ਅੱਜ ਮੈਂਨੂੰ ਯਾਦ ਬੜੀ, ਬਾਪ ਦੀ ਸਤਾਏ ਨੀ।
ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ।
ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ।
ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ।
ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ।
ਅੱਜ………
ਸਿਰ ਉੱਤੇ ਹੱਥ ਧਰ, ਸੀਨੇ ਨਾਲ ਲਾਂਵਦਾ।
ਅਸੀਸ ਉਹਦੀ ਸੁਣ ਸੀ, ਕਲੇਜਾ ਠਰ ਜਾਂਵਦਾ।
ਦੁੱਖ ਸੁੱਖ ਪੁੱਛਦਾ ਤੇ ਆਪਣਾ ਸੁਣਾਏ ਨੀ।
ਅੱਜ……..
ਪੇਕਿਆਂ ਦੇ ਮਹਿਲ ਹੁਣ, ਦਿੱਲ ਨੂੰ ਨਾ ਭਾਂਵਦੇ।
ਹੁਸਨ, ਜਵਾਨੀ, ਮਾਪੇ, ਮੁੜ ਨਹੀਉਂ ਆਂਵਦੇ।
ਮਾਪਿਆਂ ਦੀ ਦੇਣ ਕਦੇ, ਭੁੱਲੇ ਨਾ ਭੁਲਾਏੇ ਨੀ।
ਅੱਜ……..
ਪੁੱਤਾਂ ਸਾਂਭ ਲੈਣੀਆਂ, ਜ਼ਮੀਨਾਂ ਜਾਇਦਾਦਾਂ ਨੀ।
ਧੀਆਂ ਕੋਲ ਰਹਿਣਗੀਆਂ, ਮਿੱਠੀਆਂ ਤਾਂ ਯਾਦਾਂ ਨੀ।
‘ਦੀਸ਼’ ਨੇ ਤਾਂ ਮਾਪੇ ਸਦਾ, ਦਿੱਲ ‘ਚ ਵਸਾਏ ਨੀ।
ਅੱਜ……..