ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮਹਿਤੇ ਵਿਖੇ ਕਰਾਏ ਗਏ 35ਵਾਂ ਸ਼ਹੀਦੀ ਸਮਾਗਮ ਦੀ ਸਫਲਤਾ ਲਈ ਸਮੂਹ ਸੰਗਤਾਂ, ਧਾਰਮਿਕ, ਰਾਜਸੀ ਸਮਾਜਿਕ ਸ਼ਖਸੀਅਤਾਂ ਅਤੇ ਸ਼ਹੀਦ ਪਰਿਵਾਰਾਂ ਦਾ ਧੰਨਵਾਦ ਕੀਤਾ ਹੈ।
ਉਹਨਾਂ ਦਮਦਮੀ ਟਕਸਾਲ ਦੇ ਹੈਡ ਕੁਆਟਰ ਗੁਰਦਵਾਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ ‘84 ਦੇ ਘੱਲੂਘਾਰੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ’ਚ ਸ਼ਹੀਦੀਆਂ ਪਾਉਣ ਵਾਲੇ ਸਮੂਹ ਸ਼ਹੀਦ ਮਰਜੀਵੜਿਆਂ ਦੀ ਯਾਦ ’ਚ ਕਰਾਏ ਗਏ ਸ਼ਹੀਦੀ ਸਮਾਗਮ ਵਿਚ ਸ਼ਿਰਕਤ ਕਰਦਿਆਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਤੇ 14ਵੇਂ ਮੁਖੀ ਸੰਤ ਭਿੰਡਰਾਂਵਾਲਿਆਂ ਨੂੰ ਸਰਵ ਉਚ ਸਨਮਾਨ ਤੋਂ ਇਲਾਵਾ ਸ਼ਹੀਦ ਭਾਈ ਅਮਰੀਕ ਸਿੰਘ ਸ਼ਹੀਦ ਬਾਬਾ ਠਾਹਰਾ ਸਿੰਘ ਸ਼ਹੀਦ ਜਰਨਲ ਸੁਬੇਗ ਸਿੰਘ ਨੂੰ ਖਿਤਾਬ ਤੇ ਸਨਮਾਣ ਦੇਣ ਪ੍ਰਤੀ ਪ੍ਰਗਟ ਕੀਤੇ ਗਏ ਭਰੋਸੇ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ। ਉਨਾਂ ਸ਼ਹੀਦੀ ਸਮਾਗਮ ਵਿਚ ਹਿਸਾ ਲੈ ਕੇ ਸੰਗਤ ਦਾ ਉਤਸ਼ਾਹ ਵਧਾਉਣ ਲਈ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ਾਂ, ਉਦਾਸੀਨ ਤੇ ਨਿਰਮਲੇ , ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਫੈਡਰੇਸ਼ਨਾਂ, ਸ਼ਹੀਦ ਪਰਿਵਾਰਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਸਮੇਤ ਤਮਾਮ ਮੈਬਰਾਨ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਅਤੇ ਦੇਸ਼ ਵਿਦੇਸ਼ਾਂ ਤੋਂ ਇਥੇ ਪਹੁੰਚੀਆਂ ਸੰਗਤਾਂ ਦਾ ਰੋਮ ਰੋਮ ਕਰ ਕੇ ਧੰਨਵਾਦ ਕੀਤਾ ਹੈ। ਦਮਦਮੀ ਟਕਸਾਲ ਮੁਖੀ ਨੇ ਸੰਗਤ ਦੀ ਸੇਵਾ-ਸੰਭਾਲ ਲਈ ਵੱਡੇ ਪੱਧਰ ‘ਤੇ ਬੱਸਾਂ, ਗਡੀਆਂ, ਸਕੂਟਰ, ਮੋਟਰਸਾਈਕਲਾਂ ਆਦਿ ਦੇ ਰੱਖ-ਰਖਾਅ (ਪਾਰਕਿੰਗ) ਦੀ ਸੇਵਾ ਕਰਨ, ਵੱਡੀ ਗਿਣਤੀ ‘ਚ ਛਬੀਲਾਂ ਅਤੇ ਲੰਗਰ ਆਦਿ ਲਾਉਣ, ਜੋੜੇਘਰਾਂ ਦੀ ਸੇਵਾ ਕਰਨ ਵਾਲੇ ਸਵੈਸੇਵੀ ਨਿਸ਼ਕਾਮ ਸੇਵਕਾਂ ਅਤੇ ਮੀਡੀਆ ਕਰਮੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਵਡੀ ਪਧਰ ’ਤੇ ਸ਼ਹੀਦਾਂ ਨੂੰ ਯਾਦ ਕੀਤੇ ਜਾਣ ਨਾਲ ਹੀ ਨਵੀਂ ਤੇ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ, ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਸਿੱਖੀ ਸਿਧਾਂਤ ਨਾਲ ਜੋੜਿਆ ਜਾਣਾ ਸੰਭਵ ਹੁੰਦਾ ਹੈ। ਉਹਨਾਂ ਸਮੂਹ ਸੰਗਤ ਨੂੰ ਬੱਚਿਆਂ ਦੇ ਕੇਸ ਕਤਲ ਨਾ ਕਰਵਾਉਣ, ਬਾਣੀ-ਬਾਣੇ ਦੇ ਧਾਰਨੀ ਬਣ ਕੇ ਉਨ੍ਹਾਂ ਨੂੰ ਸਿੱਖੀ ਵਿਚ ਪਰਪੱਕ ਕਰਨ ਲਈ ਪ੍ਰੇਰਣ ਦੀ ਅਪੀਲ ਕੀਤੀ।