ਅੱਜ ਦੇ ਦੌਰ ਵਿਚ ਸਾਇੰਸ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਬੇਮਿਸਾਲ ਹੈ । ਇਸ ਤਰੱਕੀ ਨੇ ਲੋਕਾਂ ਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਤੋਂ ਵੀ ਵਾਂਝੇ ਕਰ ਦਿੱਤਾ ਹੈ ਅਤੇ ਲੋਕ ਫੌਕੀ ਸ਼ੋਹਰਤ ਤੇ ਸਮਾਜ ਵਿਚ ਫੋਕੇ ਦਿਖਾਵੇ ਲਈ ਆਪ ਕਰਜ਼ਈ ਹੋਣ ਲੱਗ ਪਏ ਹਨ । ਪਿਛਲੇ ਕੁਝ ਸਾਲ ਪਹਿਲਾਂ ਜਦੋਂ ਸਾਇੰਸ ਨੇ ਏਨੀ ਤਰੱਕੀ ਨਹੀਂ ਸੀ ਕੀਤੀ ਉਸ ਸਮੇਂ ਪਿੰਡਾਂ ਦੇ ਲੋਕਾਂ ਵਿਚ ਬਹੁਤ ਇਤਫਾਕ, ਸਾਝੀਵਾਲਤਾ ਭਾਈਚਾਰਾ ਕਾਇਮ ਰੱਖਿਆ ਜਾਂਦਾ ਸੀ । ਜਿਉਂ –ਜਿਉਂ ਇਸ ਆਧੁਨਿਕ ਯੁੱਗ ਨੇ ਲੋਕਾਂ ਨੂੰ ਤਰੱਕੀ ਦੇ ਰਾਹ ਦਿਖਾਏ ਹਨ ਉਸ ਤੋਂ ਵੱਧ ਪਿਛਲੇ ਸਿਆਣੇ ਲੋਕਾਂ ਵੱਲੋਂ ਬਣਾਏ ਰੀਤੀ ਰਿਵਾਜ ਵੀ ਤੋੜ ਦਿੱਤੇ ਹਨ ।
ਪਿਛਲੇ ਸਮੇਂ ਜੇਕਰ ਕਿਸੇ ਘਰ ਮੌਤ ਹੋ ਜਾਂਦੀ ਸੀ ਤਾਂ ਸਾਰਾ ਪਿੰਡ ਸੋਗ ਮਨਾਉਂਦਾ ਸੀ ਅਤੇ ਕਈ ਵਾਰ ਸਾਰਾ ਪਿੰਡ ਮੌਤ ਦੇ ਦਰਦ ਨੂੰ ਮਹਿਸੂਸ ਕਰਕੇ ਘਰ ਰੋਟੀ ਨਹੀਂ ਸਨ ਪਕਾਉਂਦੇ । ਇਸ ਤਰੱਕੀ ਵਾਲੇ ਯੁੱਗ ਨੇ ਸਾਰਾ ਕੁਝ ਉਲਟ ਕਰਕੇ ਰੱੱਖ ਦਿੱਤਾ ਹੈ ਅਤੇ ਹੁਣ ਜਿਸ ਘਰ ਦਾ ਜੀਅ ਮਰਿਆ ਹੈ ਦਰਦ ਉਸ ਨੂੰ ਹੈ ਲਾਗੇ ਗਵਾਢੀ ਨੂੰ ਨਹੀਂ । ਅੱਜ ਦੇ ਲੋਕ ਸੋਚਦੇ ਹਨ ਚਲੋ ਜੇ ਮਰਿਆ ਹੈ ਤਾਂ ਉਹ ਕਿਹੜਾ ਸਾਡਾ ਕੁਝ ਲੱਗਦਾ ਹੈ ਗਵਾਢੀ ਹੀ ਹਨ ਆਪਾ ਕੀ ਲੈਣਾ । ਇਸ ਤਰ੍ਹਾਂ ਦੀ ਸੋਚ ਲੋਕਾਂ ਦੇ ਦਿਮਾਗ ਵਿਚ ਘਰ ਚੁੱਕੀ ਹੈ ।
