਨਕ ਦੇਵ ਜੀ ਨੇ ਏਸੇ ਕਾਰਨ ਕਰਕੇ ਹੀ ਮਲਕ ਭਾਗੋ ਦੇ ਪਕਵਾਨਾਂ ਨੂੰ ਠੁਕਰਾ- ਭਾਈ ਲਾਲੋ ਦੀ ਰੁੱਖੀ ਮਿੱਸੀ ਨੂੰ ਪਰਵਾਨ ਕੀਤਾ ਸੀ। ਦੁਸਰਾ- ਖਾਣਾ ਬਨਾਉਣ ਵੇਲੇ ਮਨ ਸ਼ਾਂਤ, ਪ੍ਰੇਮ ਭਾਵਨਾ ਵਾਲਾ ਹੋਵੇ ਤੇ ਖੁਸ਼ੀ ਨਾਲ ਖਾਣਾ ਬਣਾਇਆ ਜਾਵੇ। ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ, ਸੇਵਾ ਭਾਵ ਨਾਲ ਬਣਾਇਆ ਭੋਜਨ, ਅੰਮ੍ਰਿਤ ਬਣ ਜਾਂਦਾ ਹੈ। ਗੁਰੂੁ ਘਰਾਂ ਵਿੱਚ ਲੰਗਰ ਇਸੇ ਕਾਰਨ ਹੀ ਵੱਧ ਸੁਆਦੀ ਹੁੰਦਾ ਹੈ ਕਿਉਂਕਿ ਉਸ ਵਿੱਚ ‘ਪੌਜ਼ਿਟਵ ਵਾਈਬਰੇਸ਼ਨ’ ਹੁੰਦੀਆਂ ਹਨ। ਤੀਸਰਾ- ਭੋਜਨ ਵਿੱਚ ਹਰੀਆਂ ਸਬਜੀਆਂ, ਘੱਟ ਫੈਟ, ਵੱਧ ਕੈਲੋਰੀਜ਼, ਵੱਧ ਫਾਈਬਰ, ਘੱਟ ਤਲਿਆ, ਘੱਟ ਮਸਾਲੇ, ਘੱਟ ਮਿਠਾਸ, ਘੱਟ ਨਮਕ ਤੇ ਪੌਸ਼ਟਿਕ ਹੋਵੇ। ਚੌਥਾ ਹੈ- ਛਕਣ ਵੇਲੇ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ। ਪੰਜਵੇਂ ਪਤਾਸ਼ਾਹ ਵੀ ਸਮਝਾ ਰਹੇ ਹਨ ਕਿ-
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਵੈ॥
ਤਿਸ ਠਾਕਰ ਕੋ ਰਖ ਮਨ ਮਾਹਿ॥ (ਅੰਗ 269)
ਕੋਸ਼ਿਸ਼ ਕੀਤੀ ਜਾਵੇ ਕਿ ਪਰਿਵਾਰ ਇਕੱਠਾ ਬਹਿ ਕੇ ਭੋਜਨ ਛਕੇ। ਆਪਸ ਵਿੱਚ ਪ੍ਰੇਮ ਭਾਵਨਾ ਨਾਲ ਤੇ ਸ਼ਾਂਤ ਮਨ ਨਾਲ ਛਕਿਆ ਭੋਜਨ, ਸਾਡੀ ਸੇਹਤ ਲਈ ਸੁਖਦਾਈ ਹੋਏਗਾ। ਭੋਜਨ ਛਕਣ ਸਮੇਂ ਤੇ ਪਕਾਉਣ ਸਮੇਂ, ਟੀ. ਵੀ. ਬੰਦ ਰੱਖਿਆ ਜਾਵੇ ਤਾਂ ਬੇਹਤਰ ਹੋਏਗਾ।
ਇਸ ਦੇ ਨਾਲ ਹੀ ਇਹ ਸੁਆਲ ਵੀ ਪੈਦਾ ਹੁੰਦਾ ਹੈ ਕਿ- ਕੀ ਬਾਹਰੋਂ ਖਾਧਾ ਭੋਜਨ ਨੁਕਸਾਨਦੇਹ ਹੈ? ਜੇ ਹੈ ਤਾਂ ਕਿੱਦਾਂ? ਕਈ ਵਾਰੀ ਮਜਬੂਰੀ ਵੱਸ ਬਾਹਰ ਦਾ ਖਾਣਾ ਖਾਣਾ ਵੀ ਪੈਂਦਾ ਹੈ- ਪਰ ਕੋਸ਼ਿਸ਼ ਕੀਤੀ ਜਾਵੇ ਕਿ ਬਾਹਰ ਜਾਣ ਲੱਗਿਆਂ, ਕੁੱਝ ਘਰੋਂ ਹੀ ਨਾਲ ਲੈ ਕੇ ਤੁਰਿਆ ਜਾਵੇ। ਕਿਉਂਕਿ ਸਾਨੂੰ ਨਹੀਂ ਪਤਾ ਕਿ- ਬਾਹਰ ਦੇ ਖਾਣੇ ਲਈ ਕਿਸ ਤਰ੍ਹਾਂ ਦਾ ਸਮਾਨ ਵਰਤਿਆ ਗਿਆ ਜਾਂ ਬਨਾਉਣ ਵਾਲਿਆਂ ਨੇ ਕਿਸ ਤਰ੍ਹਾਂ ਦੇ ਮਨ ਨਾਲ ਬਣਾਇਆ।
ਪੌਸ਼ਟਿਕ ਭੋਜਨ ਦੇ ਨਾਲ, ਕਸਰਤ ਵੀ ਬੇਹੱਦ ਜਰੂਰੀ ਹੈ। ਲੰਬੀ ਸੈਰ, ਯੋਗਾ ਆਦਿ ਕਰਕੇ ਸਰੀਰ ਰੂਪੀ ਮਸ਼ੀਨ ਦੇ ਹਰ ਇੱਕ ਪੁਰਜ਼ੇ (ਅੰਗ) ਨੂੰ ਹਿਲਾਉਣਾ, ਇਸ ਦੇ ਵਧੀਆ ਕੰਮ ਕਰਨ ‘ਚ ਸਹਾਈ ਹੁੰਦਾ ਹੈ। ਸਾਡੇ ਜੋੜਾਂ ਦੇ ਜਾਮ ਹੋ ਜਾਣ ਦਾ ਕਾਰਨ, ਕਸਰਤ ਦੀ ਘਾਟ ਹੀ ਹੁੰਦਾ ਹੈ। ਜੇ ਬਚਪਨ ਤੋਂ ਹੀ ਇਸ ਦੀ ਆਦਤ ਪਾ ਲਈ ਜਾਵੇ ਤਾਂ ਬੁਢਾਪੇ ਤੱਕ ਬਹੁਤ ਸਾਰੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ, ਬਹੁਤੇ ਕੰਮ ਕੰਪਿਉਟਰ ਤੇ ਬੈਠ ਕਰਨੇ ਪੈਂਦੇ ਹਨ- ਜਿਸ ਨਾਲ ‘ਫਿਜ਼ੀਕਲ ਵਰਜਿਸ਼’ ਨਹੀਂ ਹੁੰਦੀ। ਸੋ ਇਸ ਲਈ ਸਾਨੂੰ ਸਵੇਰੇ ਸ਼ਾਮ- ਕੁੱਝ ਸਮਾਂ ਕੱਢਣਾ ਪਏਗਾ।
ਗੁਣ ਨੂੰ ਆਦਤ ਬਨਾਉਣਾ : ਪ੍ਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਜਰੂਰ ਦਿੱਤਾ ਹੈ। ਕੋਈ ਸੁਹਣਾ ਗਾ ਸਕਦਾ ਹੈ, ਕੋਈ ਲਿਖ ਸਕਦਾ ਹੈ, ਕੋਈ ਖੇਡਾਂ ‘ਚ ਨਿਪੁੰਨ ਹੈ, ਕੋਈ ਵਧੀਆ ਬੁਲਾਰਾ ਹੈ- ਕੋਈ ਪੇਂਟਰ ਹੈ। ਗੱਲ ਕੀ- ਹਰ ਬੰਦੇ ਦਾ ਇਹ ਕੁਦਰਤੀ ਗੁਣ ਉਸ ਦੀ ‘ਹੌਬੀ’ ਕਹਾਉਂਦਾ ਹੈ। ਆਪਣੇ ਸ਼ੌਕ ਦਾ ਕੰਮ ਕਰਦੇ ਹੋਏ, ਬੰਦੇ ਨੂੰ ਦੁਨੀਆਂ ਭੁੱਲ ਜਾਂਦੀ ਹੈ। ਮਨ ਇਕਾਗਰ ਹੋ ਜਾਂਦਾ ਹੈ। ਸੋ ਮਨ ਨੂੰ ਫਜ਼ੂਲ ਵਿਚਾਰਾਂ ਤੋਂ ਰੋਕਣ ਲਈ, ਆਪਣੇ ਸ਼ੌਕ ਨੂੰ ਆਦਤ ਬਣਾ ਲੈਣਾ- ਬਹੁਤ ਕਾਰਗਰ ਸਿੱਧ ਹੁੰਦਾ ਹੈ। ਜੇ ਸਾਡਾ ਸ਼ੌਕ ਕਿੱਤਾ ਨਹੀਂ ਬਣ ਸਕਿਆ ਤਾਂ ਵੀ ਕਾਰੋਬਾਰ ਕਰਦਿਆਂ, ਕੁੱਝ ਸਮਾਂ ਇਸ ਲਈ, ਕੱਢਣਾ ਜਰੂਰੀ ਹੈ- ਜੋ ਸਾਨੂੰ ਅੰਦਰੂਨੀ ਖੁਸ਼ੀ ਪ੍ਰਦਾਨ ਕਰੇਗਾ। ਇਹ ਸਾਨੂੰ ਇਕੱਲੇਪਨ ਜਾਂ ਡਿਪਰੈਸ਼ਨ ਤੋਂ ਤਾਂ ਬਚਾਉਂਦਾ ਹੀ ਹੈ- ਪਰ ਕਈ ਵਾਰੀ ਇਸੇ ਗੁਣ ਕਾਰਨ ਸਾਡੀ ਸਮਾਜ ਵਿੱਚ ਨਿਵੇਕਲੀ ਪਹਿਚਾਣ ਵੀ ਬਣ ਜਾਂਦੀ ਹੈ- ਇਹ ਮੇਰਾ ਨਿੱਜੀ ਤਜਰਬਾ ਹੈ।
ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਹੋਣਾ: ਅੱਜ ਦੇ ਜ਼ਮਾਨੇ ਵਿੱਚ ਅਸੀਂ ਆਪਣੇ ਦੁੱਖਾਂ ਨਾਲ ਇੰਨੇ ਦੁਖੀ ਨਹੀਂ- ਜਿੰਨਾ ਦੂਜਿਆਂ ਦੇ ਸੁੱਖ ਦੇਖ ਦੇਖ ਕੇ ਹੁੰਦੇ ਹਾਂ। ਕਿਸੇ ਦੀ ਖੁਸ਼ੀ ਸਾਥੋਂ ਜਰ ਹੀ ਨਹੀਂ ਹੁੰਦੀ। ਅਸੀਂ ਉਪਰਲੇ ਮਨੋਂ ਵਧਾਈ ਵੀ ਦੇ ਆਉਂਦੇ ਹਾਂ- ਪਰ ਅੰਦਰੋ ਅੰਦਰੀ ਈਰਖਾ ਵੱਸ ਸੜ ਕੇ ਸੁਆਹ ਹੋਏ ਹੁੰਦੇ ਹਾਂ- ਤੇ ਫਿਰ ਉਸਨੂੰ ਨੀਵਾਂ ਕਰਨ ਦੇ ਆਹਰ ਲੱਗ ਜਾਂਦੇ ਹਾਂ।
ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰ, ਉਸ ਤੋਂ ਵੱਡਾ ਘਰ, ਵੱਡੀ ਗੱਡੀ, ਜਾਂ ਉਸ ਤੋਂ ਵੱਡੀ ਪਾਰਟੀ ਜਾਂ ਵਿਆਹ ਕਰਕੇ, ਉਸ ਨੂੰ ਸਾੜਨਾ ਚਾਹੁੰਦੇ ਹਾਂ। ਬੱਸ ਇਸੇ ਦੌੜ ਵਿੱਚ ਹਰ ਕੋਈ, ਆਪਣਾ ਨੁਕਸਾਨ ਕਰੀ ਜਾਂਦਾ ਹੈ। ਦੂਜਿਆਂ ਦੇ ਗੁਣਾਂ ਦੀ ਜਾਂ ਉਸ ਦੀ ਕਿਸੇ ਪ੍ਰਾਪਤੀ ਦੀ ਕਦਰ ਕਰਨੀ, ਖੁਸ਼ ਹੋਣਾ, ਤੇ ਬਣਦੀ ਸਿਫਤ ਕਰਨੀ- ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ। ਉਪਰਲੇ ਮਨੋਂ ਤਾਂ ਹਰ ਕੋਈ ਵਾਹ ਵਾਹ ਕਰਕੇ, ਖੁਸ਼ਾਮਦ ਕਰ ਦਿੰਦਾ ਹੈ। ਸਾਡੇ ਵਿਚੋਂ ਬਹੁਤਿਆਂ ਨੂੰ ਆਪਣੇ ਵਿਚਾਰ ਉੱਤਮ ਲਗਦੇ ਹਨ- ਤੇ ਦੂਜਿਆਂ ਦੀ ਨੁਕਤਾਚੀਨੀ ਕਰਨੀ ਉਹਨਾਂ ਦੀ ਆਦਤ ਬਣ ਜਾਂਦਾ ਹੈ। ਕੁੱਝ ਲੋਕ ਤਾਂ ਅਜੇਹੀ ਸੋਚ ਦੇ ਮਾਲਕ ਹਨ- ਕਿ ਕਿਸੇ ਦੀ ਖੁਸ਼ੀ ਜਾਂ ਹੋ ਰਹੀ ਪ੍ਰਸ਼ੰਸਾ ਨੂੰ ਬਰਦਾਸ਼ਤ ਵੀ ਨਹੀਂ ਕਰ ਸਕਦੇ- ਤੇ ਮੱਥੇ ਤਿਉੜੀਆਂ ਪਾ ਲੈਂਦੇ ਹਨ। ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਹੋਣ ਨਾਲ, ਸਾਡੇ ਆਪਣੇ ਮਨ ਦੀ ਖੁਸ਼ੀ, ਆਪਣੇ ਆਪ ਦੁਗਣੀ ਹੋ ਜਾਂਦੀ ਹੈ। ਸੋ ਸਾਨੂੰ ਕਦੇ ਵੀ ਕਿਸੇ ਦੇ ਦੁੱਖ ਸੁੱਖ ਵਿੱਚ, ਅਪਣੱਤ ਨਾਲ ਸ਼ਾਮਲ ਹੋਣ ਤੋਂ, ਸੰਕੋਚ ਨਹੀਂ ਕਰਨਾ ਚਾਹੀਦਾ।
ਸਾਥੀਓ- ਮਨੁੱਖਾ ਜੀਵਨ ਕੁਦਰਤ ਵਲੋਂ ਮਿਲਿਆ ਅਨਮੋਲ ਤੋਹਫਾ ਹੈ- ਇਸ ਨੂੰ ਭੰਗ ਦੇ ਭਾੜੇ ਗੁਆ ਦੇਣਾ ਕੋਈ ਅਕਲਮੰਦੀ ਨਹੀਂ। ਕਿਉਂ ਨਾ ਕੁੱਝ ਕੁ ਨੁਕਤੇ ਆਪਣਾ ਕੇ, ਇਸ ਵਿੱਚ ਖੁਸ਼ੀਆਂ ਦੇ ਰੰਗ ਭਰ ਦੇਈਏ!
(ਸਮਾਪਤ)