ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਬਾਦਲ ਦਲੀਆ, ਬੀਜੇਪੀ ਤੇ ਆਰ.ਐਸ.ਐਸ. ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਸੰਨੀ ਦਿਓਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਸਮੇਂ ਉਪਰੋਕਤ ਫਿਰਕੂ ਜਮਾਤਾਂ ਦੇ ਮੈਬਰਾਂ ਵੱਲੋਂ ਨੰਗੇ ਸਿਰ ਦਰਬਾਰ ਸਾਹਿਬ ਦਾਖਲ ਹੋਣਾ ਅਤੇ ਫਿਰ ਉਥੇ ਸਿੱਖੀ ਮਰਿਯਾਦਾਵਾਂ ਦਾ ਘਾਣ ਕਰਕੇ ਹਰ ਹਰ ਮਹਾਦੇਵ, ਬਜਰੰਗਬਲੀ ਆਦਿ ਦੇ ਨਾਅਰੇ ਲਗਾਕੇ ਕੇਵਲ ਸ੍ਰੀ ਦਰਬਾਰ ਸਾਹਿਬ ਤੇ ਸਿੱਖ ਕੌਮ ਦੇ ਨਿਯਮਾਂ ਅਤੇ ਮਰਿਯਾਦਾਵਾਂ ਦਾ ਮਜਾਕ ਹੀ ਨਹੀਂ ਉਡਾਇਆ, ਬਲਕਿ ਸ੍ਰੀ ਦਰਬਾਰ ਸਾਹਿਬ ਦੀ ਮਨੁੱਖਤਾ ਪੱਖੀ ਅਤੇ ਅਧਿਆਤਮਿਕਤਾ ਵਾਲੇ ਮਾਹੌਲ ਨੂੰ ਬਹੁਤ ਡੂੰਘੀ ਠੇਸ ਪਹੁੰਚਾਈ ਹੈ ਜੋ ਕਿ ਬਿਲਕੁਲ ਬਰਦਾਸਤ ਕਰਨ ਯੋਗ ਨਹੀਂ । ਇਸ ਹੋਈ ਅਵੱਗਿਆ ਲਈ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਬਾਦਲ ਦਲੀਏ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ ਜਿਨ੍ਹਾਂ ਨੂੰ ਸਿੱਖ ਕੌਮ ਵੱਲੋਂ ਖ਼ਾਲਸਾ ਪੰਥ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਸਿੱਖੀ ਸੋਚ ਤੇ ਮਰਿਯਾਦਾਵਾ ਅਨੁਸਾਰ ਬਣਦੀ ਸਜ਼ਾ ਦੇਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸੰਨੀ ਦਿਓਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਫਿਰਕੂ ਜਮਾਤਾਂ ਦੇ ਮੈਬਰਾਂ ਅਤੇ ਬਾਦਲ ਦਲੀਆ ਵੱਲੋਂ ਸਿੱਖੀ ਮਰਿਯਾਦਾਵਾ ਦੇ ਕੀਤੇ ਗਏ ਘਾਣ ਅਤੇ ਫਿਰਕੂ ਨਾਅਰੇ ਲਗਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਇਨ੍ਹਾਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਅਤੇ ਹਿੰਦੂਤਵ ਫਿਰਕੂ ਜਮਾਤਾਂ ਅਤੇ ਉਨ੍ਹਾਂ ਦੇ ਆਗੂਆ ਸ੍ਰੀ ਅਡਵਾਨੀ, ਸ੍ਰੀ ਵਾਜਪਾਈ ਅਤੇ ਹੋਰਨਾਂ ਨੇ ਪਹਿਲੋ ਹੀ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਕੀਤੇ ਗਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਨੂੰ ਉਤਸਾਹਿਤ ਕਰਨ ਅਤੇ ਮਰਹੂਮ ਇੰਦਰਾ ਗਾਂਧੀ ਨੂੰ ਇਹ ਸਿੱਖ ਵਿਰੋਧੀ ਕਾਰਵਾਈ ਕਰਨ ਲਈ ਉਤਸਾਹਿਤ ਕਰਕੇ ਬੱਜਰ ਗੁਸਤਾਖੀ ਕੀਤੀ ਹੋਈ ਹੈ ਅਤੇ ਇਹ ਸਿੱਖ ਕੌਮ ਦੇ ਕਾਤਲ ਦੇ ਦੋਸ਼ੀ ਹਨ । ਹੁਣ ਉਪਰੋਕਤ ਸਮੇਂ ਇਨ੍ਹਾਂ ਫਿਰਕੂਆ ਨੂੰ ਸਿੱਖ ਵਿਰੋਧੀ ਅਮਲ ਕਰਨ ਦੀ ਖੁੱਲ੍ਹੀ ਇਜ਼ਾਜਤ ਦੇ ਕੇ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਅਤੇ ਬਾਦਲ ਦਲੀਆ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਉਪਰੋਕਤ ਫਿਰਕੂ ਜਮਾਤਾਂ ਦੇ ਇਥੋਂ ਤੱਕ ਗੁਲਾਮ ਬਣ ਚੁੱਕੇ ਹਨ ਕਿ ਗੁਰੂ ਸਾਹਿਬਾਨ ਵੱਲੋਂ ਤਹਿ ਕੀਤੀਆ ਗਈਆ ਸਿੱਖੀ ਮਰਿਯਾਦਾਵਾ ਅਤੇ ਨਿਯਮਾਂ ਦਾ ਘਾਣ ਕਰਵਾਉਣ ਵਿਚ ਵੀ ਰਤੀਭਰ ਵੀ ਸ਼ਰਮ ਮਹਿਸੂਸ ਨਹੀਂ ਕਰ ਰਹੇ ।
ਸ. ਮਾਨ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਸਮੂਹ ਧਰਮਾਂ ਅਤੇ ਕੌਮਾਂ ਨਾਲ ਸੰਬੰਧਤ ਨਿਵਾਸੀਆ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਸਭ ਧਰਮ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਅਮਲਾਂ ਦੀ ਗੱਲ ਕਰਦੇ ਹਨ । ਸਿੱਖ ਕੌਮ ਤਾਂ ਸਰਬੱਤ ਦੇ ਭਲੇ ਦੀ ਗੱਲ ਤੇ ਪਹਿਰਾ ਦੇ ਕੇ ਪੂਰਨ ਰੂਪ ਵਿਚ ਧਰਮੀ ਫਰਜਾਂ ਨੂੰ ਪੂਰਨ ਕਰਦੀ ਆ ਰਹੀ ਹੈ । ਪਰ ਮੌਜੂਦਾ ਬਾਦਲ ਦਲੀਏ ਅਤੇ ਉਨ੍ਹਾਂ ਦੀ ਸਹਿ ਤੇ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀ ਸਭ ਧਾਰਮਿਕ ਅਤੇ ਇਨਸਾਨੀ ਕਦਰਾ-ਕੀਮਤਾ ਦਾ ਘਾਣ ਕਰਕੇ ਜੋ ਸਮਾਜਿਕ ਅਤੇ ਧਰਮ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ, ਉਨ੍ਹਾਂ ਨੂੰ ਅਜਿਹੀਆ ਕਾਰਵਾਈਆ ਕਰਨ ਦੀ ਬਿਲਕੁਲ ਇਜਾਜਤ ਨਾ ਦਿੱਤੀ ਜਾਵੇ ਅਤੇ ਇਥੋਂ ਦੇ ਨਿਵਾਸੀ 19 ਮਈ ਨੂੰ ਲੋਕ ਸਭਾ ਚੋਣਾਂ ਦੇ ਸਮੇਂ ਕਰਾਰੀ ਹਾਰ ਦੇ ਕੇ ਉੱਚ ਕਦਰਾ-ਕੀਮਤਾ ਨੂੰ ਕਾਇਮ ਰੱਖਣ ਦੇ ਜਿਥੇ ਫਰਜ ਨਿਭਾਉਣ ਉਥੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਅਤੇ ਹਰ ਦੀਨ-ਦੁੱਖੀ, ਲੋੜਵੰਦ ਦੀ ਬਿਨ੍ਹਾਂ ਕਿਸੇ ਭੇਦਭਾਵ ਤੋਂ ਮਦਦ ਕਰਨ ਵਾਲੀ ਕੌਮ ਦੀਆਂ ਪੁਰਾਤਨ ਰਵਾਇਤਾ ਨੂੰ ਕਾਇਮ ਰੱਖਣ ਵਿਚ ਸਹਿਯੋਗ ਕਰਦੇ ਹੋਏ ਅਜਿਹੀਆ ਭਾਵਨਾਵਾਂ ਵਾਲੇ ਉਮੀਦਵਾਰਾਂ ਜਿਵੇਂ ਬਠਿੰਡੇ ਤੋਂ ਸ. ਗੁਰਸੇਵਕ ਸਿੰਘ ਜਵਾਹਰਕੇ ਅਤੇ ਸੰਗਰੂਰ ਤੋਂ ਦਾਸ ਚੋਣ ਲੜ ਰਹੇ ਹਨ, ਸਾਨੂੰ ਇਹ ਸਿਆਸੀ ਸ਼ਕਤੀ ਦੇ ਕੇ ਆਪਣੀ ਸੋਚ ਨੂੰ ਹੋਰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣਗੇ ।