ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੂੰ ਐਨਏਬੀ ਨੇ ਜਾਅਲੀ ਅਕਾਊਂਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਰਦਾਰੀ ਨੇ ਇਸ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ ਇਸਲਾਮਾਬਾਦ ਹਾਈਕੋਰਟ ਵਿੱਚ ਅਗਾਊਂ ਜਮਾਨਤ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ ਸੀ।
ਸਾਬਕਾ ਰਾਸ਼ਟਰਪਤੀ ਤੇ ਜਾਅਲੀ ਬੈਂਕ ਅਕਾਊਂਟ ਦੇ ਦੁਆਰਾ ਦੇਸ਼ ਵਿੱਚੋਂ ਪੈਸੇ ਬਾਹਰ ਭੇਜਣ ਦਾ ਆਰੋਪ ਹੈ। ਦੇਸ਼ ਦੀ ਭ੍ਰਿਸ਼ਟਾਚਾਰ ਤੇ ਨਜ਼ਰ ਰੱਖਣ ਵਾਲੀ ਏਜੰਸੀ ਐਨਬੀਏ ਨੇ ਉਨ੍ਹਾਂ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਉਨ੍ਹਾਂ ਦੀ ਭੈਣ ਫਰਿਆਲ ਤਾਲਪੁਰ ਤੇ ਵੀ ਪੈਸਾ ਵਿਦੇਸ਼ ਵਿੱਚ ਭੇਜਣ ਦਾ ਆਰੋਪ ਹੈ, ਪਰ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਭੈਣ ਵੀ ਅਦਾਲਤ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਸੀ।
ਜਰਦਾਰੀ ਨੇ 2008 ਵਿੱਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ 11 ਸਾਲ ਜੇਲ੍ਹ ਵਿੱਚ ਬਿਤਾਏ ਸਨ। ਅਸਲ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਜਾਅਲੀ ਬੈਂਕ ਖਾਤਿਆਂ ਦੁਆਰਾ ਹੋਈ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਸਨ। ਇਸੇ ਮਾਮਲੇ ਵਿੱਚ ਐਨਏਬੀ ਨੇ ਜਰਦਾਰੀ ਦੇ ਖਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਤੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੱਤਿਆ ਅਤੇ ਭ੍ਰਿਸ਼ਟਾਚਾਰ ਦੇ ਆਰੋਪ ਵੀ ਲਗਾਏ ਗਏ ਸਨ। ਜਦੋਂ ਕਿ ਜਰਦਾਰੀ ਨੇ ਕਦੇ ਵੀ ਇਨ੍ਹਾਂ ਆਰੋਪਾਂ ਨੂੰ ਸਵੀਕਾਰ ਨਹੀਂ ਸੀ ਕੀਤਾ।