ਝਾਂਜਰਾਂ ਦੇ ਬੋਰ ਮੇਰੇ ਟੁੱਟ ਗਏ ਵੇ ਸੱਜਣਾ,
ਚੁਗ-ਚੁਗ ਝੋਲੀ ਵਿਚ ਪਾਵਾਂ ।
ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ,
ਅੱਡੀ ਮਾਰ ਕੇ ਕਿਵੇਂ ਛਣਕਾਵਾਂ।
ਅੱਥਰੀ ਜਵਾਨੀ ਮੇਰੀ ਨਾਗ ਬਣ ਛੂੱਕਦੀ,
ਗਿੱਧੇ ਵਿਚ ਦਸ ਕਿਵੇਂ ਜਾਵਾਂ ।
ਕੁੜੀਆਂ ‘ਚ ਮੇਰੀ ਸਰਦਾਰੀ ਚੰਨ ਸੋਹਣਿਆਂ,
ਮੈਂ ਨੱਚ-ਨੱਚ ਧਰਤ ਹਿਲਾਵਾਂ।
ਸਬਰਾਂ ਦੀ ਭੱਠੀ ਮੈਨੂੰ ਝੋਕਿੱਆ ਤੂੰ ਹਾਣੀਆਂ,
ਵੇ ਕਿਵੇਂ ਤੈਨੂੰ ਨਾਲ ਮੈਂ ਨੱਚਾਵਾਂ।
ਹਿਜਰਾਂ ਦੀ ਅੱਗ ਮੇਰਾ ਸੀਨਾ ਰਹੀ ਸਾੜਦੀ,
ਕਿਹਨੂੰ ਦੁੱਖ ਦਿਲ ਦਾ ਸੁਣਾਵਾਂ ।
ਸੜੇ- ਬੱਲੇ ਹੰਝੂ ਮੇਰੇ ਨੈਣਾਂ ਵਿਚ ਮਰ-ਮੁੱਕੇ,
‘ਸੁਹਲ ‘ ਤੇਰੇ ਗੀਤ ਕਿਵੇਂ ਗਾਵਾਂ।