•ਬੰਦ ਬੂਹੇ•
ਇਹ ਕੈਸਾ ਦੌਰ ਹੈ
ਕਿ ਜਿਸ ਦਰ ਵੀ
ਦਸਤਕ ਦਿੰਦੇ ਹਾਂ
ਓਸ ਦਰ ਅੰਦਰਲੀਆਂ
ਸਭ ਰੂਹਾਂ
ਗੈਰ-ਹਾਜ਼ਿਰ ਹੋ ਜਾਦੀਆਂ ਨੇ
ਤੇ ਫਿਰ
ਓਹਨਾਂ ਗੈਰ-ਹਾਜ਼ਿਰ ਰੂਹਾਂ ਦੀ
ਤਲਾਸ਼ ਵਿੱਚ ਘੁੰਮਦੇ,
ਦਰ-ਬ-ਦਰ ਭਟਕਦੇ
ਖੁਦ ਵਿੱਚੋਂ ਹੀ
ਮਨਫ਼ੀ ਹੋ
ਘਰ ਤੋੰ,
ਬੜ੍ਹੀ ਹੀ ਦੂਰ…
ਆ ਜਾਦੇ ਹਾਂ
ਤੇ ਘਰ;
ਘਰ
ਕਾਗ਼ਜ ਦੀ ਹਿੱਕ ‘ਤੇ
ਦੋ ਅੱਖਰਾਂ ਦੀ
ਕਵਿਤਾ ਵਿੱਚ ਸਿਮਟ
ਸਾਰੀ ਦੁਨੀਆ ਨੂੰ
ਅਪਣੇ ਕਲਾਵੇ ਵਿੱਚ
ਲੈਣਾ ਲੋਚਦੈ।
ਤੇ ਫਿਰ;
ਕਲਪਦਾ ਹਾਂ
ਬਰਾਮਦੇ ਦੇ ਪਿੱਲਰਾਂ ‘ਤੇ
ਨਟਰਾਜ ਦੀਆਂ ਮੂਰਤਾਂ,
ਕਮਰੇ ਦੀ ਛੱਤ ‘ਤੇ
ਸਤਿਗੁਰ ਦੀ ਮੇਹਰ,
ਬੂਹੇ ਪਿੱਛੇ
ਸਰਬਤੀ ਚੇਹਰੇ !
ਸੋਚਾਂ ਦੇ ਅਖਾੜੇ ਵਿੱਚ
ਗੁੱਥਮ-ਗੁੱਥਾ
ਅਪਣੇ ਹੀ ਸਿਰਨਾਵੇਂ ‘ਤੇ
ਕਵਿਤਾ ਲਿਖ ਭੇਜਦਾ ਹਾਂ,
ਪਰ . . .
ਕਵਿਤਾ ਨੂੰ ਵੀ
ਜੇ ਅੱਗੋਂ ਰੂਹ ਨਾ ਮਿਲੀ
ਮੈਂ ਕਿਸੇ ਨੂੰ
ਅਪਣਾ ਪਤਾ
ਕੀ ਦੱਸਾਂਗਾ??
ਗਗਨਦੀਪ ਸਿੰਘ ਸੰਧੂ