ਜੂਨ ‘84 ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਚੁਰਾਇਆ ਮੁਕੰਮਲ ਸਰਮਾਇਆ ਵਾਪਸ ਨਹੀਂ ਪੁੱਜਾ- ਐਸਜੀਪੀਸੀ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਹਿਤਕ ਸਰਮਾਇਆ ਕੇਂਦਰ ਸਰਕਾਰ ਅਤੇ ਫ਼ੌਜ ਵੱਲੋਂ ਅਜੇ ਤੱਕ ਵੀ ਵਾਪਸ ਨਾ ਕੀਤੇ ਜਾਣ ਦਾ ਮੁੜ ਦਾਅਵਾ ਕੀਤਾ ਗਿਆ ਹੈ। ਜੂਨ 1984ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਮੇਂ ਦੀ ਕੇਂਦਰੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬੇਸ਼ੁਮਾਰ ਸਰਮਾਇਆ ਵੀ ਚੋਰੀ ਕਰ ਲਿਆ ਗਿਆ ਸੀ, ਜਿਸ ਦੀ ਵਾਪਸੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਸਰਕਾਰ ਪਾਸੋਂ ਮੰਗ ਕਰਦੀ ਆ ਰਹੀ ਹੈ। ਪਰ ਹਾਲ ਹੀ ਵਿਚ ਮੀਡੀਆ ਦੇ ਇਕ ਹਿੱਸੇ ਵੱਲੋਂ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਕਿ ਕੇਂਦਰ ਸਰਕਾਰ ਵੱਲੋਂ ਲਾਇਬ੍ਰੇਰੀ ਦਾ ਸਮੂਹ ਸਰਮਾਇਆ ਵਾਪਸ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲਾਇਬ੍ਰੇਰੀ ਨਾਲ ਸਬੰਧਤ ਰਹੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੀ ਇਕੱਤਰਤਾ ਬੁਲਾਈ ਸੀ। ਅੱਜ ਹੋਈ ਇਸ ਇਕੱਤਰਤਾ ਦੌਰਾਨ ਸਬੰਧਤ ਅਧਿਕਾਰੀਆਂ ਨਾਲ ਲੰਮੇ ਵਿਚਾਰ ਵਟਾਂਦਰੇ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਚੁਰਾਇਆ ਗਿਆ ਅਨਮੋਲ ਸਰਮਾਇਆ ਪੂਰਨ ਰੂਪ ਵਿਚ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਹੀਂ ਕੀਤਾ ਗਿਆ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਡਾ. ਅਨੁਰਾਗ ਸਿੰਘ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਲਿਸਟਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੨੦੫ ਹੱਥਲਿਖਤ ਸਰੂਪ, ੮੦੭ ਪੁਸਤਕਾਂ, ੧ ਹੁਕਮਨਾਮਾ ਅਤੇ ਅਖ਼ਬਾਰਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀਆਂ ਗਈਆਂ ਸਨ। ਡਾ. ਰੂਪ ਸਿੰਘ ਨੇ ਵਿਸਥਾਰ ਦਿੰਦਿਆਂ ਦੱਸਿਆ ਕਿ ਅਸੈਸ਼ਨ ਰਜਿਸਟਰਾਂ ਦੇ ਰਿਕਾਰਡ ਮੁਤਾਬਕ ਜੂਨ ੧੯੮੪ ਤੋਂ ਪਹਿਲਾਂ ਲਾਇਬ੍ਰੇਰੀ ਵਿਚ ੫੧੨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ੧੨੬੧੩ ਦੁਰਲੱਭ ਪੁਸਤਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਖ਼ਬਾਰਾਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਵਿਚ ਆਈ ਸੂਚੀ ਅਤੇ ਡਾ. ਅਨੁਰਾਗ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਲਾਇਬ੍ਰੇਰੀ ਦਾ ਸਮਾਨ ਵਾਪਸ ਆਇਆ ਵੀ ਹੈ ਤਾਂ ਫਿਰ ਵੀ ੩੦੭ ਹੱਥਲਿਖਤ ਪਾਵਨ ਸਰੂਪ ਅਤੇ ੧੧੧੦੭ ਪੁਸਤਕਾਂ ਸ਼੍ਰੋਮਣੀ ਕਮੇਟੀ ਪਾਸ ਨਹੀਂ ਪੁੱਜੀਆਂ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਿ ਸਾਰਾ ਸਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਹੈ।

ਮੁੱਖ ਸਕੱਤਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਜ਼ੁੰਮੇਵਾਰੀ ਨਾਲ ਲੰਮੇ ਅਰਸੇ ਤੋਂ ਸਰਕਾਰਾਂ ਪਾਸੋਂ ਲਾਇਬ੍ਰੇਰੀ ਦੇ ਸਮਾਨ ਦੀ ਵਾਪਸੀ ਮੰਗ ਰਹੀ ਹੈ। ਹੁਣ ਤੀਕ ਇਸ ਸਬੰਧ ਵਿਚ ੮੫ ਦੇ ਕਰੀਬ ਪੱਤ੍ਰਿਕਾਵਾਂ ਕੇਂਦਰ ਸਰਕਾਰ ਨੂੰ ਲਿਖੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ ‘ਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੀ ਕੇਂਦਰ ਤੱਕ ਪਹੁੰਚ ਕਰਦੇ ਰਹੇ। ਉਨ੍ਹਾਂ ਕਿਹਾ ਕਿ ਜਾਣਬੁਝ ਕੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਚਾਲਾਂ ਨਾਲ ਸਮੇਂ ਦੀ ਕਾਂਗਰਸ ਸਰਕਾਰ ਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕੇਗਾ।

ਡਾ. ਰੂਪ ਸਿੰਘ ਨੇ ਪ੍ਰਕਾਸ਼ਤ ਖ਼ਬਰਾਂ ਵਿਚ ਵੱਡੀ ਕੀਮਤ ‘ਤੇ ਵੇਚੇ ਗਏ ਹੱਥਲਿਖਤ ਸਰੂਪ ਬਾਰੇ ਕਿਹਾ ਕਿ ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਇਸ ਸਬੰਧ ਵਿਚ ਇਕ ਹਾਈਪਾਵਰ ਕਮੇਟੀ ਬਣਾਈ ਜਾਵੇਗੀ, ਜੋ ਮਾਮਲੇ ਦੀ ਹਰ ਪੱਖ ਤੋਂ ਮੁਕੰਮਲ ਪੜਤਾਲ ਕਰੇਗੀ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਟਰੱਸਟੀ ਮੈਂਬਰ, ਹੱਥਲਿਖਤਾਂ ਦੇ ਮਾਹਿਰ, ਕਾਨੂੰਨੀ ਮਾਹਿਰ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿਚ ਹੁਣ ਤਕ ਪਹੁੰਚੇ ਸਮਾਨ ਬਾਰੇ ਅਤੇ ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਵੇਚੇ ਗਏ ਸਰੂਪਾਂ ਦੇ ਇਲਜ਼ਾਮ ਬਾਰੇ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ। ਡਾ. ਰੂਪ ਸਿੰਘ ਨੇ ਕਿਹਾ ਕਿ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ ਅਤੇ ਜੇਕਰ ਇਸ ਸਬੰਧ ਵਿਚ ਹਾਈਪਾਵਰ ਕਮੇਟੀ ਦੀ ਜਾਂਚ ਮਗਰੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਅਵੱਸ਼ ਹੋਵੇਗੀ। ਲੇਕਿਨ ਜੇਕਰ ਲਗਾਈ ਗਈ ਖ਼ਬਰ ਦੇ ਵੇਰਵੇ ਗਲਤ ਸਾਬਤ ਹੁੰਦੇ ਹਨ ਤਾਂ ਉਸ ਵਿਰੁੱਧ ਵੀ ਕੇਸ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ੧੯੮੪ ਤੋਂ ਬਾਅਦ ਹੁਣ ਤੱਕ ਸ਼੍ਰੋਮਣੀ ਕਮੇਟੀ ਵਿਚ ੧੭ ਸਕੱਤਰ, ੧੮ ਲਾਇਬ੍ਰੇਰੀ ਇੰਚਾਰਜ, ੨ ਡਾਇਰੈਕਟਰ ਅਤੇ ੮ ਲਾਇਬ੍ਰੇਰੀਅਨ ਸੇਵਾ ਨਿਭਾ ਚੁੱਕੇ ਹਨ। ਜੇਕਰ ਲਾਇਬ੍ਰੇਰੀ ਦਾ ਸਾਰਾ ਸਮਾਨ ਵਾਪਸ ਆ ਗਿਆ ਸੀ ਤਾਂ ਉਹ ਇਨ੍ਹਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਜ਼ਰ ਕਿਉਂ ਨਾ ਪਿਆ।
ਇਸੇ ਦੌਰਾਨ ਡਾ. ਰੂਪ ਸਿੰਘ ਨੇ ਦੱਸਿਆ ਕਿ ਕਰੜੀ ਘਾਲਣਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਨਵੇਂ ਸਿਰਿਓਂ ਅਬਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਿਕਾਰਡ ਮੁਤਾਬਕ ਲਾਇਬ੍ਰੇਰੀ ਵਿਚ ੨੪੯੯੯ ਪੁਸਤਕਾਂ, ੫੬੦ ਹੱਥਲਿਖਤ ਪਾਵਨ ਸਰੂਪ ਅਤੇ ੧੩੯੮ ਹੱਥਲਿਖਤ ਪੋਥੀਆਂ ਮੌਜੂਦ ਹਨ। ਡਾ. ਰੂਪ ਸਿੰਘ ਅਨੁਸਾਰ ਹੋਈ ਇਕੱਤਰਤਾ ਵਿਚ ੨੧ ਮੌਜੂਦਾ ਤੇ ਸਾਬਕਾ ਅਧਿਕਾਰੀ ਸ਼ਾਮਲ ਹੋਏ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>