ਇੰਟਰਨੈੱਟ ਜਿਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਨੈੱਟ’ ਕਿਹਾ ਜਾਂਦਾ ਹੈ। ਇੰਟਰਨੈੱਟ (ਇੰਟਰਨੈਸ਼ਨਲ ਨੈੱਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਇੱਕ ਮੁਕੰਮਲ ਤਰਤੀਬ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ।
ਇੰਟਰਨੈੱਟ, 1960 ਦੇ ਦਹਾਕੇ ਵਿਚ ਯੂ. ਐੱਸ. ਸੁਰੱਖਿਆ ਵਿਭਾਗ ਦੁਆਰਾ ਇਕ ਤਜਰਬੇ ਵਜੋਂ ਆਰੰਭ ਕੀਤਾ ਗਿਆ ਸੀ। ਇਸ ਦਾ ਮਕਸਦ ਸੀ ਕਿ ਦੂਰ-ਦੁਰੇਡੇ ਇਲਾਕਿਆਂ ਵਿੱਚ ਸਥਿਤ ਵਿਗਿਆਨੀਆਂ ਅਤੇ ਖੋਜਕਾਰਾਂ ਦੀ ਮਦਦ ਕਰਨੀ ਤਾਂਕਿ ਉਹ ਕਮ ਅਤੇ ਮਹਿੰਗੇ ਕੰਪਿਊਟਰਾਂ ਅਤੇ ਉਨ੍ਹਾਂ ਦੀਆਂ ਫ਼ਾਈਲਾਂ ਨੂੰ ਸਾਂਝਿਆਂ ਕਰ ਕੇ ਇਕ ਦੂਸਰੇ ਨਾਲ ਕੰਮ ਕਰ ਸਕਣ। ਇਸ ਟੀਚੇ ਲਈ ਆਪਸ ਵਿਚ ਜੁੜੇ ਹੋਏ ਨੈੱਟਵਰਕਾˆ ਦੇ ਇਕ ਸਮੂਹ ਨੂੰ ਰਚਣ ਦੀ ਲੋੜ ਪਈ ਜੋ ਕਿ ਇਕ ਸੰਯੁਕਤ ਇਕਾਈ ਵਜੋਂ ਕੰਮ ਕਰਦਾ। ਪੰਜਾਹ ਸਾਲ ਪਹਿਲਾਂ 7 ਅਪ੍ਰੈਲ 1969 ਨੂੰ ਜਨਮੇ ਇੰਟਰਨੈੱਟ ਦੀ ਵਰਤੋਂ ਤੋਂ ਅੱਜ ਦੁਨੀਆ ਭਰ ਦੇ ਲੋਕ ਜਾਣੂ ਹਨ। ਇੰਟਰਨੈੱਟ ਪਹਿਲੀ ਵਾਰ ਸੈਨਾ ਲਈ ਬਣਾਇਆ ਗਿਆ ਸੀ। ਬਾਅਦ ਵਿੱਚ ਇਸਦੀ ਵਰਤੋਂ ਜਨਤਕ ਕਰ ਦਿੱਤੀ ਗਈ। ਇੰਟਰਨੈੱਟ ਤੇ ਸੱਭ ਤੋਂ ਜਿਆਦਾ ਵਰਤੋਂ ‘ਈ-ਮੇਲ’ ਦੀ ਹੁੰਦੀ ਹੈ। ਇਸ ਤੋਂ ਇਲਾਵਾ ਇੰਟਰਨੈੱਟ ਰਾਹੀਂ ਗੂਗਲ ਦੇ ਜ਼ਰੀਏ ਕਿਸੇ ਵੀ ਤਰ੍ਹਾਂ ਦੀ ਚੀਜ਼ ਬਾਰੇ ਜਾਣਕਾਰੀ ਖੋਜਣ ਲਈ ਹੁੰਦੀ ਹੈ ਅਤੇ ਸੋਸ਼ਲ ਮੀਡੀਆ ਨਾਲ ਤਾਂ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੀ ਹੋਇਆ ਹੈ।
