ਫ਼ਤਹਿਗੜ੍ਹ ਸਾਹਿਬ – “ਜਦੋਂ ਲੋਕ ਸਭਾ ਚੋਣਾਂ 2019 ਹੋ ਰਹੀਆ ਸਨ, ਤਾਂ ਸਮੁੱਚੀਆਂ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਵੱਲੋਂ ਇਥੋਂ ਦੇ ਨਿਵਾਸੀਆਂ ਨੂੰ ਅਤੇ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਗਿਆ ਸੀ ਕਿ ਜੇਕਰ ਇਥੋਂ ਦੇ ਨਿਵਾਸੀਆ ਨੇ ਗਲਤੀ ਨਾਲ ਹਿੰਦੂਤਵ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਨੂੰ ਫਿਰ ਤੋਂ ਲਿਆਂਦਾ, ਤਾਂ ਇਹ ਫਿਰਕੂ ਲੋਕ ਅਤੇ ਜਮਾਤਾਂ ਆਪਣੇ ਫਿਰਕੂ ਪ੍ਰੋਗਰਾਮਾਂ ਨੂੰ ਜ਼ਬਰੀ ਲਾਗੂ ਕਰਨ ਤੋਂ ਬਿਲਕੁਲ ਨਹੀਂ ਝਿਜਕਣਗੀਆ ਅਤੇ ਇਥੇ ਅਰਾਜਕਤਾ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਬਿਲਕੁਲ ਇਥੋਂ ਦੇ ਨਿਵਾਸੀਆ ਦੀ ਗਲਤੀ ਨਾਲ ਜੋ ਹਿੰਦੂਤਵ ਹੁਕਮਰਾਨ ਇਸ ਸਮੇਂ ਹਕੂਮਤ ਵਿਚ ਬੈਠੇ ਹਨ, ਉਹ ਰੋਜਾਨਾ ਹੀ ਫਿਰਕੂ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਦਾਅਵੇ ਹੀ ਨਹੀਂ ਕਰ ਰਹੇ, ਬਲਕਿ ਅਮਲੀ ਰੂਪ ਵਿਚ ਇਨ੍ਹਾਂ ਫਿਰਕੂਆ ਨੇ ਅਜਿਹੀਆ ਕਾਰਵਾਈਆ ਸੁਰੂ ਕਰ ਦਿੱਤੀਆ ਹਨ । ਬੀਤੇ ਦਿਨੀਂ ਇਕ ਹਿੰਦੂ ਆਗੂ ਵੱਲੋਂ ਸਮੁੱਚੀਆ ਘੱਟ ਗਿਣਤੀ ਕੌਮਾਂ ਤੇ ਧਰਮਾਂ ਨੂੰ ਠੇਸ ਪਹੁੰਚਾਉਦੇ ਹੋਏ ਇਹ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਅਯੋਧਿਆ ਵਿਖੇ ਹਰ ਕੀਮਤ ਤੇ ਜਲਦੀ ਹੀ ਰਾਮ ਮੰਦਰ ਬਣਾਵਾਂਗੇ ਕਿਉਂਕਿ ਸਾਡੀ ਹਕੂਮਤ ਹੈ ਅਤੇ ਸਾਨੂੰ ਕੋਈ ਨਹੀਂ ਰੋਕ ਸਕੇਗਾ । ਜੋ ਬੀਤੇ ਦਿਨੀਂ ਦਿੱਲੀ ਵਿਖੇ ਇਕ ਮਿਹਨਤ ਮੁਸੱਕਤ ਕਰਨ ਵਾਲੇ ਗੁਰਸਿੱਖ ਆਟੋ ਚਾਲਕ ਨੂੰ ਇਸ ਕਰਕੇ ਦਿਨ-ਦਿਹਾੜੇ ਚੌਕ ਵਿਚ ਦਿੱਲੀ ਪੁਲਿਸ ਵੱਲੋਂ ਉਸ ਕੋਲੋ 500 ਰੁਪਏ ਰਿਸਵਤ ਮੰਗਣ ਤੋਂ ਨਾਂਹ ਕਰਨ ਤੇ ਕੁੱਟਿਆ ਗਿਆ ਇਹ ਮੋਦੀ ਦੇ ਦੂਸਰੀ ਪਾਰੀ ਦੇ ਜੰਗਲ ਰਾਜ ਦੀ ਪ੍ਰਤੱਖ ਮਿਸਲ ਹੈ । ਆਉਣ ਵਾਲੇ ਸਮੇਂ ਵਿਚ ਇਹ ਫਿਰਕੂ ਲੋਕ ਇਥੇ ਕਿਹੋ ਜਿਹਾ ਨਫ਼ਰਤ ਭਰਿਆ ਤੇ ਦਹਿਸਤ ਵਾਲਾ ਮਾਹੌਲ ਬਣਾਉਣਗੇ, ਉਸਦਾ ਅੰਦਾਜਾ ਲਗਾਇਆ ਜਾ ਸਕਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ ਬੀਤੇ ਦਿਨੀਂ ਇਕ ਗੁਰਸਿੱਖ ਨੌਜ਼ਵਾਨ ਜੋ ਆਟੋ ਰਿਕਸਾ ਚਲਾਉਦਾ ਹੈ, ਉਸ ਉਤੇ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਤਸੱਦਦ-ਜੁਲਮ ਅਤੇ ਘੱਟ ਗਿਣਤੀ ਕੌਮਾਂ ਦੇ ਜਾਨ-ਮਾਲ ਦੀ ਰੱਖਿਆ ਨਾ ਹੋਣ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਹੁਕਮਰਾਨਾਂ ਲਈ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਅਸੀਂ ਲੰਮੇਂ ਸਮੇਂ ਤੋਂ ਸਮੁੱਚੀਆ ਘੱਟ ਗਿਣਤੀ ਕੌਮਾਂ, ਰੰਘਰੇਟਿਆ, ਦਲਿਤਾਂ, ਕਬੀਲਿਆ ਆਦਿ ਸਭ ਨੂੰ ਇਹ ਸੰਜ਼ੀਦਾ ਅਪੀਲ ਕਰਦੇ ਆ ਰਹੇ ਹਾਂ ਕਿ ਇਥੋਂ ਦੀ ਧਰਤੀ ਦੇ ਜੋ ਅਸੀਂ ਅਸਲ ਮਾਲਕ ਹਾਂ, ਉਨ੍ਹਾਂ ਨੂੰ ਇਹ ਸਾਜ਼ਸੀ ਢੰਗਾਂ ਰਾਹੀ ਘਸਿਆਰੇ ਬਣਾਕੇ ਅਤੇ ਦਹਿਸਤ ਪੈਦਾ ਕਰਕੇ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਹਨ । ਜਦੋਂਕਿ ਇਹ ਆਰੀਅਨ ਲੋਕ ਜੋ ਸਾਜ਼ਸੀ ਢੰਗਾਂ ਰਾਹੀ ਹਕੂਮਤਾਂ ਉਤੇ ਕਾਬਜ ਹੋਏ ਹਨ ਇਹ ਤਾਂ ਬਾਹਰੋ ਆਏ ਹੋਏ ਹਨ । ਲੇਕਿਨ ਸਮੁੱਚੀਆ ਘੱਟ ਗਿਣਤੀ ਕੌਮਾਂ ਜਿਨ੍ਹਾਂ ਦੀ 70% ਆਬਾਦੀ ਹੈ ਅਤੇ ਜੋ ਇਥੋਂ ਦੇ ਅਸਲ ਮਾਲਕ ਤੇ ਹਾਕਮ ਹੋਣੇ ਚਾਹੀਦੇ ਹਨ, ਉਨ੍ਹਾਂ ਵੱਲੋਂ ਇਕ ਪਲੇਟਫਾਰਮ ਤੇ ਸਰਬਸਾਂਝੇ ਪ੍ਰੋਗਰਾਮ ਤਹਿਤ ਇਕ ਸਾਫ਼-ਸੁਥਰਾਂ ਇਨਸਾਫ਼ ਪਸ਼ੰਦ ਰਾਜ ਕਾਇਮ ਕਰਨ ਲਈ ਇਕੱਤਰ ਹੋ ਕੇ ਅਮਲ ਕਰਨਾ ਬਣਦਾ ਹੈ । ਬੇਸ਼ੱਕ ਇਥੋਂ ਦੇ ਹੁਕਮਰਾਨ ਅੱਜ ਤੱਕ ਪਾੜੋ ਅਤੇ ਰਾਜ ਕਰੋ ਦੀ ਸੋਚ ਤੇ ਚੱਲਦੇ ਹੋਏ ਸਾਨੂੰ ਸਭਨਾਂ ਉਤੇ ਰਾਜ ਕਰਦੇ ਆ ਰਹੇ ਹਨ । ਪਰ ਜਿਸ ਦਿਨ ਸਭ ਘੱਟ ਗਿਣਤੀ ਕੌਮਾਂ ਅਤੇ ਵਰਗ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਇਕੱਤਰ ਹੋ ਕੇ ਆਪਣਾ ਰਾਜ ਕਾਇਮ ਕਰਨ ਵੱਲ ਚੱਲ ਪਏ ਤਾਂ ਅਜਿਹੀ ਕੋਈ ਗੱਲ ਨਹੀਂ ਕਿ ਉਹ ਰਾਜ ਭਾਗ ਦੇ ਮਾਲਕ ਨਾ ਬਣ ਸਕਣ ਅਤੇ ਇਨ੍ਹਾਂ ਹਿੰਦੂਤਵ ਸਾਜ਼ਿਸਕਾਰੀਆ ਨੂੰ ਹਾਰ ਨਾ ਦੇਣ ਸਕਣ ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਵੇਂ ਭਾਰਤੀ ਮੁਕਤੀ ਪਾਰਟੀ ਦੇ ਮੁੱਖੀ ਸ੍ਰੀ ਮਹੇਸਰਾਮ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾ ਪੱਖੀ ਆਦੇਸ਼ਾਂ, ਅਮਨ-ਚੈਨ ਦੀ ਸੋਚ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਨਾਲ ਪੂਰੀ ਸੰਜ਼ੀਦਗੀ ਨਾਲ ਸਹਿਯੋਗ ਕੀਤਾ ਹੈ, ਉਸੇ ਤਰ੍ਹਾਂ ਸਭ ਘੱਟ ਗਿਣਤੀ ਕੌਮਾਂ ਦੇ ਆਗੂ ਆਉਣ ਵਾਲੇ ਸਮੇਂ ਦੇ ਹਿੰਦੂਤਵ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਸਮਝਦੇ ਹੋਏ ਜਿੰਨੀ ਜਲਦੀ ਹੋ ਸਕੇ ਇਕ ਸਾਂਝੇ ਪ੍ਰੋਗਰਾਮ ਤਹਿਤ ਇਕੱਤਰ ਹੋ ਕੇ ਆਪਣੇ ਵਿਧਾਨਿਕ, ਸਮਾਜਿਕ, ਇਖਲਾਕੀ, ਧਾਰਮਿਕ ਤੇ ਭੂਗੋਲਿਕ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ, ਉਹ ਦਿਨ ਦੂਰ ਨਹੀਂ ਜਦੋਂ ਗੂਰਾਂ ਦੀ ਸੋਚ ਤੇ ਅਧਾਰਿਤ ‘ਹਲੀਮੀ ਰਾਜ’ ਕਾਇਮ ਨਾ ਹੋ ਸਕੇ ਅਤੇ ਇਥੋਂ ਦੇ ਨਿਵਾਸੀ ਬਿਨ੍ਹਾਂ ਕਿਸੇ ਡਰ-ਭੈ ਤੋਂ ਆਪਣੀ ਜਿੰਦਗੀ ਬਸਰ ਕਰ ਸਕਣ । ਉਨ੍ਹਾਂ ਮੰਗ ਕੀਤੀ ਕਿ ਜਿਥੇ ਦਿੱਲੀ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਹੈ ਅਤੇ ਸ੍ਰੀ ਕੇਜਰੀਵਾਲ ਦੀ ਦਿੱਲੀ ਸਟੇਟ ਦੀ ਹਕੂਮਤ ਹੈ, ਉਹ ਤੁਰੰਤ ਨਿਰਪੱਖ ਸਖਸ਼ੀਅਤਾਂ ਤੇ ਅਧਾਰਿਤ ਇਕ ਜਾਂਚ ਕਮੇਟੀ ਦਾ ਗਠਨ ਕਰਨ ਜੋ ਗੁਰਸਿੱਖ ਆਟੋ ਚਾਲਕ ਨਾਲ ਹੋਏ ਜ਼ਬਰ-ਜੁਲਮ ਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਲਿਆਵੇ ਅਤੇ ਸੀਮਤ ਸਮੇਂ ਵਿਚ ਰਿਪੋਰਟ ਆਉਣ ਤੇ ਕਾਨੂੰਨ ਅਨੁਸਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਖਤ ਸਜਾਵਾਂ ਦਿਵਾਉਣ ਦਾ ਪ੍ਰਬੰਧ ਕਰਨ ।