ਅੱਜ ਵਿਸ਼ਵ ਪੱਧਰ ਤੇ ਵਾਤਾਵਰਣ ਵਿਿਗਆਨੀਆਂ ਵੱਲੋਂ ਇੱਕ ਹੀ ਤੌਖਲਾ ਬਾਰ-ਬਾਰ ਜ਼ਾਹਰ ਕੀਤਾ ਜਾ ਰਿਹਾ ਹੈ, ਉਹ ਵਾਤਾਵਰਣ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਸਬੰਧੀ ਹੈ। ਇਸ ਬਾਬਤ ਅਖਬਾਰਾਂ/ਟੀ.ਵੀ ਚੈਨਲਾਂ ਰਾਹੀਂ ਅਤੇ ਹਰ ਪੱਧਰ ਤੇ ਵਾਤਾਵਰਣ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਇਸ ਵੇਲੇ ਸੰਸਾਰ ਵਿੱਚ ਪੀਣ ਯੋਗ ਪਾਣੀ ਦੀ ਆ ਰਹੀ ਕਿੱਲਤ, ਗਲੇਸ਼ੀਅਰਾਂ ਦਾ ਆਏ ਦਿਨ ਪਿਘਲਦੇ ਜਾਣਾ, ਸਮੁੰਦਰਾਂ ਦਾ ਸੁੱਕਦੇ ਜਾਣਾ, ਰੁੱਖਾਂ/ਜੰਗਲਾਂ ਦੀ ਕਟਾਈ, ਓਜ਼ੋਨ ਪਰਤ ਵਿੱਚ ਹੋ ਰਹੇ ਮਘੋਰੇ, ਗਰਮੀ ਦਾ ਦਿਨ ਪ੍ਰਤੀ ਦਿਨ ਵੱਧਦਾ ਜਾਣਾ, ਪ੍ਰਦੂਸ਼ਣ ਦਾ ਵਾਧਾ ਆਦਿ ਸਾਰੇ ਜੀਵ ਜੰਤੂਆਂ ਸਮੇਤ ਮਨੁੱਖੀ ਜੀਵਣ ਵਾਸਤੇ ਮਾਰੂ ਲੱਛਣ ਹਨ। ਕੈਂਸਰ ਸਮੇਤ ਕਈ ਕਿਸਮ ਦੀਆਂ ਨਾਮੁਰਾਦ ਬਿਮਾਰੀਆਂ ਵਿੱਚ ਅੱਜ ਪੂਰਾ ਵਿਸ਼ਵ ਜਕੜਿਆ ਜਾ ਰਿਹਾ ਹੈ।
ਮੌਸਮ ਵਿੱਚ ਆ ਚੁੱਕੇ ਵੱਡੇ ਬਦਲਾਵ ਕਾਰਣ ਮੀਂਹ ਪੈਣ ਦੀ ਅਨਸਿਚਤਾ ਤੇ ਨਾਲ, ਤਾਪਮਾਨ ਵੀ ਅਸਥਿਰ ਜਿਹਾ ਹੋ ਗਿਆ ਹੈ ਅਤੇ ਉਸਦੇ ਨਾਲ ਗਰਮੀ ਅਤੇ ਸਰਦੀ ਦੇ ਮੌਸਮ ਦੇ ਆਉਣ-ਜਾਣ ਦੇ ਸਮੇਂ ਵਿੱਚ ਵੀ ਅੰਤਰ ਪੈਦਾ ਹੋ ਚੁੱਕਿਆ ਹੈ। ਸਾਇੰਸ ਰਸਾਲੇ ਮੁਤਾਬਕ ਮੌਸਮ-ਵਿਿਗਆਨੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ‘ਇਨਸਾਨ ਹੌਲੀ-ਹੌਲੀ ਮੌਸਮ ਨੂੰ ਵਿਗਾੜ ਰਿਹਾ ਹੈ ਜਿਸ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ।’ ਯੂ. ਐੱਨ. ਨਾਲ ਜੁੜੀ ਇਕ ਸੰਸਥਾ (ਆਈ.ਪੀ.ਸੀ.ਸੀ) ਦੀ ਹਾਲ ਦੀ ਇਕ ਰਿਪੋਰਟ ਅਨੁਸਾਰ ਗਲੋਬਲ ਵਾਰਮਿੰਗ ਹੋ ਰਹੀ ਹੈ ਜਿਸ ਦੇ ਜ਼ਿਆਦਾਤਰ ਜ਼ਿੰਮੇਵਾਰ ਇਨਸਾਨ ਹੀ ਹਨ। ਕਈ ਲੋਕ ਇਸ ਗੱਲ ਨਾਲ ਨਹੀਂ ਸਹਿਮਤ ਹੁੰਦੇ। ਵਿਿਗਆਨੀਆਂ ਦਾ ਅਨੁਮਾਨ ਅਨੁਸਾਰ ਗਰੀਨ ਹਾਊਸ ਗੈਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿੱਚ ਗਰਮੀਆਂ ਵਿੱਚ ਸੰਨ 2050 ਤੱਕ 32 ਡਿਗਰੀ ਸੈਂਟੀਗਰੇਡ ਅਤੇ ਸੰਨ 2080 ਤੱਕ 45 ਡਿਗਰੀ ਸੈਂਟੀਗਰੇਡ ਤੱਕ ਤਾਪਮਾਨ ਵੱਧ ਸਕਦਾ ਹੈ।
ਇੱਕ ਇੰਟਰਨੈੱਟ ਸ੍ਰੋਤ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਸਾਲ 2007 ਵਿਚ ਮੌਸਮੀ ਬਦਲਾਵ ਕਾਰਣ ਹੋਈਆਂ ਤਬਾਹੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇੱਕ ਰਿਪੋਰਟ ਅਨੁਸਾਰ ਬਰਤਾਨੀਆ ਵਿੱਚ ਪਿਛਲੇ 60 ਸਾਲਾਂ ਦੇ ਸਮੇਂ ਵਿਚ ਇੰਨੇ ਭਾਰੇ ਹੜ੍ਹ ਨਹੀਂ ਸੀ ਆਏ ਕਿ ਸਾਲ 2007 ਵਿੱਚ 3,50,000 ਲੋਕਾਂ ਦਾ ਨੁਕਸਾਨ ਹੋਇਆ। 1766 ਤੋਂ ਰੱਖੇ ਜਾਂਦੇ ਮੌਸਮ ਸੰਬੰਧੀ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਉਕਤ ਸਾਲ ਇੰਗਲੈਂਡ ਅਤੇ ਵੇਲਸ ਵਿਚ ਮਈ ਤੋਂ ਜੁਲਾਈ ਮਹੀਨਿਆਂ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੀਂਹ ਪਿਆ। ਪਵਿੱਤਰ ਬਾਈਬਲ ਨਾਂ ਤੇ ਬਣੀ ਇੱਕ ਇੰਟਰਨੈੱਟ ਵੈੱਬਸਾਈਟ ਤੇ ਪਏ ਇੱਕ ਲੇਖ ਵਿੱਚ ਸਾਲ 2007 ਵਿੱਚ ਵਾਤਾਵਰਣ ਸਬੰਧੀ ਹੋਏ ਹੇਰ-ਫੇਰ ਕਾਰਣ ਹੋਏ ਨੁਕਸਾਨਾਂ ਦਾ ਵੇਰਵਾ ਅਨੁਸਾਰ, ‘ਉੱਤਰੀ ਕੋਰੀਆ ਵਿੱਚ ਇੱਕ ਅੰਦਾਜ਼ੇ ਮੁਤਾਬਿਕ 9,60,000 ਲੋਕ ਭਾਰੇ ਹੜ੍ਹਾਂ, ਢਿੱਗਾਂ ਡਿੱਗਣ ਅਤੇ ਚਿੱਕੜ ਹੜ੍ਹਾਂ ਤੋਂ ਪ੍ਰਭਾਵਿਤ ਹੋਏ। ਸੂਡਾਨ ਵਿੱਚ ਭਾਰੀਆਂ ਬਰਸਾਤਾਂ ਨੇ 1,50,000 ਲੋਕਾਂ ਨੂੰ ਬੇਘਰ ਕਰ ਦਿੱਤਾ। ਪੱਛਮੀ ਅਫ਼ਰੀਕਾ ਵੱਲ 14 ਦੇਸ਼ਾਂ ਵਿਚ 8,00,000 ਲੋਕ ਹੜ੍ਹਾਂ ਦੇ ਸ਼ਿਕਾਰ ਹੋਏ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਲੱਗੀ ਅੱਗ ਕਰਕੇ 5 ਲੱਖ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ। ਲਿਸੋਥੋ ਵਿੱਚ ਜ਼ਿਆਦਾ ਤਾਪਮਾਨ ਅਤੇ ਸੋਕੇ ਦੇ ਕਾਰਨ ਕਈ ਫ਼ਸਲਾਂ ਬਰਬਾਦ ਹੋਈਆਂ ਅਤੇ ਤਕਰੀਬਨ 5,53,000 ਲੋਕਾਂ ਨੂੰ ਦੂਸਰਿਆਂ ਦੇਸ਼ਾਂ ਤੋਂ ਖਾਣੇ ਦੀ ਲੋੜ ਪੈਦਾ ਹੋਈ। ਮੈਡਾਗਾਸਕਰ ਵਿੱਚ ਲਗਾਤਾਰ ਦਿਨ-ਰਾਤ ਪਏ ਮੀਹ ਅਤੇ ਤੂਫ਼ਾਨਾਂ ਕਾਰਨ 33,000 ਲੋਕ ਬੇਘਰ ਹੋ ਗਏ ਤੇ ਲੱਖਾਂ ਲੋਕਾਂ ਦੀਆਂ ਫ਼ਸਲਾਂ ਤਬਾਹ ਹੋਈਆਂ। ਭਾਰਤ ਵਿੱਚ ਹੜ੍ਹਾਂ ਕਾਰਣ 3 ਕਰੋੜ ਲੋਕ ਪ੍ਰਭਾਵਿਤ ਹੋਏ ਉੱਥੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਤੁਫਾਨੀ ਮੀਂਹ/ਹਨੇਰੀਆਂ ਕਰਕੇ ਲੱਗਭਗ 3,77,00 ਲੋਕਾਂ ਨੂੰ ਬੇਘਰ ਕਰਕੇ, ਸੈਂਕੜੇ ਲੋਕਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਡਮਿਨੀਕਨ ਗਣਰਾਜ ਵਿੱਚ ਲਗਾਤਾਰ ਭਾਰੀ ਮੀਂਹ ਹੋਣ ਕਰਕੇ ਆਏ ਹੜ੍ਹਾਂ ਕਾਰਣ ਜ਼ਮੀਨ ਹੇਠਾਂ ਖਿਸਕਣ ਹਜ਼ਾਰਾਂ ਲੋਕਾਂ ਤੇ ਪ੍ਰਭਾਵ ਪਿਆ। ਇਸੇ ਤਰ੍ਹਾਂ ਬੰਗਲਾਦੇਸ਼ ਵਿੱਚ ਹੜ੍ਹਾਂ ਕਰਕੇ 85 ਲੱਖ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਉੱਥੇ 3,000 ਕਰੀਬ ਲੋਕਾਂ ਦੀ ਮੌਤ ਹੋਈ ਸੀ।’