ਭਾਰਤ ਅੰਦਰ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ ਅਤੇ ਲਗਭਗ 1.32 ਬਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ ਜੋ ਕਿ ਕੁੱਲ ਵਸੋਂ ਦਾ 34.8 ਫੀਸਦੀ ਹੈ। ਕੁੱਲ ਦੁਨੀਆ ਅੰਦਰ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚੋਂ ਭਾਰਤ ਦਾ ਯੋਗਦਾਨ 13.5 ਫੀਸਦੀ ਹੈ। ਅੱਜ ਭਾਰਤ ਅੰਦਰ ਇੰਟਰਨੈੱਟ ਦੀ ਵਰਤੋਂ ਵਿਅਕਤੀਗਤ ਤੌਰ ਤੇ, ਬੈਂਕਿੰਗ ਖੇਤਰ ਵਿੱਚ, ਪੈਸਿਆਂ ਦੇ ਲੈਣ-ਦੇਣ ਅਤੇ ਆਨਾਲਈਨ ਖ੍ਰੀਦਦਾਰੀ ਵਿੱਚ ਕੀਤੀ ਜਾ ਰਹੀ ਹੈ। ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਥਾਵਾਂ ’ਤੇ ਵੀ ਇੰਟਰਨੈੱਟ ਦੀ ਵਰਤੋਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਸਾਲ 2015 ਤੋਂ 2017 ਤੱਕ ਭਾਰਤ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਿੱਚ 10 ਫੀਸਦੀ ਵਾਧਾ ਹੋਇਆ ਹੈ। ਇਸ ਦੇ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ ਪਹਿਲਾ ਕਿ ਸਰਕਾਰ ਵੱਲੋਂ ਆਨਲਾਈਨ ਲੈਣ-ਦੇਣ ਵੱਲ ਵਧੇਰੇ ਰੁਚੀ ਵਧਾਉਣ ਲਈ ਨਗਦੀ ਲੈਣ-ਦੇਣ ਉੱਤੇ ਕਈ ਸ਼ਰਤਾਂ ਲਗਾਈਆਂ ਗਈਆਂ ਹਨ। ਦੂਜਾ ਕਾਰਣ ਜੀਉ ਟੈਲੀਕਾਮ ਕੰਪਨੀ ਵੱਲੋਂ ਇੱਕ ਸਾਲ ਭਾਰਤ ਵਿੱਚ ਮੁਫਤ ਇੰਟਰਨੈੱਟ ਸੇਵਾਵਾਂ ਦਿੱਤੀਆਂ ਗਈਆਂ ਜਿਸ ਨਾਲ ਇੰਟਰਨੈੱਟ ਜਨ ਸਧਾਰਨ ਵਿਅਕਤੀ ਤੱਕ ਸੌਖਿਆਂ ਪੁੱਜ ਗਿਆ ਪਰ ਬਾਵਜੂਦ ਇਸਦੇ ਅਜੇ ਵੀ ਬਹੁਤ ਥਾਂਈਂ ਇੰਟਰਨੈੱਟ ਜਾਂ ਮੋਬਾਇਲ ਨੈਟਵਰਕ ਦੀ ਸੁਵਿਧਾ ਮੌਜੂਦ ਨਹੀਂ ਹੈ।
ਅੱਜ ਇੰਟਰਨੈੱਟ ਦੀ ਵਰਤੋਂ ਹਰ ਖੇਤਰ ਵਿੱਚ ਅਹਿਮ ਥਾਂ ਬਣਾ ਚੁੱਕੀ ਹੈ। ਈ-ਵਾਪਾਰ, ਮਾਸ ਮੀਡੀਆ, ਇੱਲੈਕਟ੍ਰਾਨਿਕ ਮੀਡੀਆ, ਗੀਤ, ਸੰਗੀਤ, ਸਾਹਿਤ, ਮਨੋਰੰਜਨ, ਈ-ਪੇਪਰ ਦੇ ਰੂਪ ਵਿੱਚ ਰੋਜ਼ਾਨਾ ਅਖਬਾਰਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਇੰਟਰਨੈੱਟ ਦੇ ਸ੍ਰੋਤ ਰਾਹੀਂ ਪ੍ਰਾਪਤ ਹੋ ਜਾਂਦੀ ਹੈ। ਇਹੀ ਕਾਰਣ ਹੈ ਕਿ ਇਸਨੂੰ ‘ਜਾਣਕਾਰੀਆਂ ਦਾ ਸਾਗਰ’ ਵੀ ਕਿਹਾ ਜਾਂਦਾ ਹੈ।
ਗਿੰਨੀਜ਼ ਵਰਲਡ ਰਿਕਾਰਡਸ ਅਨੁਸਾਰ
‘ਦੁਨੀਆ ਦੀ ਪਹਿਲੀ ਵੈੱਬ-ਸਾਈਟ ਦਾ http://info.cern.ch/6 ਅਗਸਤ 1991 ਨੂੰ ਲਾਂਚ ਹੋਈ ਸੀ।’ ‘ਆਨਲਾਈਨ ਦੋਸਤ ਬਣਾਉਣ ਵਿੱਚ ਸੱਭ ਤੋਂ ਅੱਗੇ ਮਲੇਸ਼ੀਆ ਦੇ ਲੋਕ ਹਨ। ਜਿੱਥੇ ਇੱਕ ਵਰਤੋਂਕਾਰ ਦੇ ਘੱਟੋ ਘੱਟ 233 ਡਿਜੀਟਲ ਮਿੱਤਰ ਹਨ।’ ‘ਅਮਰੀਕਾ ਦੇ ਇੱਕ ਉਦਯੋਗਪਤੀ ਮਾਰਕ ਕਿਊਬਨ ਨੇ ਅਕਤੂਬਰ 1999 ਆਨਲਾਈਨ ਹੀ ਇੱਕ ਬਿਜਨੈੱਸ ਜੈੱਟ ਖ੍ਰੀਦਿਆ ਸੀ, ਜਿਸਦੀ ਕੀਮਤ 40 ਮਿਲੀਅਨ ਡਾਲਰ ਸੀ, ਜੋ ਕਿ ਆਨਲਾਈਂ ਸੱਭ ਤੋਂ ਵੱਡੀ ਖ੍ਰੀਦਦਾਰੀ ਸੀ।’
ਕੁੱਝ ਹੋਰ ਰੌਚਕ ਜਾਣਕਾਰੀ ਦੀ ਗੱਲ ਕਰੀਏ ਤਾਂ ਡਬਲਯੂ ਡਬਲਯੂ ਡਬਲਯੂ (ਵਰਲਡ ਵਾਈਡ ਵੈੱਬ) ਦੇ ਸੰਸਥਾਪਕ ਟਿਮ ਬਰਨਰਸ ਲੀ ਦੀ ਖੋਜ ਕਰਨ ਵਾਲੇ ਵਿਗਿਆਨਿਕ ਨੇ ਵੈੱਬ-ਪਤੇ ਵਿੱਚ ਵਰਤੇ ਜਾਣ ਵਾਲੇ ਦੋ ਸਲੈਸ਼ ( // ) ਵਾਸਤੇ ਮੁਆਫੀ ਵੀ ਮੰਗੀ ਸੀ। ਉਹਨੇ ਸਾਲ 2009 ਵਿੱਚ ਕਿਹਾ ਸੀ ਕਿ ਵੈੱਬ-ਪਤੇ ਇਹਨਾਂ ਦੋਨਾਂ ਸਲੈਸ਼ ਦੀ ਮੱਦਦ ਤੋਂ ਬਿਨਾਂ ਵੀ ਬਣਾਏ ਜਾ ਸਕਦੇ ਹਨ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਸਾਲ 2018 ਵਿੱਚ ਡਬਲਯੂ ਡਬਲਯੂ ਡਬਲਯੂ (ਵਰਲਡ ਵਾਈਡ ਵੈੱਬ) ਦੇ ਸੰਸਥਾਪਕ ਟਿਮ ਬਰਨਰਸ ਲੀ ਨੇ ਵਰਲਡ ਵਾਈਡ ਵੈੱਬ ਦੇ 29 ਸਾਲ ਪੂਰੇ ਹੋਣ ਤੇ ਆਪਣੇ ਬਲਾਗ ਵਿੱਚ ਕੁੱਝ ਵਿਚਾਰ ਸਾਂਝੇ ਕੀਤੇ ਸਨ ਜੋ ਅੱਜ ਹਰ ਮਨੁੱਖ ਦਾ ਧਿਆਨ ਮੰਗਦੇ ਹਨ। ਦਰਅਸਲ 29 ਸਾਲ ਪਹਿਲਾਂ ਮਾਰਚ 1989 ਵਿੱਚ ‘ਟਿਮ ਲੀ’ ਅਤੇ ‘ਰਾਬਰਟ ਸਾਈਲਊ’ ਨੇ ਮਿਲ ਕੇ ਇਹ ਵਰਲਡ ਵਾਈਡ ਵੈੱਬ ਨੂੰ ਤਿਆਰ ਕੀਤਾ ਗਿਆ ਸੀ।