ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ ਹਰ ਮਹੀਨੇ ਆਉਣ ਵਾਲੇ ਦਿਨ ਤਿਉਹਾਰ, ਉਤਸ਼ਾਹ ਦੇ ਨਾਲ ਨਾਲ ਵਿਲੱਖਣ ਢੰਗ ਨਾਲ ਮਨਾਏ ਜਾਂਦੇ ਹਨ। ਇਸੇ ਲੜੀ ਤਹਿਤ, ਇਸ ਸਭਾ ਨੇ, ਜੂਨ ਮਹੀਨੇ ਦੀ ਮੀਟਿੰਗ ਵਿੱਚ ‘ਫਾਦਰਜ਼ ਡੇ’ ਵੀ ਇੱਕ ਪਿਤਾ ਦੀ ਮੌਜੂਦਗੀ ਵਿੱਚ ਮਨਾਇਆ। ਜੈਂਸਿਸ ਸੈਂਟਰ ਵਿਖੇ, ਮਹੀਨੇ ਦੇ ਤੀਜੇ ਸ਼ਨਿਚਰਵਾਰ, ਖਚਾ ਖਚ ਭਰੇ ਹਾਲ ਵਿੱਚ ਹੋਈ ਇਸ ਮੀਟਿੰਗ ਵਿੱਚ, ਹਾਲ ਹੀ ਵਿੱਚ ਇੰਡੀਆ ਤੋਂ ਆਏ- ਪ੍ਰੋਫੈਸਰ, ਲੇਖਕ ਤੇ ਰੀਸਰਚ ਸਕੌਲਰ, ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਕਰਕੇ, ਔਰਤਾਂ ਦੀ ਇਸ ਸਭਾ ਨੇ ਨਵੀਂ ਪਿਰਤ ਪਾਈ। ਸਭਾ ਲਈ ਮਾਣ ਵਾਲੀ ਗੱਲ ਹੈ ਕਿ ਇਹ ਵਿਦਵਾਨ ਸੱਜਣ, ਸਭਾ ਦੀ ਮੈਂਬਰ ਡਾ. ਪੂਨਮ ਦੇ ਸਤਿਕਾਰਯੋਗ ਪਿਤਾ ਜੀ (ਸਹੁਰਾ ਸਾਹਿਬ) ਹਨ। ਡਾ. ਪੂਨਮ ਵੀ, ਹਰ ਮਹੀਨੇ ਸੇਹਤ ਸਬੰਧੀ ਜਾਣਕਾਰੀ ਦੇਣ ਲਈ ਵਚਨਬੱਧ ਹਨ। ਡਾਕਟਰ ਬਲਰਾਜ ਸਿੰਘ ਅਤੇ ਯੂਨਾਈਟਿਡ ਵੇਅ ਤੋਂ ਲਲਿਤਾ ਜੀ ਵੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਹਾਜ਼ਰ ਹੋਏ।
ਸਕੱਤਰ ਗੁਰਦੀਸ਼ ਕੌਰ ਗਰੇਵਾਲ ਤੇ ਗੁਰਚਰਨ ਥਿੰਦ ਨੇ ਡਾ. ਸੁਰਜੀਤ ਸਿੰਘ ਭੱਟੀ ਨੂੰ, ਸਭਾ ਵਲੋਂ ਲਿਆਂਦਾ ਇੱਕ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ, ‘ਜੀ ਆਇਆਂ’ ਕਿਹਾ ਤੇ ਡਾ. ਪੂਨਮ ਸਮੇਤ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ‘ਪਿਤਾ ਦਿਵਸ’ ਦੀ ਸਭ ਨੂੰ ਵਧਾਈ ਦਿੰਦਿਆਂ ਹੋਇਆਂ, ਗੁਰਦੀਸ਼ ਕੌਰ ਨੇ ਕਿਹਾ- ‘ਸਾਡੇ ਲਈ ਮਾਣ ਵਾਲੀ ਗੱਲ ਹੈ ਕਿ- ਸਾਡੀ ਅੱਜ ਦੀ ਮੀਟਿੰਗ, ਸੁਲਝੇ ਹੋਏ ਵਿਚਾਰਾਂ ਵਾਲੇ ਇੱਕ ਵਿਦਵਾਨ ਪਿਤਾ ਦੀ ਮੌਜ਼ੂਦਗੀ ਵਿੱਚ ਹੋ ਰਹੀ ਹੈ-ਜੋ ਵਿਿਗਆਨ ਦੇ ਪ੍ਰੋਫੈਸਰ ਹੋ ਕੇ, ਗੁਰਬਾਣੀ ਦੇ ਖੋਜ ਕਾਰਜਾਂ ਵਿੱਚ ਲੱਗੇ ਹੋਏ ਹਨ’। ਗੁਰਚਰਨ ਥਿੰਦ ਨੇ ਉਹਨਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ- ਉਹ ਗੁਰੂੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡੀਨ ਤੇ ਫਿਿਜ਼ਕਸ ਵਿਭਾਗ ਦੇ ਮੁਖੀ ਵਜੋਂ ਰਿਟਾਇਰ ਹੋਏ ਹਨ। ਬੀ. ਐਸ. ਸੀ. ਸਿਲੇਬਸ ਦੀ ਪੁਸਤਕ ਅਤੇ ਬਹੁਤ ਸਾਰੇ ਖੋਜ ਪੱਤਰ ਲਿਖਣ ਤੋਂ ਇਲਾਵਾ- ਉਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਤੇ, ਕੁੱਝ ਹੋਰ ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾਉਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਖੁਦ ਵੀ ਸਾਇੰਸ ਦੀ ਅਧਿਆਪਿਕਾ ਹੋਣ ਤੇ ਅੰਮ੍ਰਿਤਸਰ ਨਾਲ ਸਬੰਧ ਹੋਣ ਕਾਰਨ, ਅਪਣੱਤ ਜਤਾਈ। ਇਸ ਤੋਂ ਇਲਾਵਾ, ਉਹਨਾਂ ਨੇ ਯੂਨੀਵਰਸਿਟੀ ਔਫ ਕੈਲਗਰੀ ਵਿਖੇ ਮਨਾਏ ਗਏ 550 ਸਾਲਾ ਗੁਰਪੁਰਬ ਦੇ ਕੁੱਝ ਅਨੁਭਵ ਵੀ ਸਾਂਝੇ ਕੀਤੇ। ਸਭਾ ਦੇ ਮਕਸਦ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ- ਇਹ ਸਭਾ ਜਿੱਥੇ ਔਰਤਾਂ ਦੇ ਅੰਦਰ ਛੁਪੇ ਹੋਏ ਗੁਣਾਂ ਨੂੰ ਉਜਾਗਰ ਕਰਦੀ ਹੈ- ਉਥੇ ਆਪਣੇ ਮੈਂਬਰਾਂ ਨੂੰ, ਹਰ ਪਹਿਲੂ ਤੋਂ ਜਾਗਰੂਕ ਕਰਨ ਦਾ ਉਦੇਸ਼ ਪੂਰਾ ਕਰਨ ਲਈ ਵੀ, ਲਗਾਤਾਰ ਕਾਰਜਸ਼ੀਲ ਹੈ।
ਗੁਰਦੀਸ਼ ਗਰੇਵਾਲ ਨੇ ਹਾਲ ਹੀ ਵਿੱਚ ਹੋਏ ‘ਬੋਰ ਵੈਲ’ ਹਾਦਸੇ ਵਿੱਚ ਦੋ ਸਾਲ ਦੇ ਮਾਸੂਮ ਬੱਚੇ ‘ਫਤਹਿਵੀਰ’ ਦੀ ਮੌਤ ਤੇ ਸਭਾ ਵਲੋਂ ਸ਼ੋਕ ਪ੍ਰਗਟ ਕਰਦੇ ਹੋਏ, ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਹਨਾਂ ਇਸ ਘਟਨਾ ਤੇ ਲਿਖੀ ਆਪਣੀ ਸੱਜਰੀ ਕਵਿਤਾ-‘ਫਤਿਹਵੀਰ ਦੀ ਪੁਕਾਰ’ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਪਿਤਾ ਦਿਵਸ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ- ਬੱਚੇ ਲਈ ਮਾਂ ਤੇ ਬਾਪ ਦੋਵੇਂ ਹੀ ਜਰੂਰੀ ਹਨ। ਗੁਰਚਰਨ ਥਿੰਦ ਨੇ ‘ਫਾਦਰਜ਼ ਡੇ’ ਦਾ ਪਿਛੋਕੜ ਦੱਸਦਿਆਂ ਕਿਹਾ ਕਿ- ਸਨੌਰਾ ਨਾਮ ਦੀ ਇੱਕ ਜਵਾਨ ਲੜਕੀ ਨੇ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ, 19 ਜੂਨ 1910 ਵਿੱਚ ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ- ਜਿਸ ਦੀ ਮਾਤਾ ਦੀ ਮੌਤ ਤੋਂ ਬਾਅਦ, ਉਸ ਦੇ ਬਾਪ ਨੇ ਉਹਨਾਂ ਛੇ ਭੈਣ ਭਰਾਵਾਂ ਨੂੰ ਇਕੱਲੇ ਨੇ ਪਾਲ਼ਿਆ ਸੀ। ਪਰ 1972 ਵਿੱਚ ਜਾ ਕੇ, ਇਸ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ। ‘ਕਪੈਸਿਟੀ ਬਿਲਡਿੰਗ’ ਦੇ ਪ੍ਰੌਜੈਕਟ ਤੇ ਕੰੰਮ ਕਰ ਰਹੇ, ਸੋਸ਼ਲ ਵਰਕਰ ਲਲਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ- ਜਿੱਥੇ ਘਰ ਪਰਿਵਾਰ ਨੂੰ ਸੰਭਾਲਣ ਲਈ ਮਾਂ ਦਾ ਹੋਣਾ ਜਰੂਰੀ ਹੈ, ਉਥੇ ਘਰ ਨੂੰ ਚਲਾਉਣ ਲਈ ਪਿਤਾ ਦਾ ਰੋਲ ਵੀ ਬਹੁਤ ਅਹਿਮ ਹੁੰਦਾ ਹੈ।
ਡਾ. ਭੱਟੀ ਨੇ ਔਰਤਾਂ ਦੀ ਸਭਾ ਵਲੋਂ ਮਾਣ ਦੇਣ ਲਈ ਧੰਨਵਾਦ ਕਰਦਿਆਂ ਕਿਹਾ- ‘ਮੈਨੂੰ ਖੁਸ਼ੀ ਹੈ ਕਿ- ਮੈਂਨੂੰ ਕੈਲਗਰੀ ਵਿੱਚ ਆਉਂਦੇ ਸਾਰ ਹੀ ਇੰਨੀਆਂ ਭੈਣਾਂ ਦਾ ਪਿਆਰ ਮਿਲ ਗਿਆ ਤੇ ਮੈਂ ਅੱਜ ਇੱਥੋਂ ਬਹੁਤ ਕੁੱਝ ਸਿੱਖ ਕੇ ਜਾ ਰਿਹਾ ਹਾਂ’। ਉਹਨਾਂ ਨੇ ਸਿੱਖ ਧਰਮ ਵਿੱਚ ਔਰਤ ਦੇ ਸਥਾਨ ਤੇ ਚਾਨਣਾ ਪਾਉਣ ਉਪਰੰਤ, ਲੜਕੀਆਂ ਦੀ ਵਿਿਦਆ ਤੇ ਜ਼ੋਰ ਦਿੱਤਾ। ਉਹਨਾਂ ਨੇ ‘ਘਰੇਲੂ ਹਿੰਸਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ-‘ਜੇ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਨੂੰ ਸੱਚਾ ਪਿਆਰ ਕਰਨ ਤਾਂ ‘ਡੋਮੈਸਟਿਕ ਵਾਇੰਲੈਂਸ’ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ’। ਉਸ ਤੋਂ ਬਾਅਦ, ਲੇਖਿਕਾਵਾਂ- ਗੁਰਚਰਨ ਥਿੰਦ ਤੇ ਗੁਰਦੀਸ਼ ਕੌਰ ਗਰੇਵਾਲ ਨੇ ਉਹਨਾਂ ਨੂੰ ਆਪੋ ਆਪਣੀਆਂ ਪੁਸਤਕਾਂ ਦੇ ਸੈੱਟ ਭੇਟ ਕੀਤੇ।
ਡਾ. ਪੂਨਮ ਨੇ ਇਸ ਮੀਟਿੰਗ ਵਿੱਚ- ‘ਹਰਟ ਅਟੈਕ’ ਦੇ ਕਾਰਨ, ਰਿਸਕ ਫੈਕਟਰ, ਲੱਛਣ ਤੇ ਬਚਾਅ ਢੰਗ ਬਾਰੇ, ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ, ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਮੈਡਮ ਥਿੰਦ ਵਲੋਂ ‘ਹਰਟ ਐਂਡ ਸਟਰੋਕ ਫਾਊਂਡੇਸ਼ਨ’ ਲਈ ਡੋਨੇਸ਼ਨ ਦੇਣ ਦੀ ਬੇਨਤੀ ਕਰਨ ਤੇ, ਸਮੂਹ ਮੈਂਬਰਾਂ ਨੇ ਦਾਨ ਦੇਣ ਲਈ ਵਧ ਚੜ੍ਹ ਕੇ ਹਿੱਸਾ ਪਾਇਆ ਤੇ ਕੁਝ ਮਿੰਟਾਂ ਵਿੱਚ ਹੀ ਸਭਾ ਵਲੋਂ ਚੋਖੀ ਰਾਸ਼ੀ ਜਮ੍ਹਾਂ ਹੋ ਗਈ। ਚਾਹ ਦੀ ਬਰੇਕ ਤੋਂ ਪਹਿਲਾਂ, ਕੇਕ ਕੱਟਿਆ ਗਿਆ। ਸੁਰਿੰਦਰ ਗਿੱਲ ਤੇ ਜਸਮੇਰ ਹੁੰਜਨ ਵਲੋਂ ਲਿਆਂਦੇ ਸਮੋਸੇ ਤੇ ਮਿਠਾਈ ਦਾ ਵੀ ਸਭ ਨੇ ਚਾਹ ਨਾਲ ਆਨੰਦ ਮਾਣਿਆਂ। ਭਰਪੂਰ ਤਾੜੀਆਂ ਨਾਲ, ਸੁਰਿੰਦਰ ਗਿੱਲ ਨੂੰ ਜਨਮ ਦਿਨ ਤੇ ਜਸਮੇਰ ਹੁੰਜਨ ਨੂੰ ਦੋਹਤਾ ਦੋਹਤੀ ਦੇ ਵਿਆਹ ਦੀ ਵਧਾਈ ਦਿੱਤੀ ਗਈ।
ਰਚਨਾਵਾਂ ਦੇ ਦੌਰ ਵਿੱਚ- ਹਰਮਿੰਦਰ ਕੌਰ ਚੁੱਘ ਨੇ, ‘ਚਾਹ ਤੇ ਲੱਸੀ ਦੀ ਲੜਾਈ’ ਆਪਣੇ ਵੱਖਰੇ ਅੰਦਾਜ਼ ਵਿੱਚ ਸੁਣਾ ਕੇ, ਰੰਗ ਬੰਨ੍ਹ ਦਿੱਤਾ। ਨਵੇਂ ਆਏ ਮੈਂਬਰਾਂ- ਕੁਲਵੰਤ ਕੌਰ ਗਿੱਲ, ਸਰੋਜ ਰਾਣੀ, ਬਲਜੀਤ ਕੌਰ ਤੇ ਹਰਜਿੰਦਰ ਕੌਰ ਨੇ ਆਪਣੀ ਜਾਣ ਪਛਾਣ ਕਰਾਉਣ ਬਾਅਦ- ਬੋਲੀਆਂ, ਗੀਤ ਤੇ ਸ਼ੇਅਰ ਸੁਣਾ ਕੇ ਮਹੌਲ ਸੁਰਮਈ ਕਰ ਦਿੱਤਾ। ਰਜਿੰਦਰ ਕੌਰ ਚੋਹਕਾ ਨੇ ਕਵਿਤਾ-‘ਮੇਰੇ ਹਿੱਸੇ ਬੇਬੇ ਦਾ ਸੰਦੂਕ ਰਹਿ ਗਿਆ’, ਸੀਮਾਂ ਚੱਠਾ ਨੇ ਗਜ਼ਲ, ਸੁਰਿੰਦਰ ਸੰਧੂ ਨੇ ‘ਪਿਤਾ ਦਿਵਸ’ ਤੇ ਭਾਵਪੂਰਤ ਸਤਰਾਂ, ਹਰਚਰਨ ਬਾਸੀ ਨੇ ਬਾਪੂ ਜੀ ਤੇ ਲਿਖੀ ਕਵਿਤਾ, ਗੁਰਤੇਜ ਸਿੱਧੂ ਨੇ ‘ਮਾਵਾਂ ਠੰਢੀਆਂ ਛਾਵਾਂ ਬਾਪੂ ਹਵਾ ਦੇ ਬੁਲ੍ਹੇ ਨੇ’, ਹਰਜੀਤ ਜੌਹਲ ਨੇ ਗੀਤ ਅਤੇ ਅੰਤ ਵਿੱਚ ਅਮਰਜੀਤ ਸੱਗੂ ਤੇ ਸਾਥਣਾਂ ਨੇ ਬੋਲੀਆਂ ਨਾਲ ਪੱਬ ਚੁੱਕ, ਗਿੱਧੇ ਦਾ ਮਹੌਲ ਸਿਰਜ ਦਿੱਤਾ। ਅੰਮ੍ਰਿਤ ਸਾਗਰ ਫਾਊਂਡੇਸ਼ਨ ਵਲੋਂ, 22 ਜੂਨ ਨੂੰ ਹੋਣ ਵਾਲੇ ‘ਸੀਨੀਅਰ ਸਪੋਰਟਸ ਡੇ’ ਦੀ ਸੂਚਨਾ ਦਿੱਤੀ ਗਈ। ਜੁਲਾਈ ਦੇ ਅੰਤ ਤੇ ਸਭਾ ਵਲੋਂ ਇੱਕ ਹੋਰ ਟੂਰ ਲਿਜਾਣ ਦਾ ਮਸ਼ਵਰਾ ਵੀ ਕੀਤਾ ਗਿਆ।
ਸੋ ਇਸ ਤਰ੍ਹਾਂ ਯਾਦਗਾਰੀ ਪੈੜ੍ਹਾਂ ਛੱਡਦੀ ਹੋਈ, ਇਹ ਇਕੱਤਰਤਾ ਸਮਾਪਤ ਹੋਈ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ-403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 402 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।