‘ਬਾਬੇ ਨਾਨਕ ਨੂੰ ਸਭ ਪਤਾ..ਬਾਬਾ ਨਾਨਕ ਆਪੇ ਕਰੂ..!’ ਇਹ ਬੋਲ ਸਨ ਮੇਰੀ ਮਾਂ ਸੁਰਿੰਦਰ ਕੌਰ ਦੇ- ਜਿਹਨਾਂ ਨੂੰ ਅਸੀਂ ਸਤਿਕਾਰ ਨਾਲ ਬੀਜ਼ੀ ਕਹਿੰਦੇ ਸਾਂ। ਬਾਬੇ ਨਾਨਕ ਤੇ ਅਟੱਲ ਵਿਸ਼ਵਾਸ ਰੱਖਣ ਵਾਲੇ, ਸਾਡੇ ਬੀਜ਼ੀ ਦਾ ਜਨਮ, ਚੱਕ ਨੰਬਰ 208, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ, ਉਸ ਪਿੰਡ ਦੇ ਨੰਬਰਦਾਰ ਸਨ। ਪੜ੍ਹੇ ਲਿਖੇ ਹੋਣ ਕਾਰਨ, ਇਹਨਾਂ ਦੇ ਘਰ ਪਿੰਡ ਦੀ ਲਾਇਬ੍ਰੇਰੀ ਵੀ ਸੀ। ਬੀਜ਼ੀ ਨੇ ਪੰਜਵੀਂ ਪਾਸ ਕਰਕੇ, ਲਾਇਬ੍ਰੇਰੀ ਦੀਆਂ ਕਿਤਾਬਾਂ ਚੋਂ ਨਾਨਕ ਸਿੰਘ ਤੇ ਪ੍ਰੋ. ਮੋਹਨ ਸਿੰਘ ਸਮੇਤ, ਬਹੁਤ ਸਾਰੇ ਲੇਖਕਾਂ ਨੂੰ ਪੜ੍ਹ ਲਿਆ ਸੀ। ਇਸ ਤਰ੍ਹਾਂ ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨ ਦੀ ਲਗਨ ਬਚਪਨ ਵਿੱਚ ਹੀ ਲੱਗ ਗਈ। ਮੈਂ ਹੈਰਾਨ ਸਾਂ- ਜਦੋਂ ਮੈਂ ਐਮ. ਏ. ਕਰਦਿਆਂ, ਕਦੇ ਪ੍ਰੋ. ਮੋਹਨ ਸਿੰਘ ਦੀ ਕਿਸੇ ਕਵਿਤਾ ਦੀ ਗੱਲ ਕਰਨੀ ਤਾਂ ਉਹਨਾਂ ਕਹਿਣਾ- “ਇਹ ਤਾਂ ਉਹਨਾਂ ਦੀ ‘ਸਾਵੇ ਪੱਤਰ’ ਦੀ ਕਵਿਤਾ ਹੈ”।
ਸੰਨ ਸੰਤਾਲ਼ੀ ਦੇ ਮਾਰਚ ਦੇ ਮਹੀਨੇ, ਅਠਾਰਾਂ ਕੁ ਸਾਲ ਦੀ ਉਮਰ ਵਿੱਚ, ਉਹਨਾਂ ਦਾ ਵਿਆਹ ਮੇਰੇ ਪਿਤਾ ਜੀ- ਸਰਦਾਰ ਅਵਤਾਰ ਸਿੰਘ ਨੰਬਰਦਾਰ ਨਾਲ ਹੋ ਗਿਆ। ਪਿਤਾ ਜੀ ਦਾ ਪਿੰਡ- ਚੱਕ ਨੰਬਰ 101, ਤਹਿਸੀਲ ਜੜ੍ਹਾਂ ਵਾਲੀ, ਜ਼ਿਲ੍ਹਾ ਲਾਇਲਪੁਰ ਸੀ। ਪਿਤਾ ਜੀ ਦੱਸਦੇ ਹੁੰਦੇ ਸਨ ਕਿ- ਉਹਨਾਂ ਦਾ ਪਿੰਡ ਸਰਦਾਰ ਭਗਤ ਸਿੰਘ ਦੇ ਪਿੰਡ ਦੇ ਨਜ਼ਦੀਕ ਸੀ। ਬੀਜ਼ੀ ਹੋਰੀਂ ਚਾਰ ਭੈਣ ਭਰਾ ਸਨ। ਮੇਰੇ ਵੱਡੇ ਮਾਮਾ ਜੀ ਮੁਲਤਾਨ ਹਸਪਤਾਲ ਵਿੱਚ ਸਰਕਾਰੀ ਡਾਕਟਰ ਸਨ, ਛੋਟੇ ਮਾਮਾ ਜੀ ਪੁਲਿਸ ਇੰਸਪੈਕਟਰ ਸਨ। ਉਹਨਾਂ ਦੀ ਡਿਊਟੀ ਫਿਲੌਰ ਕਿਲੇ ਵਿੱਚ, ਅੰਗੂਠਿਆਂ ਦੀ ਸ਼ਨਾਖਤ ਕਰਨ ਤੇ ਸੀ- ਤੇ ਉਥੇ ਹੀ ਸਰਕਾਰੀ ਕੁਆਟਰ ਵਿੱਚ ਰਹਿੰਦੇ ਸਨ। ਉਸ ਤੋਂ ਛੋਟੇ ਬੀਜ਼ੀ ਤੇ ਫਿਰ ਮਾਸੀ ਜੀ। ਸਰਦੇ ਪੁੱਜਦੇ ਸਰਦਾਰਾਂ ਦੀ ਧੀ ਹੋਣ ਕਾਰਨ, ਬੀਜ਼ੀ ਦਾ ਵਿਆਹ ਨਾਨਾ ਜੀ ਨੇ ਬੜੀ ਸ਼ਾਨੋ ਸ਼ੌਕਤ ਨਾਲ ਕੀਤਾ- ਪਰ ਇਸ ਦਾ ਜ਼ਿਕਰ ਕਦੇ ਵੀ ਬੀਜ਼ੀ ਨੇ ਨਹੀਂ ਸੀ ਕੀਤਾ। ਮੇਰੇ ਦਾਦੀ ਜੀ ਜਰੂਰ ਦੱਸਦੇ ਹੁੰਦੇ ਸਨ ਕਿ- ਸਾਡੇ ਪਿੰਡ ਵਿੱਚ ਪਹਿਲੀ ਵਾਰੀ ਤੇਰੀ ਬੀਬੀ ਦੇ ਦਾਜ ਵਿੱਚ ਸੋਫਾ ਸੈੱਟ ਤੇ ਘੋੜੀ ਆਈ ਸੀ।
ਉਹਨਾਂ ਦਿਨਾਂ ਵਿੱਚ ਵਿਆਹ ਤੋਂ ਛੇ ਮਹੀਨੇ ਜਾਂ ਸਾਲ ਬਾਅਦ ਕੁੜੀਆਂ ਨੂੰ ਮੁਕਲਾਵੇ ਤੋਰਿਆ ਜਾਂਦਾ ਸੀ। ਪਰ ਪੰਜ ਮਹੀਨੇ ਬਾਅਦ ਹੀ, ਅਗਸਤ, 1947 ਨੂੰ ਪਾਕਿਸਤਾਨ ਬਣ ਗਿਆ ਤੇ ਦੇਸ਼ ਦੀ ਵੰਡ ਹੋ ਗਈ। ਸੋ ਬੀਜ਼ੀ ਨੂੰ ਤਾਂ ਆਪਣਾ ਸੰਦੂਕ ਖੋਲ੍ਹਣ ਦਾ ਵੀ ਮੌਕਾ ਨਾ ਮਿਲਿਆ। ਦਾਦੀ ਜੀ ਦੱਸਦੇ ਸਨ ਕਿ ਮੈਂ ਇਸ ਦੇ ਸਾਰੇ ਸਮਾਨ ਨੂੰ ਖੇਸ ਪਾਕੇ ਢੱਕ ਰੱਖਿਆ ਸੀ ਕਿ- ‘ਆ ਕੇ ਵਰਤੇਗੀ’। ਏਧਰ ਮੇਰੇ ਪਿਤਾ ਜੀ ਦੇ ਸਿਰ ਤੇ ਕੋਈ ਪਿਓ, ਦਾਦਾ ਜਾਂ ਭਰਾ ਨਹੀਂ ਸੀ। ਤਿੰਨ ਭੈਣਾਂ ਦੇ ਇੱਕਲੌਤੇ ਭਰਾ ਸਨ। ਮੇਰੀਆਂ ਦੋ ਭੂਆ ਵੱਡੀਆਂ ਤੇ ਇੱਕ ਪਿਤਾ ਜੀ ਤੋਂ ਛੋਟੀ। ਪਿਤਾ ਜੀ ਦੀ ਉਮਰ ਵੀ ਮਸਾਂ ਵੀਹ ਕੁ ਸਾਲ ਦੀ ਸੀ। ਅੱਠਵੀਂ ਪਾਸ ਕਰਨ ਬਾਅਦ ਹੀ ਉਹਨਾਂ ਨੂੰ ਖੇਤੀ ਬਾੜੀ ਸੰਭਾਲਣੀ ਪਈ- ਕਿਉਂਕਿ ਘਰ ਵਿੱਚ ਹੋਰ ਕੋਈ ਮਰਦ ਨਹੀਂ ਸੀ। ਮੇਰੇ ਨਾਨਾ ਜੀ, ਨੇ ਆ ਕੇ ਆਪਣੀ ਕੁੜਮਣੀ (ਮੇਰੇ ਦਾਦੀ ਜੀ) ਨੂੰ ਆ ਕੇ ਕਿਹਾ-“ਹਾਲਾਤ ਵਿਗੜ ਰਹੇ ਹਨ- ਪਾਕਿਸਤਾਨ ਬਣ ਜਾਣਾ ਹੈ- ਸੋ ਆਪਾਂ ਪਰਿਵਾਰ ਲੈ ਕੇ, ਦੇਸ ਚਲੇ ਜਾਈਏ”। ਪਰ ਦਾਦੀ ਜੀ ਕਹਿਣ ਲੱਗੇ-“ਰਾਜੇ ਬਦਲਦੇ ਹੁੰਦੇ- ਪਰਜਾ ਥੋੜ੍ਹੀ ਬਦਲਦੀ..? ਤੁਸੀਂ ਬੱਚਿਆਂ ਨੂੰ ਲੈ ਜਾਵੋ ਹਾਲੇ- ਰੌਲ਼ੇ ਮੁੱਕਿਆਂ ਤੇ ਵਾਪਿਸ ਆ ਜਾਣਗੇ- ਮੈਂ ਭਰਿਆ ਘਰ ਛੱਡ ਕੇ ਕਿਵੇਂ ਚਲੀ ਜਾਵਾਂ?”- ਕਹਿ ਉਹਨਾਂ ਪਿਤਾ ਜੀ ਤੇ ਮੇਰੀ ਛੋਟੀ ਭੂਆ ਨੂੰ ਉਹਨਾਂ ਦੇ ਨਾਲ ਤੋਰ ਦਿੱਤਾ।
ਨਾਨਾ ਜੀ ਸਾਰਿਆਂ ਨੂੰ ਲੈ ਕੇ ਫਿਲੌਰ ਛੋਟੇ ਮਾਮਾ ਜੀ ਕੋਲ ਆ ਗਏ- ਤੇ ਇੱਥੇ ਹੀ ਬੀਜ਼ੀ ਤੇ ਪਿਤਾ ਜੀ ਦਾ ਵਿਆਹ ਤੋਂ ਬਾਅਦ ਮਿਲਾਪ ਹੋਇਆ। ਮੈਂ ਕਈ ਵਾਰੀ ਸੋਚਦੀ ਹਾਂ ਕਿ- ਵਿਆਹ ਤੋਂ ਬਾਅਦ ਪਹਿਲੀ ਵਾਰੀ ਸਹੁਰੇ ਘਰ ਜਾਣ, ਤੇ ਆਪਣੇ ਪਤੀ ਨੂੰ ਮਿਲਣ ਦਾ ਕਿੰਨਾ ਚਾਅ ਹੁੰਦਾ ਕੁੜੀਆਂ ਨੂੰ! ਪਰ ਬੀਜ਼ੀ ਦੇ ਤਾਂ ਸਾਰੇ ਚਾਅ ਵਿੱਚੇ ਹੀ ਰਹਿ ਗਏ। ਭਾਵੇਂ ਉਹਨਾਂ ਨੂੰ ਰੀਝਾਂ ਨਾਲ ਬਣਾਏ ਦਾਜ ਨੂੰ ਦੇਖਣਾ ਵੀ ਨਸੀਬ ਨਾ ਹੋਇਆ-ਪਰ ਉਸ ਸਬਰ ਸੰਤੋਖ ਦੀ ਦੇਵੀ ਨੂੰ ਮੈਂ ਕਦੇ ਵੀ, ਰੋਂਦੇ ਪਿੱਟਦੇ ਜਾਂ ਰੱਬ ਨਾਲ ਗਿਲਾ ਕਰਦੇ ਨਹੀਂ ਸੀ ਦੇਖਿਆ। ਹਰ ਵੇਲੇ ਇਹੀ ਕਹਿੰਦੇ-“ਸ਼ੁਕਰ ਹੈ ਬਾਬੇ ਨਾਨਕ ਦਾ- ਪਰਿਵਾਰ ਦੇ ਸਾਰੇ ਜੀਅ ਸਹੀ ਸਲਾਮਤ ਏਧਰ ਆ ਗਏ”।
ਓਧਰ ਕੁੱਝ ਦਿਨ ਤਾਂ ਦਾਦੀ ਜੀ ਡਟੇ ਰਹੇ ਆਪਣੇ ਘਰ- ਪਰ ਜਦੋਂ ਪਤਾ ਲੱਗਾ ਕਿ- ਅੱਜ ਪਿੰਡ ਨੂੰ ਅੱਗ ਲਗਾ ਦਿੱਤੀ ਜਾਏਗੀ- ਤਾਂ ਰਾਤੋ ਰਾਤ ਸਾਰਾ ਪਿੰਡ ਖਾਲੀ ਹੋ ਗਿਆ। ਉਹ ਵੀ ਆਪਣੇ ਇੱਕ ਪੁਰਾਣੇ ਨੌਕਰ ਨਾਲ, ਕੁੱਝ ਕੁ ਭਾਂਡੇ ਗੱਡੇ ਤੇ ਰੱਖ, ਭਰੇ ਮਨ ਨਾਲ ਦੇਸ ਨੂੰ ਤੁਰ ਪਏ। ਤਿੰਨ ਮਹੀਨੇ ਬਾਅਦ ਇਹਨਾਂ ਦਾ ਕਾਫਲਾ ਅੰਮ੍ਰਿਤਸਰ ਪਹੁੰਚਾ। ਛੇ ਕੁ ਮਹੀਨੇ ਬਾਅਦ, ਜ਼ਮੀਨਾਂ ਅਲਾਟ ਹੋਈਆਂ। ਪਿਤਾ ਜੀ ਨੂੰ ਜੋ ਜ਼ਮੀਨ ਮਿਲੀ- ਉਸ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਮੁਸਲਮਾਨਾਂ ਦਾ ਪਿੰਡ ਸੀ- ਘਰ ਵੀ ਕੱਚਾ-ਪੱਕਾ ਸੀ। ਮੇਰੇ ਨਾਨਕਿਆਂ ਨੇ ਫਿਰ ਇੱਕ ਪਲੰਘ, ਦੋ ਕੁ ਬਿਸਤਰੇ ਤੇ ਕੁਝ ਭਾਂਡੇ ਟੀਂਡੇ ਦੇ ਕੇ, ਬੀਜ਼ੀ ਨੂੰ ਉਸ ਪੁਰਾਣੇ ਜਿਹੇ ਘਰ ਵਿੱਚ, ਸਹੁਰੇ ਮੁਕਲਾਵੇ ਤੋਰਿਆ। ਉਸ ਸਿਰੜੀ ਔਰਤ ਨੇ ਆਪਣੇ ਪਤੀ ਤੇ ਸੱਸ ਨਾਲ ਮਿਹਨਤ ਕਰਕੇ, ਉਸ ਘਰ ਨੂੰ ਮੁੜ ਵਸਾਉਣ ਵਿੱਚ ਕੋਈ ਕਸਰ ਨਾ ਛੱਡੀ।
ਅਗਲੇ ਸਾਲ ਮੇਰੇ ਵੱਡੇ ਭਰਾ ਦਾ ਜਨਮ ਹੋਇਆ- ਫਿਰ ਦੋ ਕੁ ਸਾਲ ਬਾਅਦ ਮੇਰਾ, ਫਿਰ ਛੋਟੇ ਭਰਾ ਦਾ ਤੇ ਫੇਰ ਅੱਠ ਕੁ ਸਾਲ ਬਾਅਦ ਮੇਰੀ ਛੋਟੀ ਭੈਣ ਦਾ। ਪਿਤਾ ਜੀ ਤੇ ਦਾਦੀ ਜੀ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ- ਬੀਜ਼ੀ ਘਰ ਤੇ ਬੱਚੇ ਸੰਭਾਲਦੇ। ਦਰਮਿਆਨਾ ਕੱਦ ਤੇ ਗੁੰਦਵਾਂ ਸਰੀਰ ਹੋਣ ਕਾਰਨ, ਉਹ ਕਦੇ ਥਕੇਵਾਂ ਮਹਿਸੂਸ ਨਾ ਕਰਦੇ। ਘਰ ਦੇ ਕੰਮ ਦੇ ਨਾਲ ਨਾਲ- ਡੰਗਰ ਪਸ਼ੂਆਂ ਨੂੰ ਵੀ ਪੱਠੇ ਪਾਉਂਦੇ.. ਪਾਣੀ ਪਿਲਾੳਂੁਦੇ.. ਧੁੱਪੇ ਛਾਵੇਂ ਬੰਨ੍ਹਦੇ- ਮੱਝਾਂ ਗਾਈਆਂ ਚੋਂਦੇ- ਦੁੱਧ ਸਾਂਭਦੇ..ਕਦੇ ਮੱਥੇ ਵੱਟ ਨਾ ਪਾਉਂਦੇ। ਮੈਂ ਆਪਣੀ ਸੁਰਤ ਵਿੱਚ ਉਹਨਾਂ ਨੂੰ ਸਵੇਰ ਤੋਂ ਰਾਤ ਤੱਕ ਆਰਾਮ ਕਰਦੇ ਨਹੀਂ ਸੀ ਤੱਕਿਆ। ਦੁਪਹਿਰ ਹੁੰਦੀ ਤਾਂ ਨਲਕਾ ਗੇੜ ਕੇ ਸਾਰੇ ਟੱਬਰ ਦੇ ਕੱਪੜੇ ਧੋਂਦੇ। ਰਾਤ ਨੂੰ ਮਸ਼ੀਨ ਰੱਖ, ਸਾਡੇ ਕੱਪੜੇ ਸਿਉਂਦੇ। ਵੱਡਿਆਂ ਦੇ ਕੱਪੜਿਆਂ ਤੋਂ ਛੋਟਿਆਂ ਦੇ ਬਣਾ ਦਿੰਦੇ- ਤਾਂ ਕਿ ਪੈਸਿਆਂ ਦੀ ਬੱਚਤ ਹੋ ਸਕੇ। ਸਭ ਦੀਆਂ ਲੋੜਾਂ ਦਾ ਧਿਆਨ ਰੱਖਦੇ- ਪਰ ਆਪਣੇ ਤੇ ਖਰਚ ਨਾ ਕਰਦੇ। ਪੇਕਿਆਂ ਤੋਂ ਮਿਲੇ ਕੱਪੜਿਆਂ ਨਾਲ ਹੀ ਸਾਰ ਲੈਂਦੇ। ਵੱਡੇ ਸਰਦਾਰਾਂ ਦੀ ਧੀ ਹੋਣ ਦੇ ਬਾਵਜ਼ੂਦ, ਉਹਨਾਂ ਹਾਲਾਤ ਨਾਲ ਬਹੁਤ ਸੁਹਣਾ ਸਮਝੌਤਾ ਕਰ ਲਿਆ ਸੀ।
ਖੇਤੀ ਬਾੜੀ ਇਕੱਲੇ ਦੁਕੱਲੇ ਦਾ ਕੰਮ ਨਹੀਂ। ਇੱਕ ਨੌਕਰ ਤਾਂ ਪੱਕਾ ਰਹਿੰਦਾ ਸੀ ਸਾਡੇ ਨਾਲ। ਹੋਰ ਦਿਹਾੜੀਦਾਰ ਵੀ ਲਾਉਣੇ ਪੈਂਦੇ। ਬੀਜ਼ੀ ਸਾਰਾ ਦਿਨ ਚੌਂਕੇ ‘ਚ ਰੋਟੀਆਂ ਪਕਾਉਣ ਜਾਂ ਚਾਹ-ਪਾਣੀ ਖੇਤਾਂ ਵਿੱਚ ਭੇਜਣ ਤੇ ਹੀ ਰੁੱਝੇ ਰਹਿੰਦੇ। ਉਹਨਾਂ ਦੇ ਬੋਲਾਂ ਵਿੱਚ ਬੜੀ ਮਿਠਾਸ ਤੇ ਨਿਮਰਤਾ ਸੀ। ਕਦੇ ਕਿਸੇ ਨੌਕਰ ਜਾਂ ਗੋਹੇ ਕੂੜੇ ਵਾਲੇ ਨੂੰ ਵੀ ਉੱਚਾ ਨਾ ਬੋਲਦੇ। ਉਹਨਾਂ ਦੇ ਇਸ ਤਰ੍ਹਾਂ ਦੇ ਸੁਭਾਅ ਦੀ ਹਰ ਕੋਈ ਸਿਫਤ ਕਰਦਾ- ਕਿਉਂਕਿ ਉਹਨਾਂ ਨੂੰ ਬਾਕੀ ਘਰਾਂ ਤੋਂ ਕਈ ਵਾਰੀ ਵੇਲੇ ਸਿਰ ਨਾ ਪਹੁੰਚਣ ਜਾਂ ਛੁੱਟੀ ਕਰਨ ਤੇ ਝਿੜਕਾਂ ਮਿਲਦੀਆਂ। ਪਰ ਬੀਜ਼ੀ ਦਾ ਕਹਿਣ ਦਾ ਢੰਗ ਵੀ ਨਿਰਾਲਾ ਸੀ-“ਕੀ ਗੱਲ ਹੋ ਗਈ..ਕੱਲ੍ਹ ਕੰਮ ਤੇ ਨਹੀਂ ਆਏ..ਸੇਹਤ ਠੀਕ ਸੀ? ਘਰ ਸੁੱਖ ਸਾਂਦ ਸੀ?”