30ਵੇਂ ਸਾਲ ਵਿੱਚ ਦਾਖਲ ਹੁੰਦਿਆਂ ਉਹਨਾਂ ਆਪਣੇ ਬਲਾਗ ਵਿੱਚ ਲਿਖਿਆ ਕਿ, ‘ਇਸ ਸਮੇਂ ਦੁਨੀਆ ਦੀ ਅੱਧੀ ਅਬਾਦੀ ਆਨਲਾਈਨ ਹੋ ਚੁੱਕੀ ਹੈ ਅਤੇ ਸਾਡੇ ਸਾਹਮਣੇ ਦੋ ਮੁੱਖ ਸਵਾਲ ਹਨ ਪਹਿਲਾ ਇਹ ਕਿ ਬਾਕੀ ਰਹਿੰਦੀ ਅਬਾਦੀ ਨੂੰ ਆਨਲਾਈਨ ਕਿਵੇਂ ਲਿਆਂਦਾ ਜਾਵੇ? ਅਤੇ ਦੂਜਾ ਇਹ ਕਿ, ਮੌਜੂਦਾ ਦੌਰ ਵਿੱਚ ਜਿਸ ਤਰ੍ਹਾਂ ਦਾ ਇੰਟਰਨੈੱਟ ਸਾਡੇ ਸਾਹਮਣੇ ਬਣ ਚੁੱਕਿਆ ਹੈ, ਉਹਨੂੰ ਵੇਖਦੇ ਹੋਏ ਬਾਕੀ ਅੱਧੀ ਅਬਾਦੀ ਆਨਲਾਈਨ ਆਉਣਾ ਚਾਹੁੰਦੀ ਵੀ ਹੈ ਕਿ ਨਹੀਂ? ਕਿਉਂਕਿ ਵੈੱਬ ਨੂੰ ਇੱਕ ਇਹੋ ਜਿਹੀ ਸਪੇਸ (ਥਾਂ) ਦੇ ਤੌਰ ਤੇ ਤਿਆਰ ਕੀਤਾ ਗਿਆ ਸੀ, ਜੋ ਮੁਫਤ ਹੋਵੇ, ਹਰ ਕਿਸੇ ਲਈ ਹੋਵੇ ਅਤੇ ਕੁੱਝ ਵਿਕਸਿਤ ਕਰਨ ਦੇ ਯੋਗ ਹੋਵੇ, ਪਰ ਹੁਣ ਤਸਵੀਰ ਬਦਲਦੀ ਹੋਈ ਦਿੱਸ ਰਹੀ ਹੈ। ਕਿਤੇ ਤਾਂ ਆਪਣੀ ਕਮਾਈ ਦਾ ਕੇਵਲ 1-2% ਪ੍ਰਤੀਸ਼ਤ ਖਰਚ ਕਰਕੇ ਚੰਗੀ ਸਪੀਡ ਤੇ ਡਾਟਾ ਪੈਕ ਪ੍ਰਾਪਤ ਹੋ ਜਾਂਦਾ ਹੈ ਅਤੇ ਕਿਤੇ ਆਪਣੀ ਕਮਾਈ ਦਾ 20% ਜਾਂ ਇਸਤੋਂ ਵੱਧ ਖਰਚ ਕੇ ਹੀ ਚੰਗੀ ਸਪੀਡ ਅਤੇ ਡਾਟਾ ਪੈਕ ਮਿਲ ਸਕਦਾ ਹੈ। ਇਸ ਦੇ ਨਾਲ ਹੀ ਹੁਣ ਇਹ ਸਾਰਿਆਂ ਲਈ ਮੌਜੂਦ ਨਹੀਂ ਹੈ। ਅੱਜ ਕਲ੍ਹ ਇੰਟਰਨੈੱਟ ਦੀ ਯੋਗ ਅਤੇ ਦੁਰਉਪਯੋਗ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੈਂ ਤਾਂ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ‘ਹਥਿਆਰਬੰਦ ਇੰਟਰਨੈੱਟ’ ਤਿਆਰ ਕਰ ਰਹੇ ਹਾਂ। ਇਹ ਇੰਟਰਨੈੱਟ ਉਵੇਂ ਹੀ ਖ਼ਤਰਨਾਕ ਹੈ, ਜਿਵੇਂ ਕੋਈ ਹਥਿਆਰ ਲੈ ਕੇ ਖੜਾ ਹੋਇਆ ਇਨਸਾਨ। ਇਹੋ ਜਿਹਾ ਇੰਟਰਨੈੱਟ ਸਾਰਿਆਂ ਲਈ ਯੋਗ ਨਹੀਂ ਹੋ ਸਕਦਾ। ਇਸ ਖ਼ਤਰੇ ਨੂੰ ਦੂਰ ਕਰਨ ਲਈ ਕਾਰੋਬਾਰੀ, ਤਕਨਾਲੌਜੀ, ਸਰਕਾਰਾਂ, ਮਨੋਰੰਜਨ ਜਗਤ, ਸਿੱਖਿਆ ਖੇਤਰ ਸਮੇਤ ਹਰ ਖੇਤਰ ਨਾਲ ਸਬੰਧਿਤ ਬੁੱਧੀਜੀਵੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ।’
