ਫ਼ਤਹਿਗੜ੍ਹ ਸਾਹਿਬ – “ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਜੋ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਮੋਦੀ ਹਕੂਮਤ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਲਈ ਬਜਟ ਵਿਚ ਕੋਈ ਗੱਲ ਨਹੀਂ ਕੀਤੀ, ਉਨ੍ਹਾਂ ਨੇ ਸਹੀ ਗੱਲ ਕੀਤੀ ਹੈ । ਪਰ ਦੂਸਰੇ ਪਾਸੇ ਇਹ ਵੀ ਸੱਚ ਤੇ ਪ੍ਰਤੱਖ ਹੈ ਕਿ ਸਿੱਖ ਕੌਮ ਵਿਚ ਇਹ ਰਵਾਇਤ ਸਿੱਖ ਕੌਮ ਦੇ ਜਨਮ ਤੋਂ ਹੀ ਚੱਲਦੀ ਆ ਰਹੀ ਹੈ ਕਿ ਸਿੱਖ ਕੌਮ ਆਪਣੇ ਦਿਹਾੜੇ ਅਤੇ ਹੋਰ ਕੌਮੀ ਉਦਮਾਂ ਤੇ ਪ੍ਰੋਗਰਾਮਾਂ ਨੂੰ ਕਿਸੇ ਵੀ ਬਾਦਸ਼ਾਹ, ਹੁਕਮਰਾਨ ਜਾਂ ਤਾਕਤ ਤੋਂ ਇਸ ਦਿਸ਼ਾ ਵੱਲ ਕੋਈ ਮਾਲੀ ਸਹਾਇਤਾ ਜਾਂ ਖੈਰਾਤ ਕਤਈ ਨਹੀਂ ਮੰਗਦੀ, ਬਲਕਿ ਅਜਿਹੇ ਪ੍ਰੋਗਰਾਮ ਸਿੱਖ ਕੌਮ ਦੇ ਦਸਵੰਧ ਰਾਹੀ ਹੀ ਮਨਾਏ ਜਾਂਦੇ ਆ ਰਹੇ ਹਨ । ਇਹ ਵੀ ਸਭ ਨੂੰ ਪਤਾ ਹੈ ਕਿ ਜਦੋਂ ਅਕਬਰ ਬਾਦਸ਼ਾਹ ਦੇ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬਿਰਾਜਮਾਨ ਸਨ, ਉਸ ਸਮੇਂ ਅਕਬਰ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਦਰਬਾਰ ਪਹੁੰਚੇ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂਘਰ ਦੇ ਸੇਵਾਦਾਰਾਂ ਨੇ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਪਹਿਲੇ ਉਹ ਗੁਰੂ ਦੇ ਲੰਗਰ ਵਿਚ ਹਾਜ਼ਰੀ ਲਗਾਉਣ, ਫਿਰ ਗੁਰੂ ਸਾਹਿਬ ਜੀ ਦੇ ਦਰਬਾਰ ਵਿਚ ਦਰਸ਼ਨਾਂ ਲਈ ਲਿਜਾਇਆ ਜਾਵੇਗਾ, ਅਕਬਰ ਬਾਦਸ਼ਾਹ ਲੰਗਰ ਦੀ ਚੱਲਦੀ ਪ੍ਰਥਾਂ ਨੂੰ ਵੇਖਕੇ ਬਹੁਤ ਹੀ ਪ੍ਰਭਾਵਿਤ ਹੋਏ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਮਿਲਣ ਵੇਲੇ ਇਹ ਇੱਛਾ ਪ੍ਰਗਟ ਕੀਤੀ ਕਿ ਜੋ ਲੰਗਰ ਵਿਧੀ ਰਾਹੀ ਆਪ ਜੀ ਗਰੀਬਾਂ, ਮਜ਼ਲੂਮਾਂ ਨੂੰ ਲੰਗਰ ਛਕਾਉਦੇ ਹੋ ਇਹ ਬਹੁਤ ਹੀ ਵੱਡਾ ਉਦਮ ਹੈ । ਇਹ ਸਦਾ ਚੱਲਦਾ ਰਹੇ ਇਸ ਲਈ ਮੈਂ ਇਸ ਲੰਗਰ ਲਈ ਜਗੀਰ ਲਗਾ ਦਿੰਦਾ ਹਾਂ । ਤਾਂ ਗੁਰੂ ਸਾਹਿਬ ਨੇ ਜੁਆਬ ਦਿੱਤਾ ਕਿ ਇਹ ਲੰਗਰ ਕਿਸੇ ਅਮੀਰ, ਬਾਦਸ਼ਾਹ, ਹੁਕਮਰਾਨ ਦੀ ਭੇਟ ਕੀਤੀ ਮਾਇਆ ਨਾਲ ਨਹੀਂ ਚੱਲ ਸਕਦੇ, ਇਹ ਤਾਂ ਸਿੱਖ ਕੌਮ ਵੱਲੋਂ ਆਪਣੇ ਦਸਵੰਧ ਰਾਹੀ ਭੇਜੀ ਭੇਟਾ ਰਾਹੀ ਹੀ ਚੱਲਦੇ ਹਨ ਅਤੇ ਚੱਲਦੇ ਰਹਿਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਅਤੇ ਵਜੀਰ ਸ. ਰੰਧਾਵਾ ਵੱਲੋਂ ਮੋਦੀ ਉਤੇ ਬਜਟ ਦੇ ਵਿਸ਼ੇ ਉਤੇ ਖਟਾਸ ਕਰਨ ਦੇ ਪ੍ਰਗਟਾਏ ਵਿਚਾਰਾਂ ਪ੍ਰਤੀ ਸਿੱਖ ਰਵਾਇਤ ਤੋਂ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ ਅਤੇ ਕਿਹਾ ਕਿ ਸਿੱਖ ਕੌਮ ਦੇ ਸਭ ਕੰਮ ਕੌਮ ਦੇ ਦਸਵੰਧ ਰਾਹੀ ਹੀ ਪੂਰਨ ਹੁੰਦੇ ਹਨ । ਸ. ਮਾਨ ਨੇ ਮੋਦੀ ਹਕੂਮਤ ਵੱਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ ਉਤੇ ਤਿੱਖੀ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ 200% ਇੰਮਪੋਟ ਡਿਊਟੀ ਪਾਕਿਸਤਾਨ ਤੋਂ ਆਉਣ ਵਾਲੀਆ ਵਸਤਾਂ ਉਪਰ ਲਗਾ ਦਿੱਤੀ ਹੈ ਜਿਸ ਨਾਲ ਸਾਡੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਵਪਾਰ, ਟਰਾਸਪੋਰਟ, ਕਿਸਾਨ, ਉਤਪਾਦ, ਖੇਤ-ਮਜ਼ਦੂਰ ਦੀ ਮਾਲੀ ਹਾਲਤ ਤੇ ਬਹੁਤ ਡੂੰਘਾ ਅਸਰ ਪਿਆ ਹੈ ਜੋ 2014 ਵਿਚ ਮੋਦੀ ਹਕੂਮਤ ਨੇ 2 ਕਰੋੜ ਨੌਕਰੀਆਂ ਦੇਣ ਦਾ ਬਚਨ ਕੀਤਾ ਸੀ ਉਸ ਉਤੇ ਰਤੀਭਰ ਵੀ ਅਮਲ ਨਹੀਂ ਹੋਇਆ । 40 ਲੱਖ ਦੀ ਬੇਰੁਜਗਾਰੀ ਮੂੰਹ ਅੱਡੀ ਖੜ੍ਹੀ ਹੈ । ਪੋਸਟਗਾਰਡ ਦੀਆਂ ਨੌਕਰੀਆਂ ਲਈ ਸਾਰੇ ਸੂਬਿਆਂ ਵਿਚ ਵੱਖਰੇ ਤੌਰ ਤੇ ਦਫ਼ਤਰ ਕਾਇਮ ਕੀਤੇ ਗਏ ਹਨ ਪਰ ਸਾਡੇ ਪੰਜਾਬ ਸਟੇਟ ਵਿਚ ਅਜਿਹੀ ਭਰਤੀ ਲਈ ਕੋਈ ਵੀ ਦਫ਼ਤਰ ਕਿਉਂ ਨਹੀਂ ਖੋਲਿਆ ਗਿਆ ? ਜਿਥੋਂ ਤੱਕ ਪੰਜਾਬ ਦੇ ਪਾਣੀਆ ਦਾ ਮਸਲਾਂ ਹੈ, ਉਹ ਸਾਡਾ ਸਾਰਾ ਘੱਗਰ ਦਰਿਆ, ਨਦੀਆ ਜ਼ਹਿਰੀਲੀਆ ਹੋ ਗਈਆ ਹਨ ਕਿਉਂਕਿ ਇੰਡਸਟਰੀ ਵੇਸਟ ਸਾਰਾ ਦਰਿਆਵਾ, ਨਹਿਰਾਂ ਵਿਚ ਸੁੱਟਿਆ ਜਾ ਰਿਹਾ ਹੈ । ਸੰਗਰੂਰ, ਬਰਨਾਲਾ, ਬਠਿੰਡਾ ਦੀ ਬੈਲਟ ਨਾਲ ਸੰਬੰਧਤ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਧਰਤੀ ਹੇਠਲੇ ਪਾਣੀ ਦੀ ਸਤ੍ਹਾ ਦਿਨੋ ਦਿਨ ਥੱਲ੍ਹੇ ਜਾ ਰਹੀ ਹੈ ।
ਉਨ੍ਹਾਂ ਕਿਹਾ ਸੂਰਤ (ਗੁਜਰਾਤ) ਵਿਚ ਦੋ ਅੱਗ ਦੀ ਦੁਰਘਟਨਾ ਨਾਲ ਵੱਡੀ ਗਿਣਤੀ ਵਿਚ ਬੱਚੇ ਮਾਰੇ ਗਏ ਸਨ । ਉਸ ਦਿਸ਼ਾ ਵੱਲ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਵਾਂਗੇ ਕਿ ਉੱਚੀਆ ਇਮਾਰਤਾਂ ਵਿਚ ਅਜਿਹੇ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕੀ ‘ਬਚਾਓ ਰਸਤੇ’ ਰੱਖੇ ਗਏ ਹਨ, ਫਾਇਰਬ੍ਰਿਗੇਡ ਦੀ ਆਧੁਨਿਕ ਟ੍ਰੇਨਿੰਗ ਨਾਲ ਲੈਸ ਸਟਾਫ਼ ਹੈ ? ਜਿਸ ਨਾਲ ਘਟਨਾ ਵਾਪਰਨ ਤੇ ਤੁਰੰਤ ਕਾਬੂ ਪਾਇਆ ਜਾ ਸਕੇ । ਉਨ੍ਹਾਂ ਕਿਹਾ ਕਿ 1984 ਵਿਚ ਪਹਿਲੇ ਕਾਂਗਰਸ, ਬੀਜੇਪੀ ਤੇ ਹੋਰ ਹਿੰਦੂਤਵ ਜਮਾਤਾਂ ਨੇ ਇਕ ਹੋ ਕੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਕੋਈ 26 ਹਜ਼ਾਰ ਦੇ ਕਰੀਬ ਨਿਰਦੋਸ਼ ਸਰਧਾਲੂਆ ਨੂੰ ਸ਼ਹੀਦ ਕੀਤਾ, ਨਵੰਬਰ 1984 ਵਿਚ ਸਿੱਖ ਕੌਮ ਦੀ ਨਸ਼ਲਕੁਸੀ ਤੇ ਕਤਲੇਆਮ ਕੀਤਾ ਗਿਆ । ਫ਼ੌਜ ਵਿਚ ਸਿੱਖ ਕੌਮ ਦੇ ਕੋਟੇ ਦੀ ਭਰਤੀ ਘਟਾਕੇ 2% ਕਰ ਦਿੱਤੀ ਗਈ । ਜੋ ਚੰਡੀਗੜ੍ਹ ਯੂ.ਟੀ. ਵਿਚ ਵਿਧਾਨਿਕ ਲੀਹਾਂ ਅਨੁਸਾਰ ਸਭ ਆਈ.ਏ.ਐਸ, ਆਈ.ਪੀ.ਐਸ ਅਤੇ ਹੋਰ ਵਿਭਾਗਾਂ ਵਿਚ ਮੁਲਾਜ਼ਮਾਂ ਦੀ ਭਰਤੀ ਦੀ ਰੇਸੋ 60-40 ਦੇ ਅਨੁਪਾਤ ਅਨੁਸਾਰ ਤਹਿ ਹੋਈ ਹੈ, ਉਸ ਨੂੰ ਨਜ਼ਰ ਅੰਦਾਜ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਭਰਤੀ ਮੰਦਭਾਵਨਾ ਅਧੀਨ ਨਾਮਾਤਰ ਹੋ ਰਹੀ ਹੈ । ਹਰ ਤਰਫ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਵਿਤਕਰੇ, ਜ਼ਬਰ-ਜੁਲਮ ਜਾਰੀ ਹਨ । ਹੁਣ ਨਾ ਤਾਂ ਪਹਿਲੇ ਕਿਸੇ ਬਜਟ ਵਿਚ ਤੇ ਨਾ ਅਜੋਕੇ ਬਜਟ ਵਿਚ ਪੰਜਾਬ ਸੂਬੇ ਦੀ ਮਾਲੀ, ਉਦਯੋਗਿਕ, ਬੇਰੁਜਗਾਰੀ ਸਥਿਤੀ ਨੂੰ ਸਹੀ ਕਰਨ ਲਈ ਕੋਈ ਉਦਮ ਨਹੀਂ ਕੀਤਾ ਗਿਆ । ਜਦੋਂਕਿ ਜੰਮੂ-ਕਸ਼ਮੀਰ ਤੇ ਪੰਜਾਬ ਸੂਬੇ ਜੋ ਸਰਹੱਦੀ ਸੂਬੇ ਹਨ ਅਤੇ ਜਿਨ੍ਹਾਂ ਦੀ ਇੰਡੀਆਂ ਨੂੰ ਬਹੁਤ ਵੱਡੀ ਦੇਣ ਹੈ ਅਤੇ ਵੱਡੀਆ ਕੁਰਬਾਨੀਆ ਹਨ, ਬਜਟ ਵਿਚ ਇਨ੍ਹਾਂ ਸੂਬਿਆਂ ਨੂੰ ਅਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਨਜ਼ਰ ਅੰਦਾਜ ਕਰਨਾ ਮੁਤੱਸਵੀ ਹਿੰਦੂਤਵ ਜਮਾਤਾਂ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਬੇਈਮਾਨੀ ਨੂੰ ਪ੍ਰਤੱਖ ਕਰਦੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਬੇਨਤੀਜੇ, ਘੱਟ ਗਿਣਤੀ ਕੌਮਾਂ ਮਾਰੂ, ਪੰਜਾਬ ਦੇ ਜ਼ਿੰਮੀਦਾਰ, ਮਜ਼ਦੂਰ, ਟਰਾਸਪੋਰਟਰ ਅਤੇ ਵਪਾਰੀ ਵਿਰੋਧੀ ਕਰਾਰ ਦਿੰਦੇ ਹੋਏ ਇਸ ਬਜਟ ਨੂੰ ਮੁੱਢੋ ਹੀ ਰੱਦ ਕਰਦਾ ਹੈ ।