ਸ਼ਹਿਰਾਂ ਵਿਚ ਰਹਿੰਦੇ ਲੋਕਾਂ ਦੀ ਮੌਤ ਹੋ ਜਾਵੇ ਤਾਂ ਉਥੋਂ ਦੇ ਸ਼ਮਸਾਨ ਘਾਟ ਵਿਚ ਅਜੀਬੋ ਗਰੀਬ ਘਟਨਾ ਦੇਖਣ ਨੂੰ ਮਿਲਦੀ ਹੈ । ਮ੍ਰਿਤਕ ਦਾ ਸਸਕਾਰ ਕਰਨ ਵਾਲੇ ਜਿਹੜੇ ਡਿਊਟੀ ਕਰ ਰਹੇ ਹੁੰਦੇ ਹਨ ਉਹਨਾਂ ਜਲਦੀ ਹੁੰਦੀ ਹੈ ਕਿ ਜਲਦੀ ਸਸਕਾਰ ਕਰੋ ਇਸ ਪਿੱਛੋਂ ਕੋਈ ਹੋਰ ਆਉਣ ਵਾਲਾ ਹੈ ।ਉਹਨਾਂ ਨੁੰ ਇਹ ਨਹੀਂ ਹੁੰਦਾ ਕਿ ਕਿਸੇ ਕੋਈ ਛੋਟਾ ਬੱਚਾ ਹੈ ਜਾਂ ਵੱਡੀ ਉਮਰ ਦਾ ਵਿਅਕਤੀ । ਉਹਨਾਂ ਵਿਚ ਵੀ ਮੌਤ ਦਾ ਕੋਈ ਦਰਦ ਨਹੀਂ ਹੁੰਦਾ ਉਹਨਾਂ ਲੋਕਾਂ ਹਰ ਰੋਜ਼ ਦਾ ਪੇਸ਼ਾ ਬਣ ਚੁੱਕਿਆ ਹੁੰਦਾ ਹੈ ।
ਅੱਜ ਦੇ ਦੌਰ ਵਿਚ ਦੇਖਿਆ ਜਾਵੇ ਤਾਂ ਕਈ ਅਜਿਹੇ ਬਹੁਤ ਬਜ਼ੁਰਗ ਹੁੰਦੇ ਹਨ ਜਿੰਨਾਂ ਦੀ ਜਿਉਂਦੇ ਜੀਅ ਕੋਈ ਸੇਵਾ ਨਹੀਂ ਕਰਦਾ ਤਾਂ ਉਹਨਾਂ ਦੇ ਮਰਨ ਉਪਰੰਤ ਦੇ ਭੋਗ ਵੇਲੇ ਬਹੁਤ ਵੱਡਾ ਇਕੱਠ ਕਰਕੇ ਲੋਕਾਂ ਵਿਚ ਆਪਣੀ ਫੌਕੀ ਸ਼ੋਹਰਤ ਕਾਇਮ ਰੱਖਣ ਵਾਸਤੇ ਪ੍ਰੋਗਰਾਮ ਕਰਦੇ ਹਨ ਅਤੇ ਖੁਦ ਕਰਜ਼ਈ ਹੋ ਜਾਂਦੇ ਹਨ ਫਿਰ ਭਾਵੇ ਇਹ ਜ਼ਮੀਨ ਵੇਚ ਕੇ ਸਿਰ ਚੜ੍ਹੇ ਪੈਸੇ ਲਾਹੁਣ । ਮ੍ਰਿਤਕ ਪ੍ਰਾਣੀ ਦੇ ਭੋਗਾਂ ਤੇ ਮਠਿਆਈਆਂ ਅਤੇ ਪਕੌੜੇ ਆਦਿ ਤੋਂ ਇਲਾਵਾ ਕਈ ਪ੍ਰੋਗਰਾਮਾਂ ਵਿਚ ਮੀਟ ਸ਼ਰਾਬਾਂ ਤੱਕ ਲੋਕਾਂ ਨੂੰ ਪਰੋਸੇ ਜਾਂਦੇ ਹਨ ।
ਭੋਗ ਵਾਲੇ ਦਿਨ ਕੀਰਤਨ ਕਰਨ ਲਈ ਵੱਡਾ ਜਥਾ ਬੁਲਾਉਣਾ ਅਤੇ ਵੱਡੇ ਲੀਡਰਾਂ ਨੂੰ ਬੁਲਾ ਕੇ ਸ਼ਰਧਾਂਜਲੀ ਭੇਟ ਕਰਵਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ । ਜਿਹੜਾ ਲੀਡਰ ਭੋਗ ਵਾਲੇ ਦਿਨ ਮ੍ਰਿਤਕ ਪ੍ਰਾਣੀ ਸ਼ਰਧਾਜਲੀ ਭੇਂਟ ਕਰਦਾ ਹੈ ਉਹ ਪਹਿਲਾਂ ਭਾਵੇ ਉਸ ਨੂੰ ਕਦੀ ਮਿਿਲਆ ਹੀ ਨਾ ਹੋਵੇ ਉਹ ਮ੍ਰਿਤਕ ਨਾਲ ਚੰਗੇ ਸਬੰਧ ਹੋਣ ਦੇ ਭਾਸ਼ਣ ਕਰਨ ਲੱਗ ਜਾਂਦੇ ਹਨ । ਇਹ ਲੀਡਰ ਲੋਕ ਤਾਂ ਪਹਿਲਾਂ ਹੀ ਏਹੋਂ ਜਿਹੇ ਪ੍ਰੋਗਰਾਮਾਂ ਵਿਚ ਜਾਣਾ ਪਸੰਦ ਕਰਦੇ ਹਨ ਕਿ ਜਿੱਥੇ ਚਾਰ ਲੋਕ ਇਕੱਠੇ ਹੋਏ ਹੋਣ ਉਥੇ ਆਪਣਾ ਵੋਟ ਬੈਂਕ ਹੋਰ ਵਧਾ ਲਿਆ ਜਾਵੇ । ਇਹਨਾਂ ਲੀਡਰਾਂ ਨੂੰ ਕਿਸੇ ਦੀ ਮੌਤ ਦਾ ਕੋਈ ਦੁੱਖ ਨਹੀਂ ਹੁੰਦਾ ਭਾਵੇਂ ਕਿਸੇ ਦਾ ਜੀਅ ਛੋਟੀ ਜਾਂ ਵੱਡੀ ਉਮਰ ਦਾ ਮਰਿਆ ਹੋਵੇ ।
ਜੇਕਰ ਕੀਰਤਨ ਕਰਨ ਵਾਲੇ ਜਥੇ ਦੀ ਗੱਲ ਕਰੀਏ ਤਾਂ ਉਹਨਾਂ ਆਪਣੀ ਬੁਕਿੰਗ ਦੇ ਹਿਸਾਬ ਨਾਲ ਕੀਰਤਨ ਦੀ ਡਿਊਟੀ ਕਰਨੀ ਹੁੰਦੀ ਹੈ । ਜਿਵੇਂ ਇੱਕ ਦਿਨ ਵਿਚ ਮ੍ਰਿਤਕ ਪ੍ਰਾਣੀ ਦੇ ਘਰ ਵੈਰਾਗਮਈ ਕੀਰਤਨ ਕਰਨਾ ਜਾਂ ਖੁਸ਼ੀ ਵਾਲੇ ਪ੍ਰੋਗਰਾਮ ਤੇ ਜਾ ਕੇ ਖੁਸ਼ੀ ਵਾਲੇ ਸ਼ਬਦਾਂ ਨਾਲ ਕੀਰਤਨ ਕਰਕੇ ਆਪਣੀ ਡਿਊਟੀ ਨਿਭਾਉਣੀ ਹੁੰਦੀ ਹੈ । ਕੀਰਤਨ ਵਾਲੇ ਜਥੇ ਨੂੰ ਵੀ ਕਿਸੇ ਦੀ ਮੌਤ ਦਰਦ ਨਹੀਂ ਹੁੰਦਾ ਹੈ ਕਿਉਂਕਿ ਕੀਰਤਨੀ ਜਥੇ ਦੀ ਕੀਰਤਨ ਕਰਨਾ ਰੋਜ਼ੀ ਰੋਟੀ ਹੈ ।
ਭੋਗ ਦੇ ਪਹੁੰਚੇ ਲੋਕ ਖਾ ਪੀ ਕੇ ਆਪਣੇ ਘਰ ਚਲੇ ਜਾਂਦੇ ਹਨ ਅਤੇ ਦੇਖਣ ਵਿਚ ਆਉਂਦਾ ਹੈ ਕਿ ਘਰ ਵਾਲੇ ਨੇ ਭਾਵੇਂ ਆਪਣੀ ਹੈਸੀਅਤ ਤੋਂ ਵੱਧ ਲੋਕਾਂ ਦੀ ਵਾਹ-ਵਾਹ ਖੱਟਣ ਵਾਸਤੇ ਖਰਚਾ ਕੀਤਾ ਹੋਵੇ ਤਾਂ ਲੋਕ ਜਾਂਦੇ ਜਾਂਦੇ ਫਿਰ ਕੋੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਹਨ । ਜਿਵੇ ਲੋਕ ਮਿਸਾਲ ਦਿੰਦੇ ਹਨ ਕਿ ਦਾਤਰੀ ਨੂੰ ਦੰਦੇ ਇੱਕ ਪਾਸੇ ਹੁੰਦੇ ਅਤੇ ਲੋਕਾਂ ਨੂੰ ਦੰਦੇ ਦੋਵੇ ਪਾਸੇ ਹੁੰਦੇ ਹਨ ।
ਯੁੱਗ ਪਲਟਾਉ ਸਾਇੰਸ ਨੇ ਤਰੱਕੀ ਕਰਨ ਦੇ ਨਾਲ ਸਮਾਜ ਵਿਚ ਬਹੁਤ ਵੱਡੇ ਪੱਧਰ ਤੇ ਨਿਘਾਰ ਪੈਦਾ ਕੀਤਾ ਹੈ । ਸੋ ਸਮਾਜ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਗੁਰੁ ਸਾਹਿਬਾਨ ਵਲੋਂ ਬਖਸ਼ੀ ਰਹਿਤ ਮਰਿਯਾਦਾ ਅਨੁਸਾਰ ਕਿਸੇ ਵੀ ਮ੍ਰਿਤਕ ਪ੍ਰਾਣੀ ਦੇ ਘਰ ਭੋਗ ਵੇਲੇ ਸਾਦਾ ਭੋਜਨ ਛਕਾਇਆ ਜਾਵੇ । ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਿੰਡ ਵਾਸੀਆਂ ਦਾ ਇਕੱਠ ਕਰਕੇ ਮਤੇ ਪਾਸ ਕਰਕੇ ਮ੍ਰਿਤਕ ਪ੍ਰਾਣੀਆਂ ਦੇ ਭੋਗਾਂ ਦੇ ਵੱਡੇ ਵੱਡੇ ਪੰਡਾਲ ਲਗਾ ਕੇ ਖਰਚਾ ਕਰਨ ਵਾਲੇ ਲੋਕਾਂ ਤੇ ਰੋਕ ਲਗਾਉਣ ਜੇਕਰ ਅਜਿਹੇ ਫੈਸਲੇ ਲਾਗੂ ਹੋਣ ਨਾਲ ਅਨੇਕਾਂ ਹੀ ਲੋਕ ਕਰਜ਼ਈ ਹੋਣ ਤੋਂ ਬਚ ਜਾਣਗੇ ।
ਪਿੰਡਾਂ ਵਿਚ ਵੱਡੇ ਲੋਕਾਂ ਵਲੋਂ ਕੀਤੇ ਪ੍ਰੋਗਰਾਮ ਨੂੰ ਦੇਖ ਕੇ ਛੋਟੇ ਲੋਕ ਵੀ ਕਿਸੇ ਆੜ੍ਹਤੀ ਜਾਂ ਸ਼ਾਹੂਕਾਰ ਕੋਲੋ ਪੈਸੇ ਲੈ ਕੇ ਪ੍ਰੋਗਰਾਮ ਕਰ ਬੈਠਦੇ ਹਨ ਫਿਰ ਉਹ ਸਾਰੀ ਉਮਰ ਕਰਜ਼ੇ ਹੇਠ ਦੱਬੇ ਰਹਿੰਦੇ ਹਨ । ਜਿਹੜੇ ਵੱਡੇ ਲੋਕ ਮ੍ਰਿਤਕ ਪ੍ਰਾਣੀਆਂ ਦੇ ਭੋਗ ਬੇ ਫਜ਼ੂਲ ਖਰਚਾ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਪਿੰਡ ਦੇ ਲੋੜਵੰਦ ਪੜ੍ਹਨ ਵਾਲੇ ਬੱਚਿਆਂ ਦੀ ਫੀਸ ਦੇ ਪੜ੍ਹਾ ਦੇਣ ਜਾਂ ਹੋਰ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ਦੇ ਨਾਲ ਪਿੰਡ ਦੇ ਵਿਕਾਸ ਲਈ ਸਾਂਝੇ ਕੰੰਮ ਤੇ ਪੈਸੇ ਖਰਚ ਕਰਨ । ਅਜਿਹਾ ਨੇਕ ਕੰੰਮ ਕਰਨ ਨਾਲ ਮ੍ਰਿਤਕ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ ।