ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵਾਇਰਲ ਹੋਈ ਇਕ ਵੀਡੀਓ ਦੇ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ ਸਿੱਖ ਡਰਾਈਵਰ ਪਿਓ – ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੁਟਮਾਰ ਕਰਨ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਹੈ। ਉਹਨਾਂ ਮਾਮਲੇ ’ਚ ਸ਼ਾਮਿਲ ਸਾਰੇ ਦੋਸ਼ੀ ਪੁਲੀਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਕਕਾਰਾਂ ਦੀ ਬੇਅਦਬੀ ਲਈ ਵੀ ਕੇਸ ਦਰਜ ਕਰਨ ਲਈ ਕਿਹਾ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿਸਿਆਂ ’ਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ’ਤੇ ਕੀਤੇ ਜਾ ਰਹੇ ਹਮਲਿਆਂ ’ਚ ਆਈ ਤੇਜ਼ੀ ਚਿੰਤਾ ਦਾ ਵਿਸ਼ਾ ਹੈ। ਦਿਲੀ ਪੁਲੀਸ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਹੈ ਜਿਸ ਲਈ ਉਹਨਾਂ ਨੂੰ ਉਕਤ ਸੰਵੇਦਣਸ਼ੀਲ ਮਾਮਲੇ ’ਚ ਤੁਰੰਤ ਦਖਲ ਦੇਣ ਅਤੇ ਘੱਟ ਗਿਣਤੀ ਸਿੱਖਾਂ ’ਤੇ ਦਿਲੀ ਸਮੇਤ ਦੇਸ਼ ਅੰਦਰ ਹੁੰਦੇ ਅਜਿਹੇ ਮਾਰੂ ਹਮਲਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਲਈ ਵੀ ਕਿਹਾ, ਤਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਦਿਲੀ ਪੁਲੀਸ ਵਲੋਂ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਅਨਿਆਂ ਪੂਰਨ ਅਤੇ ਅਣਮਨੁਖੀ ਕਾਰੇ ਨਾਲ ਸਿਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਜਿਸ ਨੇ ਕਿ ਸਿਖਾਂ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਕੀਤੀ ਹੈ। ਉਕਤ ਸਿੱਖ ਪਿਓ ਪੁਤਰ ਵਲੋਂ ਕਿਸੇ ਮਾਮਲੇ ਵਿਚ ਕੋਈ ਕਾਨੂੰਨ ਦੀ ਉਲੰਘਣਾ ਹੋਈ ਹੈ ਤਾਂ ਉਸ ਨਾਲ ਕਾਨੂੰਨੀ ਢੰਗ ਨਾਲ ਹੀ ਨਜਿੱਠਿਆ ਜਾਣਾ ਚਾਹੀਦਾ ਸੀ, ਨਾ ਕਿ ਸ਼ਰੇਆਮ ਅਣਮਨੁੱਖੀ ਵਰਤਾਰੇ ਨੂੰ ਅੰਜਾਮ ਦੇ ਕੇ। ਉਹਨਾਂ ਸਰਕਾਰਾਂ ਨੇ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰੀਆਂ ਨੂੰ ਇਹ ਸਖ਼ਤੀ ਨਾਲ ਹਦਾਇਤ ਕਰਨ ਕਿ ਕਿਸੇ ਵੀ ਘਟ ਗਿਣਤੀ ਲੋਕਾਂ ਨਾਲ ਧੱਕਾ ਨਾ ਹੋਵੇ। ਉਨ੍ਹਾਂ ਸਿੱਖ ਭਾਈਚਾਰੇ ਨੂੰ ਆਪਣੇ ਨਾਲ ਹੋ ਰਹੇ ਅਨਿਆਂ ਨੂੰ ਰੋਕਣ ਲਈ ਇਕਜੁਟ ਹੋਣ ਕੇ ਅਵਾਜ਼ ਉਠਾਉਣ ਦੀ ਵੀ ਅਪੀਲ ਕੀਤੀ ਹੈ।