ਅਜੇਹੇ ਹਾਲਾਤ ਵਿੱਚ ਹੀ, ਆਪਣੀ ਜਵਾਨ ਨਨਾਣ ਦਾ ਵਿਆਹ ਕਰਨ ਦੀ ਜ਼ਿੰਮੇਵਾਰੀ ਵੀ ਉਹਨਾਂ ਖੁਸ਼ੀ ਨਾਲ ਨਿਭਾਈ। ਆਪਣੇ ਗਹਿਣੇ, ਕੱਪੜੇ ਦੇ ਕੇ- ਮੌਕਾ ਸਾਂਭਿਆ। ਉਹ ਸਹੁਰੇ ਪਰਿਵਾਰ ਨੂੰ ਹੀ ਆਪਣਾ ਅਸਲ ਪਰਿਵਾਰ ਸਮਝਦੇ ਸਨ- ਇਸੇ ਕਾਰਨ ਹੀ, ਇਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ। ਜਦ ਉਸ ਨਨਾਣ ਦੇ ਸਹੁਰੇ, ਬੀਮਾਰ ਹੋਣ ਤੇ, ਇਲਾਜ ਕਰਾਉਣ ਦੀ ਬਜਾਏ, ਪੇਕੇ ਘਰ ਛੱਡ ਗਏ ਤੇ ਮੁੜ ਸਾਲੋ ਸਾਲ ਬਾਤ ਨਾ ਪੁੱਛੀ- ਤਾਂ ਵੀ ਬੀਜ਼ੀ ਨੇ ਉਸ ਦੀ ਤਨ ਦੇਹੀ ਨਾਲ ਸੇਵਾ ਕੀਤੀ। ਪਰ ਜਦੋਂ ਉਹ ਕੁੱਝ ਠੀਕ ਹੋ ਕੇ, ਆਪਣੀ ਜ਼ਿੱਦ ਨਾਲ ਆਪ ਹੀ ਸਹੁਰੇ ਘਰ ਚਲੇ ਗਏ- ਤਾਂ ਉਹਨਾਂ ਨਿਰਦਈਆਂ ਨੇ, ਕੁੱਝ ਦੇ ਕੇ ਉਸ ਨੂੰ ਮਾਰ ਮੁਕਾਇਆ। ਪਿਤਾ ਜੀ ਬਹੁਤ ਗੁੱਸੇ ਵਿੱਚ ਸਨ- ਪਤਾ ਨਹੀਂ ਕੀ ਕਰ ਬੈਠਦੇ ਉਸ ਵੇਲੇ .. ਪਰ ਅਜੇਹੇ ਹਾਲਾਤ ਵਿੱਚ ਇਹਨਾਂ ਦੋਹਾਂ ਔਰਤਾਂ (ਬੀਜ਼ੀ ਤੇ ਦਾਦੀ ਜੀ) ਨੇ ਉਹਨਾਂ ਨੂੰ ਸੰਭਾਲਿਆ।
ਸਾਡੇ ਬੀਜ਼ੀ ਨੂੰ ਆਪ ਪੜ੍ਹਨ ਦਾ ਸ਼ੌਕ ਸੀ- ਇਸੇ ਕਾਰਨ ਉਹਨਾਂ ਸੰਘਰਸ਼ ਦੇ ਬਾਵਜੂਦ, ਆਪਣੇ ਸਾਰੇ ਬੱਚਿਆਂ ਦੀ ਵਿਦਿਆ ਵੱਲ ਖਾਸ ਧਿਆਨ ਦਿੱਤਾ। ਆਪ ਔਖੇ ਹੋ ਕੇ ਸਾਡੀਆਂ ਪੜ੍ਹਾਈਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਰਹੇ। ਮੈਂਨੂੰ ਯਾਦ ਹੈ ਕਿ- ਜਦੋਂ ਅਸੀਂ ਤਿੰਨ ਭੈਣ-ਭਰਾ ਕਾਲਜ ਪੜ੍ਹਦੇ ਸਾਂ ਤਾਂ- ਕਈ ਵਾਰੀ ਸਾਡੀਆਂ ਫੀਸਾਂ ਜਾਂ ਦਾਖਲੇ ਦੇਣ ਲਈ ਉਹਨਾਂ ਨੂੰ, ਖਾਣ ਲਈ ਰੱਖੇ ਦਾਣੇ ਵੀ ਵੇਚਣੇ ਪੈਂਦੇ। ਕਿਸਾਨ ਦੀ ਆਮਦਨ ਦਾ ਸਾਧਨ ਤਾਂ ਉਸ ਦੀ ਫਸਲ ਹੀ ਹੁੰਦੀ ਹੈ। ਕਈ ਵਾਰੀ ਕੁਦਰਤੀ ਕਰੋਪੀ ਕਾਰਨ ਫਸਲ ਮਰ ਜਾਂਦੀ ਤਾਂ ਪਿਤਾ ਜੀ ਦਾ ਹੱਥ ਤੰਗ ਹੋ ਜਾਂਦਾ। ਪਰ ਮੇਰੇ ਬੀਜ਼ੀ ਤੇ ਦਾਦੀ ਜੀ ਉਹਨਾਂ ਨੂੰ ਹੌਸਲਾ ਦਿੰਦੇ ਕਹਿੰਦੇ-‘ਬਾਬੇ ਨਾਨਕ ਨੂੰ ਪਤਾ- ਅਗਲੀ ਫਸਲ ਹੋਰ ਚੰਗੀ ਹੋ ਜਾਊ’। ਪੰਜਵੀਂ ਜਮਾਤ ਤੱਕ ਉਹ ਸਾਨੂੰ ਕੋਲ ਬੈਠ ਕੇ ਫੱਟੀ ਲਿਖਾਉਂਦੇ, ਪੂਰਨੇ ਪਾ ਕੇ ਦਿੰਦੇ, ਪਹਾੜੇ ਸੁਣਦੇ ਤੇ ਸਾਨੂੰ ਸੁੰਦਰ ਲਿਖਾਈ ਕਰਨ ਨੂੰ ਕਹਿੰਦੇ। ਉਹਨਾਂ ਦੀ ਮਿਹਨਤ ਸਦਕਾ ਹੀ, ਸਾਡੀ ਪੜ੍ਹਾਈ ਦੀ ਨੀਂਹ ਪੱਕੀ ਹੋ ਗਈ ਤੇ ਅਸੀਂ ਸਾਰੇ ਭੈਣ ਭਰਾ ਵਜ਼ੀਫੇ ਲੈ ਕੇ ਪੜ੍ਹਨ ਲੱਗੇ।