ਹਾਲ ਹੀ ਦੀ ਗੱਲ ਕਰੀਏ ਤਾਂ ਅਜੇ 27 ਜੂਨ 2017 ਨੂੰ ਸ੍ਰੀ ਲੰਕਾਂ ਵਿੱਚ ਹੋਈ ਮੋਹਲੇਧਾਰ ਵਰਖਾ ਕਾਰਣ ਆਏ ਹੜ੍ਹਾਂ ਅਤੇ ਢਿੱਡਾਂ ਡਿੱਗਣ ਨਾਲ 100 ਦੇ ਕਰੀਬ ਮੌਤਾਂ ਹੋਈਆਂ ਅਤੇ ਸੈਂਕੜੇ ਲੋਕ ਲਾਪਤਾ ਹੋਏ। ਹੜਾਂ ਨਾਲ 14 ਜਿਿਲ੍ਹਆਂ ਵਿੱਚ 52 ਹਜ਼ਾਰ ਤੋਂ ਜਿਆਦਾ ਪਰਿਵਾਰਾਂ ਦੇ ਲਗਭਗ 2 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਕੀ ਲੱਗਦਾ ਹੈ ਕਿ ਜੋ ਕੁੱਝ ਵਾਪਰ ਚੁੱਕਿਆ ਹੈ, ਭਵਿੱਖ ਵਿੱਚ ਨਹੀਂ ਵਾਪਰੇਗਾ? ਬਿਲਕੁੱਲ ਵਾਪਰੇਗਾ ਅਤੇ ਇਸ ਤੋਂ ਵੀ ਜਿਆਦਾ ਨੁਕਸਾਨਦਾਇਕ ਹੋਵੇਗਾ ਜਾਂ ਇਹ ਸੱਪਸ਼ਟ ਲਫਜ਼ਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਮਨੁੱਖਾ ਜਾਤੀ ਲਈ ਸੱਭ ਤੋਂ ਵੱਧ ਘਾਤਕ ਹੋਵੇਗਾ। ਜਿਵੇਂ ਪੀਣ ਯੋਗ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਵੱਧਦੀ ਜਾ ਰਹੀ ਹੈ, ਜਿਵੇਂ ਜਿਵੇਂ ਪ੍ਰਦੂਸ਼ਣ ਬੇਰੋਕ ਵੱਧ ਰਿਹਾ ਹੈ, ਅੱਜ ਨਹੀਂ ਤਾਂ ਕੱਲ ਸਾਨੂੰ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਅੱਜ ਵਿਕਾਸ ਦੇ ਨਾਂ ਤੇ ਦੋ ਮਾਰਗੀ ਤੋਂ ਚਾਰ ਮਾਰਗੀ ਅਤੇ ਚਾਰ ਮਾਰਗੀ ਤੋਂ ਅੱਠ ਮਾਰਗੀ ਸੜਕਾਂ, ਫਲਾਈਓਵਰਾ ਪੁੱਲਾਂ ਦੇ ਨਿਰਮਾਣ, ਸ਼ਾਪਿੰਗ ਪਲਾਜ਼ਾ ਅਤੇ ਮਾਲਜ਼ ਉੱਤੇ ਪੈਸੇ ਅਤੇ ਚਮਕ-ਦਮਕ ਦੀ ਖਪਤ ਵਾਸਤੇ ਤਾਂ ਅਰਬਾਂ ਰੁੁਪਿਆ ਖਰਚਿਆ ਜਾ ਰਿਹਾ ਹੈ, ਪਰ ਅਫਸੋਸ ਕਿ ਆਪਣੇ ਚੌਗਿਰਦੇ ਆਪਣੇ ਵਾਤਾਵਰਣ ਪ੍ਰਤੀ ਅਸੀਂ ਬੇਹੱਦ ਲਾਪਰਵਾਹ ਹੋ ਗਏ ਹਾਂ। ਯਾਦ ਰਹੇ ਇਸਦਾ ਅਸਰ ਜੀਵ-ਜੰਤੂਆਂ ਅਤੇ ਪੰਛੀਆਂ ਜੋ ਰੁੱਖਾਂ/ਜੰਗਲਾਂ ਜਾਂ ਦਰਿਆਵਾਂ ਵਿੱਚ ਰਹਿੰਦੇ ਹਨ ਅਲੋਪ ਹੋ ਰਹੇ ਹਨ, ਜੇਕਰ ਅਸੀਂ ਵਾਤਰਵਰਣ ਸਬੰਧੀ ਸਹੀ ਪਹੁੰਚ ਨਾ ਅਪਣਾਈ ਤਾਂ ਮਨੁੱਖਾ ਜਾਤੀ ਨੂੰ ਅਲੋਪ ਹੁੰਦਿਆ ਸਮਾਂ ਨਹੀਂ ਲੱਗੇਗਾ।
ਮੌਜੂਦਾ ਦੌਰ ਵਿੱਚ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਸੰਸਾਰ ਦੀ ਧਰਤੀ ਦੇ 2.4 ਹਿੱਸੇ ਵਿੱਚ ਵੱਸਿਆ ਵਿਸ਼ਵ ਦੇ ਕੁੱਲ 1.5 ਫੀਸਦੀ ਕੁਦਰਤੀ ਸੋਮਿਆਂ ਅਤੇ 8 ਫੀਸਦੀ ਜੀਵ ਭਿੰਨਤਾ ਨਾਲ ਭਰਪੂਰ ਇਹ ਦੇਸ਼, ਸੰਸਾਰ ਦੀ ਆਬਾਦੀ ਦਾ ਕੁੱਲ 16 ਫੀਸਦੀ ਹਿੱਸਾ ਸਾਂਭੀ ਬੈਠਾ ਹੈ। ਆਬਾਦੀ ਘਣਤਾ 265 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਅਤੇ ਜੰਗਲ ਹੇਠਲਾ ਰਕਬਾ ਸਿਰਫ 19.5 ਫੀਸਦੀ ਹੋਣ ਕਾਰਨ ਸਮੁੱਚਾ ਦੇਸ਼ ਇਸ ਵਕਤ ਵਾਤਾਵਰਣ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਹਮੇਸ਼ਾਂ ਯਾਦ ਰੱਖਣਯੋਗ ਅਤੇ ਕਦੇ ਵੀ ਨਾਂਹ ਭੁੱਲਣਯੋਗ ਬਾਤ ਇਹ ਹੈ ਕਿ ਕੁਦਰਤ ਦੀ ਸਾਜੀ ਸਮੁੱਚੀ ਸ੍ਰਿਸ਼ਟੀ ਵਿੱਚ ਸਿਰਫ ਪ੍ਰਿਥਵੀ ਹੀ ਹੁਣ ਤੱਕ ਦਾ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿਸ ਉਪਰ ਮੁਕੰਮਲ ਜੀਵਨ ਸੰਭਵ ਹੋ ਸਕਿਆ ਹੈ। ਪਰ ਵਿਕਾਸ ਦੇ ਨਾਂ ਜਿਸ ਤਰ੍ਹਾਂ ਅਸੀਂ ਇਸ ਅਣਮੁੱਲੇ ਸੋਮੇ ਨੂੰ ਤੇਜ਼ੀ ਨਾਲ ਬਰਬਾਦ ਕਰਦੇ ਜਾ ਰਹੇ ਹਾਂ, ਸਪੱਸ਼ਟ ਕਰਦਾ ਹੈ ਕਿ ਆਉਂਦੇ ਸਮੇਂ ਵਿੱਚ ਇਸ ਦੇ ਸਿੱਟੇ ਬਹੁਤ ਘਾਤਕ ਰੂਪ ਵਿੱਚ ਸਾਹਮਣੇ ਆਉਣਗੇ।
