ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਸਰਕਾਰ ਵਲੋਂ ਸ਼ਿਲੌਗ ਸ਼ਹਿਰ ਦੇ ਪੰਜਾਬੀ ਲੇਨ ਇਲਾਕੇ ਵਿਚੋਂ ਸਿੱਖ ਭਾਈਚਾਰੇ ਦੇ ਉਜਾੜੇ ਦੀ ਕੀਤੀ ਜਾ ਰਹੀ ਕੋਸ਼ਿਸ਼ ‘ਤੇ ਰੋਕ ਲਗਾਉਣ ਲਈ ਉਥੋਂ ਦੇ ਰਾਜਪਾਲ ਸ੍ਰੀ ਟਾਥਾਗਾਟਾ ਰੋਏ ਨੂੰ ਅਪੀਲ ਕੀਤੀ ਹੈ ਉਥੇ ਹੀ ਉਹਨਾਂ ਮੁਖ ਮੰਤਰੀ ਸ੍ਰੀ ਕੋਨਰਾਡ ਕੇ ਸੰਗਮਾ ਨੂੰ ਸਰਕਾਰੀ ਫੈਸਲੇ ‘ਤੇ ਮੁੜ ਵਿਚਾਰ ਕਰਨ ਅਤੇ ਕੇਦਰ ਸਰਕਾਰ ਨੂੰ ਉਕਤ ਮਾਮਲੇ ‘ਚ ਦਖਲ ਦੇਣ ਕੇ ਉਥੇ ਰਹਿ ਰਹੇ ਸਿੱਖ ਭਾਈਚਾਰੇ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸ਼ਿਲੌਗ ਦੀ ਮੌਜੂਦਾ ਸਥਿਤੀ ਪ੍ਰਤੀ ਸਿੱਖ ਸਮਾਜ ‘ਚ ਚਿੰਤਾ ਪਾਈ ਜਾ ਰਹੀ ਹੈ। ਮੇਘਾਲਿਆ ਸਰਕਾਰ ਦੀ ਉਚ ਪਧਰੀ ਕਮੇਟੀ ਦੇ ਆਦੇਸ਼ ਪਿਛੋਂ ਸ਼ਿਲੋਗ ਮਿਊਸਪਲ ਬੋਰਡ ਵਲੋਂ ਪਿਛਲੇ 200 ਵਰ੍ਹਿਆਂ ਤੋਂ ਪੰਜਾਬੀ ਲੇਨ ‘ਚ ਰਹਿ ਰਹੇ 300 ਤੋਂ ਵੱਧ ਸਿੱਖ ਪਰਿਵਾਰਾਂ ਨੂੰ ਜਮੀਨ ਜਾਂ ਮਕਾਨ ਦੇ ਦਸਤਾਵੇਜ਼ ਦਿਖਾਉਣ ਦੇ ਜਾਰੀ ਕੀਤੇ ਅਤੇ ਕਈਆਂ ਦੇ ਮਕਾਨਾਂ ‘ਤੇ ਲਗਾਏ ਗਏ ਨੋਟਿਸ ਨਾਲ ਉਹਨਾਂ ਦੇ ਸਿਰਾਂ ‘ਤੇ ਉਜਾੜੇ ਦੀ ਮੁੜ ਤਲਵਾਰ ਲਟਕਾ ਦਿਤੀ ਗਈ ਹੈ। ਬਹੁਤੇ ਗਰੀਬ ਪਰਿਵਾਰਾਂ ਕੋਲ ਜਮੀਨ ਜਾਂ ਮਕਾਨ ਦੇ ਦਸਤਾਵੇਜ਼ ਮੌਜੂਦ ਹੋਣ ਇਹ ਮੁਮਕਿਨ ਨਹੀਂ। ਉਹਨਾਂ ਦਸਿਆ ਕਿ ਉਥੇ ਰਹਿ ਰਹੇ ਸਿੱਖ ਭਾਈਚਾਰਾ ਅਜ ਵੀ ਸਹਿਮ ਦੀ ਸਥਿਤੀ ‘ਚ ਹੈ। ਹੁਣ ਇਕ ਵਾਰ ਫਿਰ ਉਸ ਇਲਾਕੇ ਵਿਚ ਦੰਗੇ ਭੜਕ ਸਕਣ ਦੀ ਖੁਫੀਆ ਵਿਭਾਗ ਦੀ ਰਿਪੋਰ ਦੇ ਅਧਾਰ ‘ਤੇ ਧਾਰਾ 144 ਲਾਗੂ ਕਰਦਿਤੀ ਗਈ ਹੈ ਤਾਂ ਉਥੇ ਰਹਿ ਰਹੇ ਸਿੱਖ ਭਾਈਚਾਰੇ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣਾ ਜਰੂਰੀ ਬਣ ਗਿਆ ਹੈ। ਪਿਛਲੇ ਸਾਲ ਇਕ ਮਹੀਨੇ ਤਕ ਉਥੇ ਪਨਪੀ ਅਸ਼ਾਂਤੀ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ‘ਚ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ, ਘਰਾਂ ਦੀ ਸਾੜ ਫੂਕ ਤੋਂ ਇਲਾਵਾ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਉਸ ਸਮੇ ਸ਼ਰਾਰਤੀ ਤੇ ਫ਼ਿਰਕੂ ਲੋਕਾਂ ਵੱਲੋਂ ਸਿਖਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸ਼ਿਲੌਗ ਵਿਚ ਸਥਾਪਿਤ ਸਿੱਖ ਭਾਈਚਾਰੇ ਨੂੰ ਖਦੇੜਣ ਦੀ ਸਾਜ਼ਿਸ਼ ਦਾ ਨਤੀਜਾ ਸੀ, ਜਿਨਾਂ ਨੇ ਸਖਤ ਮਿਹਨਤ ਨਾਲ ਕਾਰੋਬਾਰ ਅਤੇ ਵਪਾਰ ਕਰਦਿਆਂ ਆਪਣੇ ਆਪ ਨੂੰ ਉੱਥੇ ਸਥਾਪਿਤ ਕੀਤਾ ਹੋਇਆ ਹੈ। ਮੇਘਾਲਿਆ ‘ਚ ਘੱਟਗਿਣਤੀ ਸਿਖ ਭਾਈਚਾਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਪਰ ਅਫ਼ਸੋਸ ਕਿ ਸੂਬਾ ਸਰਕਾਰ ਕੋਈ ਠੋਸ ਕਦਮ ਉਠਾਉਣ ਦੀ ਥਾਂ ਸਿਖਾਂ ਨੂੰ ਹੀ ਖਦੇੜਣ ‘ਤੇ ਲਗੀ ਹੋਈ ਹੈ ਅਤੇ ਫ਼ਿਰਕੂ ਤਨਾਅ ਵਧਣ ਦਾ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਿਖਾਂ ‘ਤੇ ਹੋ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ, ਇਹੋ ਜਿਹੇ ਫ਼ਿਰਕੂ ਹਮਲੇ ਦੇਸ਼ ਦੇ ਹਿਤ ‘ਚ ਵੀ ਨਹੀਂ ਹੋਵੇਗਾ। ਸੰਵੇਦਨਸ਼ੀਲ ਮੁਦੇ ਪ੍ਰਤੀ ਦਮਦਮੀ ਟਕਸਾਲ ਮੁਖੀ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਆਪਣੀ ਭੂਮਿਕਾ ਨਿਭਾਉਣ ਲਈ ਜੋਰ ਦਿਤਾ। ਉਨ੍ਹਾਂ ਸਿਖ ਕੌਮ ਨੂੰ ਇੱਕਜੁੱਟ ਹੋਣ ਦਾ ਸਦਾ ਦਿਤਾ ਹੈ। ਉਨ੍ਹਾਂ ਮੇਘਾਲਿਆ ਦੇ ਮੁਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸਿੱਖ ਭਾਈਚਾਰੇ ਨੂੰ ਖਦੇੜਣ ਤੋਂ ਰੋਕਣ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਦੇ ਕਦਮ ਤੁਰੰਤ ਚੁੱਕਣ ਦੀ ਮੰਗ ਕੀਤੀ ਹੈ।