ਲੰਡਨ, (ਮਨਦੀਪ ਖੁਰਮੀ) ਵੇਲਜ਼ ਦੀਆਂ ਖ਼ੂਬਸੂਰਤ ਵਾਦੀਆਂ ‘ਚ ਘਿਰੇ ਨਿੱਕੇ ਜਿਹੇ ਕਸਬੇ ਲੈਂਗੋਲੈਨ ਵਿਖੇ ਈਸਟੈੱਡਵੋਡ 2019 ਨਾਮੀ “ਲੈਂਗੋਲੈਨ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ” ਦੌਰਾਨ ਢੋਲ ਦੇ ਡੱਗੇ ਹਰ ਕਿਸੇ ਨੂੰ ਮਜ਼ਬੂਰ ਕਰ ਰਹੇ ਸਨ। ਢੋਲ ਦੀਆਂ ਤਾਲਾਂ ਤੇ ਪੰਜਾਬੀ ਗੱਭਰੂ, ਮੁਟਿਆਰਾਂ ਦੀ ਆਪਣੇ ਲੋਕ ਨਾਚ ਵਿੱਚ ਨਿਪੁੰਨਤਾ ਸਦਕਾ ਰੀਅਲ ਫੋਕ ਕਲਚਰਲ ਇੰਟ: ਅਕੈਡਮੀ ਲੁਧਿਆਣਾ ਦੇ ਕਲਾਕਾਰਾਂ ਦੀ ਝੋਲੀ ਤਿੰਨ ਮੁਕਾਬਲਿਆਂ ਵਿੱਚ ਤਿੰਨ ਇਨਾਮ ਝੋਲੀ ਪਏ।
ਪੰਜਾਬ ਅਕੈਡਮੀ ਦੇ ਪ੍ਰਧਾਨ ਗੁਰਜੀਤ ਸਿੰਘ ਚੀਮਾ, ਮੀਤ ਪ੍ਰਧਾਨ ਸਤਵੀਰ ਸਿੰਘ ਅਤੇ ਮੁੱਖ ਸਪਾਂਸਰ ਨਾਹਰ ਇੰਟਰਪ੍ਰਾਈਜਜ਼ ਵੱਲੋਂ ਡਾਇਰੈਕਟਰ ਜਗਦਿਆਲ ਸਿੰਘ ਘੋਲਾ ਨੇ ਆਪਣੇ ਕਲਾਕਾਰਾਂ ਦੀ ਜਿੱਤ ‘ਤੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਹਰ ਖੇਤਰ ਦੇ ਮੁਕਾਬਲੇ ਵਿੱਚ ਵਿਸ਼ਵ ਦੇ ਵੱਖ ਵੱਖ ਮੁਲਕਾਂ ਦੇ ਕਲਾਕਾਰ ਆਪਣੀਆਂ ਟੀਮਾਂ ਲੈ ਕੇ ਪਹੁੰਚਦੇ ਹਨ। ਭਖਵੇਂ ਮੁਕਾਬਲਿਆਂ ਵਿੱਚ ਪੰਜਾਬੀ ਕਲਾਕਾਰਾਂ ਨੇ ਕੋਰਿਓਗ੍ਰਾਫੀ ਲੋਕ ਨਾਚ ਝੂਮਰ ਵਿੱਚ ਦੂਸਰਾ ਸਥਾਨ, ਰਵਾਇਤੀ ਲੋਕ ਨਾਚ ਮਲਵਈ ਗਿੱਧਾ ਵਿੱਚ ਤੀਜਾ ਸਥਾਨ ਅਤੇ ਸਟਰੀਟ ਡਾਂਸ ਵੰਨਗੀ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ। ਜਿਕਰਯੋਗ ਹੈ ਕਿ ਇਹ ਮੇਲਾ ਈਸਟੈੱਡਵੋਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਮੇਲੇ ਦਾ ਮੁੱਢ 12 ਵੀਂ ਸਦੀ ਤੋਂ ਬੱਝਣਾ ਸ਼ੁਰੂ ਹੋਇਆ ਸੀ, ਜਦੋਂ 1176 ਵਿੱਚ ਪਹਿਲੀ ਵਾਰ ਸ਼ਾਇਰੀ ਤੇ ਸੰਗੀਤ ਦੀ ਮਹਿਫ਼ਿਲ ‘ਦ ਲੌਰਡ ