ਕਰਤਾਰਪੁਰ – ਦੁਨੀਆਂਭਰ ਵਿੱਚ ਵੱਸਦੇ ਸਿੱਖਾਂ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਈ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਬਣਾਏ ਜਾ ਰਹੇ ਕਾਰੀਡੋਰ ਦੇ ਨਿਰਮਾਣ ਕਾਰਜਾਂ ਨੇ ਰਫ਼ਤਾਰ ਪਕੜ ਲਈ ਹੈ। ਇਸ ਨਿਰਮਾਣ ਦੇ ਤੈਅ ਸਮੇਂ ਤੇ ਪੂਰਾ ਹੋ ਜਾਣ ਦੀ ਉਮੀਦ ਹੈ। ਭਾਰਤ ਦੀ ਤਰਫ਼ੋਂ ਇਸ ਕਾਰੀਡੋਰ ਦੇ ਨਿਰਮਾਣ ਦਾ ਕੰਮ 60 ਫੀਸਦੀ ਦੇ ਕਰੀਬ ਪੂਰਾ ਕਰ ਲਿਆ ਗਿਆ ਹੈ। ਇਸ ਸਬੰਧੀ ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵਾਲੇ ਪਾਸੇ ਦਾ 90 ਫੀਸਦੀ ਕੰਮ ਪੂਰਾ ਕਰ ਲਿਆ ਹੈ।
ਵਰਨਣਯੋਗ ਹੈ ਕਿ ਇਸੇ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਅਤੇ ਭਾਰਤ ਸਰਕਾਰ ਇਸ ਕਾਰੀਡੋਰ ਨੂੰ ਸਿੱਖ ਸ਼ਰਧਾਲੂਆਂ ਦੇ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਜਾਵੇਗਾ। ਸਿੱਖ ਸ਼ਰਧਾਲੂ ਇਸ ਦਿਨ ਦਾ ਬਹੁਤ ਹੀ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹਨ। ਦੋਵਾਂ ਦੇਸ਼ਾਂ ਵੱਲੋਂ ਇਹ ਨਿਰਮਾਣ ਕਾਰਜ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ। ਕਾਫ਼ੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਹਰ ਰੋਜ਼ ਇਨ੍ਹਾਂ ਨਿਰਮਾਣ ਕਾਰਜਾਂ ਨੂੰ ਵੇਖਣ ਦੇ ਲਈ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ। ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਲਈ ਉਠਾਏ ਜਾ ਰਹੇ ਕਦਮ ਬਹੁਤ ਹੀ ਸਲਾਘਾਯੋਗ ਹਨ।