• ਰੁੱਖਾਂ ਦੀ ਕਟਾਈ • ਪਾਣੀ ਦੀ ਬਰਬਾਦੀ
• ਵਾਹਨਾਂ/ਫੈਕਟਰੀਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ
• ਪਲਾਸਟਿਕ ਬੈਗਾਂ ਦੀ ਵਰਤੋਂ
• ਮਿੱਟੀ ਪ੍ਰਦੂਸ਼ਣ
• ਓਜ਼ੋਨ ਪਰਤ ਦੇ ਮਘੋਰੇ
ਸਮੇਤ ਹੋਰ ਕਈ ਤਰ੍ਹਾਂ ਦੀਆਂ ਅਣਗਿਹਲੀਆਂ ਕਰਕੇ ਸਾਡੇ ਜਨ ਜੀਵਣ ਸਮੇਤ ਹੋਰਨਾਂ ਪਰਜਾਤੀਆਂ ਉੱਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਜਿਸ ਵਾਸਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਨੁੱਖਾ ਜਾਤੀ ਜਿੰਮੇਵਾਰ ਹੈ।
ਇਹ ਜ਼ਰੂਰੀ ਹੈ ਕਿ ਹਰ ਮਨੁੱਖ ਆਪਣੇ ਜਿੰਮੇਵਾਰੀ ਪ੍ਰਤੀ ਸੁਹਿਰਦ ਹੋਵੇ। ਯਾਦ ਰੱਖੋ ਪਾਣੀ ਬਚਾਇਆ ਜਾ ਸਕਦਾ ਹੈ, ਪਰ ਬਣਾਇਆ ਨਹੀਂ। ਇਸੇ ਤਰ੍ਹਾਂ ਰੱੁਖਾਂ ਪ੍ਰਤੀ ਵੀ ਆਪਣਾ ਨਜ਼ਰੀਆ ਬਦਲਣਾ ਪਵੇਗਾ। ਕੁਝ ਨੁਕਤਿਆਂ ਜਿਵੇਂ:
• ਫਾਲਤੂ ਬਿਜਲੀ ਦੇ ਸਵਿੱਚਾਂ ਨੂੰ ਜ਼ਰੂਰਤ ਨਾ ਹੋਣ ਤੇ ਬੰਦ ਕੀਤਾ ਜਾਵੇ।
• ਆਪਣੇ ਵਾਹਨਾਂ ਦੇ ਟਾਇਰਾਂ ਦੀ ਹਵਾ ਨੂੰ ਸਮੇਂ ਸਮੇਂ ਚੈੱਕ ਕੀਤਾ ਜਾਵੇ ਤਾਂ ਕਿ ਉਹ ਈਂਧਨ ਦੀ ਖਪਤ ਘੱਟ ਕਰਨ।
• ਮੋਟਰ ਗੱਡੀਆਂ ਦਾ ਪ੍ਰਦੂਸਣ ਸਮੇਂ ਸਮੇਂ ਤੇ ਚੈੱਕ ਕਰਵਾਇਆ ਜਾਵੇ।
• ਪਾਣੀ ਦੀ ਵਰਤੋਂ ਬੜੀ ਸੰਜੀਦਗੀ ਦੇ ਨਾਲ ਕੀਤੀ ਜਾਵੇ ਅਤੇ ਮੀਂਹ ਦੇ ਪਾਣੀ ਨੂੰ ਸਾਂਭਲਣ ਲਈ ਯਤਨ ਕੀਤੇ ਜਾਣ।
• ਰੁੱਖ ਲਗਾਉਣ ਨੂੰ ਪਹਿਲ ਦਿੱਤੀ ਜਾਵੇ ਆਪਣਾ ਆਲਾ ਦੁਆਲਾ ਹਰਿਆ ਭਰਿਆ ਰੱਖਿਆ ਜਾਵੇ।
• ਰਸਾਇਣਕ ਖਾਦਾਂ ਦੀ ਵਰਤੋਂ ਘਟਾਈ ਜਾਵੇ।
• ਆਪਣੇ ਸ਼ਹਿਰ/ਪਿੰਡ ਵਿੱਚ ਨੇੜੇ ਤੇੜੇ ਦੇ ਕੰਮਾਂ ਲਈ ਮੋਟਰ ਗੱਡੀ ਨਾਲੋਂ ਸਾਈਕਲ ਦੀ ਵਰਤੋਂ ਕੀਤੀ ਜਾਵੇ।
• ਪਰਾਲੀ/ਨਾੜ ਨੂੰ ਸਾੜਨ ਦੀ ਥਾਂ ਸਾਂਭ ਕੇ ਉਸਦੀ ਸਦਵਰਤੋਂ ਯਕੀਨੀ ਬਣਾਈ ਜਾਵੇ।
• ਪੰਜਾਬ ਪ੍ਰਦੂਸ਼ਣ ਰੋਕੂ ਬੋਰਡ ਆਪਣੀ ਡਿਊਟੀ ਸਖਤੀ ਨਾਲ ਨਿਭਾਵੇ।
• ਮੋਟਰ ਗੱਡੀਆਂ ਦੀ ਸਿੱਧਾ ਪਾਈਪ ਰਾਹੀਂ ਪਾਣੀ ਨਾਲ ਧੁਆਈ ਨਾਲੋਂ, ਗਿੱਲੇ ਕੱਪੜੇ ਨਾਲ ਘੱਟ ਪਾਣੀ ਦੀ ਵਰਤੋਂ ਕਰਦੇ ਹੋਏ ਧੁਆਈ ਕੀਤੀ ਜਾਵੇ।
ਇਸਦੇ ਨਾਲ ਆਪਣੀ ਜਿੰਮੇਵਾਰੀ ਆਪ ਪਹਿਚਾਣਦੇ ਦੋਸਤੋ! ਅੱਜ ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਕਿ ਜਿਸ ਕੁਦਰਤ ਨੇ ਸਾਨੂੰ ਜੀਵਣ ਦਿੱਤਾ, ਸ਼ੁੱਧ ਹਵਾ ਅਤੇ ਪਾਣੀ ਦਿੱਤੇ, ਸਾਡੀ ਹਰ ਸੁੱਖ ਸਹੂਲਤ ਨੂੰ ਮੁੱਖ ਰੁੱਖ ਕੇ ਸੋਹਣਾ ਹਰਿਆ ਭਰਿਆ ਚੌਗਿਰਦਾ ਦਿੱਤਾ ਤਾਂ ਕਿ ਅਸੀਂ ਕੁਦਰਤ ਨਾਲ ਖੇਡਦੇ ਖੇਡਦੇ ਉਸਦੇ ਭੇਦ ਲੱਭੀਏ ਅਤੇ ਅੰਨਦਮਈ ਹੋ ਜਾਈਏ, ਜਿਸ ਸਾਡੀ ਰੱਖਿਆ ਲਈ ਹਰ ਪੱਖ ਤੋਂ ਸਾਡਾ ਪੱਖ ਪੂਰਿਆ, ਸਾਡੇ ਵਾਸਤੇ ਬੇਅੰਤ ਖਜ਼ਾਨੇ ਜ਼ਮੀਨ ਦੇ ਅੰਦਰ ਅਤੇ ਜ਼ਮੀਨ ਤੇ ਉੱਪਰ ਪੈਦਾ ਕੀਤਾ, ਜੇ ਜ਼ਮੀਨ ਤੇ ਤੁਰਨਾ ਸਿਖਾਇਆ ਤਾਂ ਹਵਾ ਵਿੱਚ ਉੱਡਣਾ ਵੀ, ਕਿੰਨੇ ਹੀ ਜੀਵ ਜੰਤੂ, ਰੁੱਖ, ਪੌਦੇ ਆਦਿ ਸ਼ਾਡੇ ਦੋਸਤ ਬਣਾਏ ਤਾਂ ਕੀ ਉਸ ਕੁਦਰਤ ਪ੍ਰਤੀ ਸਾਦੀ ਕੋਈ ਜਿੰਮੇਵਾਰੀ ਨਹੀਂ ਬਣਦੀ? ਜੇ ਬਣਦੀ ਹੈ ਤਾਂ ਕਿਉਂ ਨਾ ਸੰਭਾਲੀਏ ਆਪਣੇ ਵਾਤਾਵਰਣ ਨੂੰ? ਕਿਉਂ ਨਾ ਕਰੀਏ ਇਸਦੀ ਦੇਖ ਰੇਖ? ਕਿਉਂ ਨਾ ਲਗਾਈਏ ਹੋਰ ਰੁੱਖ, ਕਿਉਂ ਨਾ ਬਚਾਈਏ ਆਪਣੇ ਲਈ ਪਾਣੀ?
ਅੱਜ ਸਾਲ ਲੈਣ ਲਈ ਸਾਡੀ ਹਵਾ, ਪੀਣ ਨੂੰ ਪਾਣੀ, ਉਪਜਾਊ ਫਸਲਾਂ ਲਈ ਮਿੱਟੀ ਆਦਿ ਸੱਭ ਕੁੱਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸੇ ਕਰਕੇ ਸਮੁੱਚੇ ਸੰਸਾਰ ਵਿੱਚ ਵਾਤਾਵਰਣ ਸਬੰਧੀ ਇਸ ਅਵੇਸਲੇਪਣ ਨੂੰ ਦੂਰ ਕਰਨ ਹਿੱਤ, ਹਲੂਣਾ ਮਾਤਰ ਅਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਦੂਜਿਆ ਨੂੰ ਸਮਝਾਉਣ ਲਈ ਖਾਸ ਯਤਨ ਵੱਜੋਂ ਹਰ ਸਾਲ 5 ਜੂਨ ਨੂੰ ਵਾਤਾਵਰਣ ਦਿਵਸ ਦੇ ਨਾਂ ਖਾਸ ਦਿਨ ਮਣਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੀ ਜਿੰਮੇਵਾਰੀ ਪ੍ਰਤੀ ਸੁਹਿਰਦ ਹੋ ਸਕੀਏ ਅਤੇ ਸਾਨੂੰ ਚੇਤਾ ਰਹੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਕਿੰਨਾ ਕੁ ਸਹੀ ਹੈ? ਇਸ ਦਿਨ ਦੀ ਸ਼ੁਰੂਆਤ 5 ਤੋਂ 16 ਜੂਨ 1972 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਅਯੋਜਿਤ ਕੀਤੀ ਗਏ ‘ਵਿਸ਼ਵ ਵਾਤਾਵਰਣ ਸੰਮੇਲਨ’ ਵਿੱਚ ਹੋਈ ਸੀ ਅਤੇ 5 ਜੂਨ 1974 ਨੂੰ ਪਹਿਲੀ ਵਾਰ ਇਹ ਦਿਵਸ ਵਤਾਵਾਰਣ ਦਿਵਸ ਵਜੋਂ ‘ਸਿਰਫ ਇੱਕ ਧਰਤੀ ਦੇ ਵਿਸ਼ੇ ਮਨਾਇਆ ਗਿਆ ਸੀ। ਇਸ ਸਾਲ 2019 ਵਿੱਚ ਇਸ ਦਾ ਵਿਸ਼ਾ ਹੈ ‘ਹਵਾ ਦਾ ਪ੍ਰਦੂਸ਼ਣ। ਉਮੀਦ ਕਰਦਾ ਹਾਂ ਕਿ ਇਸ ਸਾਲ ਅਸੀਂ ਵਾਤਾਵਰਣ ਦਿਵਸ ਮਨਾਉਂਦੇ ਹੋਏ ਜ਼ਰੂਰ ਆਤਮ ਚਿੰਤਨ ਕਰਾਂਗੇ। ਆਮੀਨ!!