ਭਾਵੇਂ ਮਾਵਾਂ ਨੂੰ ਆਪਣੇ ਸਾਰੇ ਬੱਚੇ ਹੀ ਪਿਆਰੇ ਹੁੰਦੇ ਹਨ- ਪਰ ਆਮ ਮਾਵਾਂ ਮੁੰਡਿਆਂ ਨੂੰ ਵੱਧ ਤਰਜੀਹ ਦਿੰਦੀਆਂ ਹਨ। ਪਰ ਸਾਡੇ ਘਰ ਮੁੰਡੇ ਕੁੜੀ ਦਾ ਵਿਤਕਰਾ ਨਹੀਂ ਸੀ। ਜਦ ਮੈਂ ਦਸਵੀਂ ਪਾਸ ਕੀਤੀ ਤਾਂ- ਪਿੰਡ ਦੀਆਂ ਹੋਰ ਚਾਰ ਕੁੜੀਆਂ ਵੀ ਮੇਰੇ ਨਾਲ ਹੀ ਪਾਸ ਹੋਈਆਂ ਸਨ- ਪਰ ਕੋਈ ਵੀ ਆਪਣੀ ਧੀ ਨੂੰ ਸ਼ਹਿਰ ਕਾਲਜ ਭੇਜਣ ਦੇ ਹੱਕ ਵਿੱਚ ਨਹੀਂ ਸੀ। ਇਹ ਮੇਰੇ ਪਿਤਾ ਜੀ, ਬੀਜ਼ੀ ਤੇ ਦਾਦੀ ਜੀ ਦਾ ਹੀ ਹੌਸਲਾ ਸੀ ਕਿ- ਮੈਂਨੂੰ ਇਕੱਲੀ ਨੂੰ ਜਲੰਧਰ ਕਾਲਜ ਦਾਖਲ ਕਰਵਾ ਦਿੱਤਾ। ਉਦੋਂ ਪਿੰਡ ਨੂੰ ਸੜਕ ਤਾਂ ਬਣ ਗਈ ਸੀ ਪਰ ਅਜੇ ਬੱਸਾਂ ਆਦਿ ਨਹੀਂ ਸਨ ਚਲਦੀਆਂ। ਮੈਂ ਪੰਜ ਕਿਲੋਮੀਟਰ ਇਕੱਲੀ ਨੇ ਸਾਈਕਲ ਚਲਾ ਕੇ ਜਾਣਾ, ਫਿਰ ਆਦਮਪੁਰ ਦੋਆਬਾ ਤੋਂ ਬੱਸ ਫੜਨੀ ਤੇ ਕਾਲਜ ਪਹੁੰਚਣਾ। ਮੈਂਨੂੰ ਲਗਦਾ ਕਿ- ਮੇਰੇ ਬੀਜ਼ੀ ਦੀ ਬਾਬੇ ਨਾਨਕ ਅੱਗੇ ਕੀਤੀ ਅਰਦਾਸ ਹੀ ਸੀ-ਜੋ ਹਰ ਵੇਲੇ ਮੇਰੇ ਅੰਗ ਸੰਗ ਸਹਾਈ ਹੁੰਦੀ।
ਗਰਮੀਆਂ ਦੀਆਂ ਛੁੱਟੀਆਂ ਵਿੱਚ, ਸਾਡੇ ਘਰ ਮਹਿਮਾਨਾਂ ਦੀ ਰੌਣਕ ਲੱਗ ਜਾਂਦੀ। ਮੇਰੇ ਪਿਤਾ ਜੀ ਦੇ ਮਾਸੀ ਜੀ ਹੋਰਾਂ ਨੇ, ਰਾਜਸਥਾਨ ਜਾ ਕੇ ਜ਼ਮੀਨ ਲੈ ਲਈ ਸੀ। ਪਰ ਗਰਮੀਆਂ ਵਿੱਚ ਉਹ ਮਾਂਜੀ (ਦਾਦੀ ਜੀ ਦੀ ਭੈਣ), ਸਾਡੇ ਕੋਲ ਦੋ ਮਹੀਨੇ ਆ ਜਾਂਦੇ। ਉਹਨਾਂ ਦੇ ਆਉਣ ਤੇ ਪੰਜਾਬ ਵੱਸਦੇ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਲਈ ਆਉਂਦੇ। ਮੇਰੀਆਂ ਦੋਵੇਂ ਭੂਆ ਵੀ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਆ ਜਾਂਦੀਆਂ। ਬੀਜ਼ੀ ਸਾਰੇ ਮਹਿਮਾਨਾਂ ਦੀ ਖੁਸ਼ੀ ਨਾਲ ਆਓ ਭਗਤ ਕਰਦੇ। ਇਸੇ ਕਾਰਨ ਉਹਨਾਂ ਦੀਆਂ ਨਨਾਣਾਂ ਵੀ ਉਹਨਾਂ ਤੇ ਜਾਨ ਦਿੰਦੀਆਂ- ਦੁੱਖ ਸੁੱਖ ਵਿੱਚ ਭੱਜੀਆਂ ਆਉਂਦੀਆਂ। ਭੂਆ ਜੀ ਦਾ ਜਿਹੜਾ ਬੱਚਾ ਪੜ੍ਹਨ ‘ਚ ਕੁੱਝ ਢਿੱਲਾ ਹੁੰਦਾ- ਉਸ ਨੂੰ ਨਾਨਕੇ ਛੱਡ ਜਾਂਦੇ। ਬੀਜੀ ਦੀ ਪ੍ਰੇਰਣਾ ਸਦਕਾ ਉਹ ਪੜ੍ਹਾਈ ਵਿੱਚ ਚਲ ਪੈਂਦਾ। ਇਸੇ ਕਾਰਨ ਉਹਨਾਂ ਦੇ ਦੋਹਤੇ ਦੋਹਤੀਆਂ ਅੱਜ ਵੀ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਯਾਦ ਕਰਦੇ ਹਨ। ਇੰਨੇ ਰੁਝੇਵਿਆਂ ਦੇ ਬਾਵਜ਼ੂਦ, ਬੀਜ਼ੀ ਨੇ ਸਾਨੂੰ (ਮੈਨੂੰ ਤੇ ਭੂਆ ਦੀਆਂ ਕੁੜੀਆਂ ਨੂੰ), ਛੁਟੀਆਂ ਵਿੱਚ ਦਰੀਆਂ ਬੁਨਣੀਆਂ ਸਿਖਾਈਆਂ, ਨਾਲੇ ਬੁਨਣੇ ਸਿਖਾਏ- ਸਿਲਾਈ ਸਿੱਖਣ ਲਾਇਆ।
ਮੇਰੀਆਂ ਦੋਵੇਂ ਭੂਆ ਪਿਤਾ ਜੀ ਤੋਂ ਕਾਫੀ ਵੱਡੀਆਂ ਸਨ। ਵੱਡੇ ਭੂਆ ਜੀ ਦੇ ਚਾਰ ਲੜਕੇ ਤੇ ਇੱਕ ਲੜਕੀ ਸੀ। ਛੋਟਿਆਂ ਦੇ ਤਿੰਨ ਲੜਕੇ ਤੇ ਦੋ ਲੜਕੀਆਂ ਸਨ। ਅਜੇ ਬੀਜ਼ੀ ਹੋਰਾਂ ਦੇ ਉੱਜਾੜੇ ਕਾਰਨ ਪੈਰ ਵੀ ਨਹੀਂ ਸਨ ਲੱਗੇ, ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਸ਼ੁਰੂ ਹੋ ਗਏ। ਪਰ ਸ਼ਾਬਾਸ਼ੇ ਉਸ ਦਲੇਰ ਔਰਤ ਦੇ! ਉਹਨਾਂ ਆਪਣੇ ਵਿਤ ਮੂਜਬ ਸਾਰੀਆਂ ਨਾਨਕ ਸ਼ੱਕਾਂ ਖੁਸ਼ੀ ਨਾਲ ਪੂਰੀਆਂ। ਅੱਜ ਜਦੋਂ ਕੈਨੇਡਾ ਦੀ ਧਰਤੀ ਤੇ ਆਪਣੇ ਪੰਜਾਬੀਆਂ ਨੂੰ ਸੰਘਰਸ਼ ਕਰਦੇ ਤੱਕਦੀ ਹਾਂ ਤਾਂ ਆਪਣੇ ਪੁਰਖਿਆਂ ਦੀ ਜੱਦੋ-ਜਹਿਦ ਯਾਦ ਆ ਜਾਂਦੀ ਹੈ। ਅਸੀਂ ਤਾਂ ਫਿਰ ਵੀ ਦੋ ਅਟੈਚੀ ਲੈ ਕੇ ਆਏ ਹਾਂ- ਪਰ ਉਹ ਖਾਲੀ ਹੱਥ ਉੱਜੜ ਕੇ ਆਏ- ਤੇ ਕਿਵੇਂ ਮਿਹਨਤਾਂ ਕਰਕੇ, ਫਿਰ ਤੋਂ ਘਰ ਬੰਨ੍ਹੇ।
ਇੰਨੇ ਵਿਅਸਤ ਹੁੰਦੇ ਹੋਏ ਵੀ, ਉਹਨਾਂ ਬਚਪਨ ਵਿੱਚ ਲੱਗੀ ਸਾਹਿਤ ਦੀ ਚੇਟਕ ਨੂੰ ਨਹੀਂ ਵਿਸਾਰਿਆ। ਉਹ ਅਜੀਤ ਅਖਬਾਰ ਦਾ ਮੈਗਜ਼ੀਨ ਸੈਕਸ਼ਨ ਸਾਂਭ ਕੇ ਰੱਖਦੇ ਤੇ ਦੁਪਹਿਰ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹ ਕੇ ਸੌਂਦੇ। ਆਕਾਸ਼ਵਾਣੀ ਜਲੰਧਰ ਤੋਂ ਦੁਪਹਿਰ ਨੂੰ ਆਉਣ ਵਾਲਾ ‘ਤ੍ਰਿੰਝਣ’ ਪ੍ਰੋਗਰਾਮ ਤੇ ‘ਗੁਰਬਾਣੀ ਵਿਚਾਰ’ ਸੁਨਣਾ ਵੀ ਕਦੇ ਨਾ ਭੁੱਲਦੇ ਤੇ ਉਹਨਾਂ ਦੇ ਚੰਗੇ ਵਿਚਾਰਾਂ ਦੀ ਸਾਂਝ ਵੀ ਸਾਡੇ ਨਾਲ ਪਾਉਂਦੇ ਰਹਿੰਦੇ।
ਬੀਜ਼ੀ ਨੂੰ ਮੈਂ ਕਦੇ ਗੁਟਕਾ ਫੜ ਕੇ ਪਾਠ ਕਰਦੇ ਨਹੀਂ ਸੀ ਤੱਕਿਆ- ਪਰ ਉਹ ਕੰਮ ਕਾਰ ਕਰਦੇ ਬਾਬੇ ਨਾਨਕ ਨੂੰ ਹਮੇਸ਼ਾ ਅੰਗ ਸੰਗ ਸਮਝਦੇ। ਹਰ ਸੰਗਰਾਂਦ ਨੂੰ ਉਹ ਮਾਂਜੀ (ਮੇਰੇ ਦਾਦੀ ਜੀ) ਨੂੰ ਤਿਆਰ ਕਰਕੇ, ਗੁਰਦੁਆਰੇ ਜਰੂਰ ਭੇਜਦੇ ਤੇ ਵਾਪਿਸ ਆਇਆਂ ਤੇ- ਉਹਨਾਂ ਦੇ ਪੈਰਾਂ ਨੂੰ ਛੂਹ- ਅਸੀਸਾਂ ਲੈ ਕੇ- ਗੁਰੁ ਦੇ ਚਰਨਾਂ ‘ਚ ਹਾਜ਼ਰੀ ਲਵਾ ਲੈਂਦੇ। ਵੈਸੇ ਹਰ ਸਾਲ, ਫਸਲ ਆਈ ਤੇ ਸਾਡੇ ਘਰ, ਇੱਕ ਸਹਿਜ ਪਾਠ ਕਰਾ ਕੇ, ਗੁਰੂੁ ਦਾ ਸ਼ੁਕਰਾਨਾ ਜਰੂਰ ਕੀਤਾ ਜਾਂਦਾ।
ਬੀਜ਼ੀ ਦੀ ਇੱਕ ਹੋਰ ਖੂਬੀ ਸੀ ਕਿ- ਉਹ ਹਰ ਇੱਕ ਨੂੰ ਖਿੜੇ ਮੱਥੇ ਮਿਲਦੇ। ਉਸ ਦਾ ਦੁੱਖ ਸੁੱਖ ਪੁੱਛਦੇ- ਪਰ ਆਪਣਾ ਦੁੱਖ ਕਦੇ ਜ਼ਾਹਰ ਨਾ ਕਰਦੇ। ਉਹਨਾਂ ਬੜਾ ਕੁੱਝ ਮਨ ਤੇ ਜਰਿਆ- ਪਰ ਜਵਾਨ ਜੁਆਈ (ਮੇਰੇ ਪਤੀ) ਦੀ ਮੌਤ ਝੱਲਣੀ ਉਹਨਾਂ ਲਈ ਅਸਹਿ ਸੀ। ਫੇਰ ਵੀ ਮੈਂ ਉਹਨਾਂ ਦਾ ਜੇਰਾ ਵੇਖ ਹੈਰਾਨ ਹੁੰਦੀ- ਮੈਨੂੰ ਹਮੇਸ਼ਾ ਹੌਸਲਾ ਦਿੰਦੇ-“ਫਿਕਰ ਨਾ ਕਰ..ਬਾਬੇ ਨਾਨਕ ਨੂੰ ਸਭ ਪਤਾ..ਬੱਚੇ ਸਿਆਣੇ ਨੇ..ਸੰਭਲ ਜਾਣਾ ਇਹਨਾਂ ਨੇ”। ਅਖੀਰੀ ਸਮੇਂ ਵੀ, ਵੀਲ੍ਹ ਚੇਅਰ ਤੇ ਬੈਠਿਆਂ ਨੂੰ, ਜੇ ਕੋਈ ਸਕਾ- ਸਬੰਧੀ ਹਾਲ ਪੁੱਛਣ ਆਉਂਦਾ ਤਾਂ ਹੱਸ ਕੇ ਕਹਿੰਦੇ-“ਸਾਡਾ ਬਜ਼ੁਰਗਾਂ ਦਾ ਹਾਲ ਤਾਂ ਇਹੋ ਜਿਹਾ ਰਹਿਣਾ..ਤੂੰ ਸੁਣਾ ਤੇਰੇ ਬੱਚਿਆਂ ਦਾ ਕੀ ਹਾਲ ਆ..?” ਤੇ ਉਹਨਾਂ ਦੀਆਂ ਪੜ੍ਹਾਈਆਂ, ਕੰਮਾਂ ਕਾਰਾਂ ਬਾਰੇ ਪੁੱਛਦੇ ਹੋਏ, ਆਪਣਾ ਹਾਲ ਦੱਸਣਾ ਭੁੱਲ ਹੀ ਜਾਂਦੇ।
2010 ਵਿੱਚ, ਬੀਜ਼ੀ ਵਾਹਿਗੁਰੂ ਨੂੰ ਪਿਆਰੇ ਹੋ ਗਏ ਤੇ- ਤਿੰਨ ਕੁ ਸਾਲ ਬਾਅਦ ਪਿਤਾ ਜੀ ਵੀ ਤੁਰ ਗਏ- ਕਿਉਂਕਿ ਉਹਨਾਂ ਦੇ ਦੁੱਖ ਸੁੱਖ ਦੀ ਸਾਥਣ ਤੇ ਉਹਨਾਂ ਦੀਆਂ ਗੱਲਾਂ ਦਾ ਹੁੰਗਾਰਾ ਦੇਣ ਵਾਲੀ ਜੋ ਨਹੀਂ ਰਹੀ ਸੀ ਹੁਣ। ਬੀਜ਼ੀ ਨੇ ਇਸ ਦੁਨੀਆਂ ਦੇ ਰੰਗ ਮੰਚ ਤੇ ਜਿੱਥੇ- ਇੱਕ ਸੁਚੱਜੀ ਨੂੰਹ, ਵਧੀਆ ਜੀਵਨ ਸਾਥਣ, ਇੱਕ ਸੁੱਘੜ ਮਾਂ, ਦੇ ਰੋਲ ਨੂੰ ਬਾਖੂਬੀ ਨਿਭਾਇਆ- ਉਥੇ ਉਹਨਾਂ ਸੱਸ ਬਣ ਕੇ- ਆਪਣੀਆਂ ਨੂੰਹਾਂ ਤੇ ਜੁਆਈਆਂ ਨੂੰ ਵੀ ਢੇਰ ਸਾਰੀਆਂ ਅਸੀਸਾਂ ਨਾਲ ਸਰਸ਼ਾਰ ਕੀਤਾ। ਉਹਨਾਂ ਦੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ- ਉਹਨਾਂ ਦੀ ਬੀਜੀ ਫੁਲਵਾੜੀ ਦੇ ਫੁੱਲ- ਅੱਜ ਦੇਸ਼-ਵਿਦੇਸ਼ ਵਿੱਚ ਉਹਨਾਂ ਦੇ ਗੁਣਾਂ ਦੀ ਮਹਿਕ ਖਿੰਡਾ ਰਹੇ ਹਨ।