ਉਪਰ ਲਿਖੇ ਅੰਸ਼ ਟਿਮ ਬਰਨਰਸ ਲੀ ਦੇ ਬਲਾਗ ਵਿੱਚੋਂ ਲਏ ਹਨ ਅਤੇ ਉਪਰੋਕਤ ਵਿਚਾਰ ਸਾਨੂੰ ਅੱਜ ਵੀ ਸੋਚਣ ਲਈ ਮਜਬੂਰ ਕਰਦੇ ਹਨ ਕਿ ਜਾਣਕਾਰੀ ਦਾ ਅਥਾਹ ਸਮੁੰਦਰ ਮੰਨੀ ਜਾਂਦੀ ਇੰਟਰਨੈੱਟ ਦੀ ਦੁਨੀਆ ਵਿੱਚ, ਨੈਤਿਕਤਾ ਤੋਂ ਉਲਟ, ਸਮਾਜ/ਸੱਭਿਅਤਾ ਵਿਰੋਧੀ ਤੱਥ ਜਾਂ ਹੋਰ ਬਹੁਤ ਸਾਰੇ ਸਮਾਜ ਜਾਂ ਮਨੁੱਖਤਾ ਵਿਰੋਧੀ ਸਮੱਗਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਇਸ ਲਈ ਕੀ ਨਿਯਮਾਵਲੀ ਹੋਣੀ ਚਾਹੀਦੀ ਹੈ? ਕਿਉਂਕਿ ਇੰਟਰਨੈੱਟ ਦੀ ਦੁਰਵਰਤੋਂ ਹਰ ਛੋਟੇ ਅਤੇ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਹੀ ਜਾ ਰਹੀ ਹੈ। ਆਨਲਾਈਨ ਪੈਸਿਆਂ ਰੁਪਿਆਂ ਦੀ ਠੱਗੀ, ਸੋਸ਼ਲ ਮੀਡੀਆ ਤੇ ਨਕਲੀ ਆਈਡੀਆਂ ਨਾਲ ਲੋਕਾਂ ਨੂੰ ਬਲੈਕਮੇਲ ਕਰਨਾ, ਮੋਹ ਜਾਲ ਵਿੱਚ ਫਸਾਉਣਾ ਫਿਰ ਉਨ੍ਹਾਂ ਦੀ ਆਰਥਿਕ, ਮਾਨਸਿਕ ਲੁੱਟ ਕਰਨਾ, ਗੀਤ/ਸੰਗੀਤ ਮਨੋਰੰਜਨ ਜਗਤ ਵਿੱਚ ਚੱਲਦੀ ਪਾਇਰੇਸੀ ਦੀ ਖੇਡ, ਹਥਿਆਰਾਂ ਨੂੰ ਬਣਾਉਣਾ ਅਤੇ ਚਲਾਉਣਾ ਗੱਲ ਕੀ ਹਰ ਤਰ੍ਹਾਂ ਦੀ ਗਲਤ ਅਤੇ ਠੀਕ ਜਾਣਕਾਰੀ ਮੌਜੂਦ ਹੈ ਜੋ ਬੱਸ ਅੰਗੂਠਾ ਦੱਬਣ ਦੀ ਦੇਰ ਹੈ ਕਿ ਅੱਖ ਝਪਕਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਹੁੰਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਇੰਟਰਨੈੱਟ ਵਿਸ਼ਵ ਵਿਆਪੀ ਔਜ਼ਾਰ ਬਣਦਾ ਜਾ ਰਿਹਾ ਹੈ।
ਅੱਜ ਇੰਟਰਨੈੱਟ ‘ਤੇ ਪਾਈ ਜਾਂਦੀ ਜਾਣਕਾਰੀ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਇਹ ਜਾਣਕਾਰੀ ਕਿਸ ਵੱਲੋ ਪਾਈ ਗਈ ਹੈ? ਇਹ ਜਾਣਕਾਰੀ ਲਿਖਣ ਵਾਲੇ ਕੋਲ ਕਿਹੜਾ ਅਧਿਕਾਰ ਹੈ ਜਾਂ ਉਸ ਨੂੰ ਕਿਹੜੀ ਸਿਖਲਾਈ ਮਿਲੀ ਹੈ? ਇਹ ਜਾਣਕਾਰੀ ਕਿਉਂ ਲਿਖੀ ਗਈ ਹੈ? ਲਿਖਣ ਵਾਲੇ ਦੀ ਭਾਵਨਾ ਕੀ ਹੈ? ਉਸਨੇ ਕਿਸ ਦੇ ਪੱਖ ਜਾਂ ਵਿਰੋਧ ਵਿੱਚ ਲਿਖਿਆ ਹੈ ਜਾਂ ਨੈੱਟ ਤੇ ਪਾਇਆ ਹੈ? ਇੰਟਰਨੈੱਟ ਤੇ ਪਈ ਜਾਣਕਾਰੀ ਦੇ ਸ੍ਰੋਤ ਕੀ ਹਨ? ਕੀ ਇਹ ਜਾਣਕਾਰੀ ਬਿਲਕੁਲ ਨਵੀਂ ਹੈ? ਕਿਸੇ ਵੀ ਤਰ੍ਹਾਂ ਦੀ ਵੀਡੀਉ, ਫੋਟੋ ਜਾਂ ਲਿਖਤ ਨੂੰ ਕਿਸੇ ਭਾਵਨਾ ਨਾਲ ਸਾਂਝਾਂ ਕੀਤਾ ਜਾ ਰਿਹਾ ਹੈ? ਇਤਿਆਦਿ। ਇਹਨਾਂ ਕੁੱਝ ਗੱਲਾਂ ਬਾਰੇ ਜ਼ਰੂਰ ਸੋਚਿਆ ਜਾਵੇ। ਇਸਦੇ ਨਾਲ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਧਰਮ ਦੀ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਪ੍ਰਤੀ ਜ਼ਰੂਰ ਜਾਗਰੂਕ ਕੀਤਾ ਜਾਵੇ ਤਾਂ ਕਿ ਇੰਟਰਨੈੱਟ ਦੀ ਯੋਗ ਵਰਤੋਂ ਕਰਨ ਦੇ ਕਾਬਿਲ ਬਣ ਸਕਣ ਅਤੇ ਦੇਸ਼ ਦੇ ਭਵਿੱਖ ਅਤੇ ਨਿਰਮਾਣ ਵਿੱਚ ਆਪਣਾ ਸਹੀ ਯੋਗਦਾਨ ਪਾ ਸਕਣ। ਇਸ ਤਰ੍ਹਾਂ ਇੰਟਰਨੈੱਟ ਦੀ ਸਹੀ ਵਰਤੋਂ ਦੇ ਸਦਉਪਯੋਗ ਨਾਲ ਅਸੀਂ ਨਰੋਆ ਸਮਾਜ ਸਿਰਜ ਸਕਦੇ ਹਾਂ। ਇੰਟਰਨੈੱਟ ਦੇ ਬੁਰੇ ਪ੍ਰਭਾਵਾਂ ਪ੍ਰਤੀ ਸਕੂਲਾਂ/ਕਾਲਜਾਂ ਵਿੱਚ ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨਾਲ ਸਾਂਝ ਪਾਈ ਜਾਵੇ। ਇੰਟਰਨੈੱਟ ਵਿੱਚ ਖੁੱਭ ਕੇ ਆਪਣਾ ਅਮੁੱਲਾ ਸਮਾਂ ਬਰਬਾਦ ਕਰਨ ਵਾਲੇ ਵਿਦਿਆਰਥੀਆਂ, ਬੱਚਿਆਂ ਸਮੇਤ ਸਾਰੇ ਨਿੱਕੇ-ਵੱਡਿਆਂ ਨੂੰ ਸਮੇਂ ਦੀ ਸਾਰਥਕ ਵਰਤੋਂ ਕਰਕੇ ਸਿਹਤ, ਕਸਰਤ, ਖੇਡਾਂ, ਪਰਵਾਰਕ ਅਤੇ ਸਮਾਜ ਵਿੱਚ ਆਪਸੀ ਮੇਲ ਜੋਲ ਵੱਲ ਧਿਆਨ ਦੇਣਾ ਚਾਹੀਦਾ ਹੈ।