ਸਾਹਨੇਵਾਲ, ਪਰਮਜੀਤ ਸਿੰਘ ਬਾਗੜੀਆ - ਡਾ. ਭੀਮ ਰਾਓ ਅੰਬੇਦਕਰ ਵੈਲਫੇਅਰ ਕਲੱਬ ਰਜਿ. ਸਾਹਨੇਵਾਲ ਵਲੋਂ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਘਾੜੇ ਡਾ. ਭੀਮ ਰਾਓ ਅੰਬੇਦਕਰ ਦਾ 128ਵਾਂ ਜਨਮ ਦਿਨ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਦਾ ਸਲਾਨਾ ਸਮਾਗਮ ਕਰਵਾ ਕੇ ਮਨਾਇਆ ਗਿਆ ਜਿਸ ਵਿਚ 21 ਲੜਕੀਆਂ ਦੇ ਵਿਆਹ ਕੀਤੇ ਗਏ ਅਤੇ ਸੰਸਥਾ ਵਲੋਂ ਹਰੇਕ ਲੜਕੀ ਨੂੰ ਲਗਭਗ 75 ਹਜਾਰ ਦਾ ਘਰੇਲੂ ਸਮਾਨ ਦੇ ਕੇ ਸਹੁਰੇ ਘਰ ਤੋਰਿਆ ਗਿਆ। ਕਲੱਬ ਵਲੋਂ ਹੁਣ ਤੱਕ 356 ਲੜਕੀਆਂ ਦੇ ਵਿਆਹ ਕਰਵਾਏ ਜਾ ਚੁਕੇ ਹਨ। ਸੰਸਥਾ ਦੇ ਪ੍ਰਧਾਨ ਸ. ਗੁਰਦੀਪ ਸਿੰਘ ਕੌਲ ਵਲੋਂ ਆਪਣੀ ਜਥੇਬਂੰਦਕ ਟੀਮ ਨਾਲ ਮਿਲਕੇ ਉਲੀਕਆਂ ਜਾਂਦਾ ਇਹ ਸਮੂਹਿਕ ਵਿਆਹ ਸਮਾਗਮ ਇਲਾਕੇ ਵਿਚ ਹਰ ਵਾਰ ਉਸਾਰੂ ਚਰਚਾ ਛੇੜ ਜਾਂਦਾ ਹੈ। ਸਾਰੇ ਪਰਿਵਾਰਾਂ ਦਾ ਪਹਿਲਾਂ ਜਿਫਕੋ ਰਿਜੋਰਟ ਵਿਖੇ ਸਵਾਗਤ ਕਰਨ ਉਪਰੰਤ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ, ਸਾਹਨੇਵਾਲ ਵਿਖੇ ਅਨੰਦ ਕਾਰਜ ਕਰਵਾਏ ਗਏ ਇਨਹਾਂ ਵਿਚੋਂ ਇਕ ਲੜਕੀ ਮੁਸਲਿਮ ਪਰਿਵਾਰ ਦੀ ਸੀ ਜਿਸਦਾ ਨਿਕਾਹ ਪੜ੍ਹਾਉਣ ਦੇ ਪ੍ਰਬੰਧ ਕੀਤੇ ਗਏ ਸਨ।
ਸੁਭਾਗੀਆਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਲਈ ਸਿਆਸੀ ਤੇ ਸਮਾਜਿਕ ਖੇਤਰ ਦੀਆਂ ਸ਼ਖਸ਼ੀਅਤਾਂ ਦੇ ਭਰਵੀਂ ਹਾਜਰੀ ਭਰੀ। ਇਨ੍ਹਾਂ ਹਸਤੀਆਂ ਵਿਚ ਕਾਂਗਰਸ ਪਾਰਟੀ ਦੀ ਆਗੂ ਬੀਬੀ ਸਤਵਿੰਦਰ ਕੌਰ ਬਿੱਟੀ ਇੰਚਾਰਜ ਹਲਕਾ ਸਾਹਨੇਵਾਲ, ਡਾ. ਅਮਰ ਸਿੰਘ ਬੋਪਾਰਾਏ ਉਮੀਦਵਾਰ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ, ਸੁਖਜੀਤ ਸਿੰਘ ਹਰਾ ਪ੍ਰਧਾਨ ਮਿਉਂਸੀਪਲ ਕੌਂਸਲ ਸਾਹਨੇਵਾਲ, ਅਕਾਲੀ ਆਗੂ ਜਥੇਦਾਰ ਸੰਤਾ ਸਿੰਘ ਉਮੈਦਪੁਰ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਜਸਮਿੰਦਰ ਸਿੰਘ ਸੰਧੂ, ਕਲੱਬ ਦੇ ਸਰਗਰਮ ਆਗੂ ਮਨਜਿੰਦਰ ਸਿੰਘ ਭੋਲਾ, ਅਜਮੇਰ ਸਿੰਘ ਧਾਲੀਵਾਲ,ਕੁਲਜੀਤ ਸਿੰਘ, ਓਮ ਪ੍ਰਕਾਸ਼ ਗੋਇਲ ਅਤੇ ਬੁਧਰਾਮ, ਰਮੇਸ਼ ਕੁਮਾਰ ਪੱਪੂ ਆਦਿ ਵਿਸ਼ੇਸ਼ ਹਨ। ਮੈਡਮ ਰਣਧੀਰ ਕੌਰ ਏ.ਈ.ਟੀ.ਸੀ. ਹੁਸਿ਼ਆਰਪੁਰ ਨੇ ਉਚੇਚੇ ਤੌਰ ਤੇ ਪੁੱਜ ਕੇ ਇਨ੍ਹਾਂ ਲੜਕੀਆਂ ਨੂੰ ਲੋੜੀਂਦਾ ਸਮਾਨ ਦੇਣ ਵਿਚ ਸਾਥ ਦਿੱਤਾ। ਗਾਇਕ ਜੋੜੀ ਬਿੱਟੂ ਖੰਨੇਵਾਲਾ ਤੇ ਮਿਸ ਸੁਰਮਨੀ ਅਤੇ ਮਿੰਟੂ ਧੂਰੀ ਤੇ ਦਲਜੀਤ ਕੌਰ ਵਲੋਂ ਸੱਭਿਆਚਾਰਕ ਰੰਗ ਬੰਨ੍ਹਿਆ ਗਿਆ। ਸ.ਸ.ਸ.ਸ. ਸਾਹਨੇਵਾਲ ਦੇ ਵਿਦਿਆਰਥੀਆਂ ਵਲੋਂ ਮਾ. ਸਿੰ਼ਗਾਰਾ ਸਿੰਘ ਤੇ ਮਾ. ਗੁਰਸੇਵਕ ਸਿੰਘ ਦੀ ਅਗਵਾਈ ਵਿਚ ਮਲਵਈ ਗਿੱਧਾ ਪੇਸ਼ ਕੀਤਾ। ਇਸ ਸਮੂਹਿਕ ਵਿਆਹ ਦੀ ਸ਼ਾਮ ਮੌਕੇ ਮੁੱਖ ਮਹਿਮਾਨਾਂ ਸਮੇਤ ਅਣਥੱਕ ਪ੍ਰਬੰਧਕ ਅਤੇ ਵਿਆਹ ਵਾਲੇ ਜੋੜੇ ਵੀ ਨੱਚਣੋਂ ਨਾ ਰਹਿ ਸਕੇ।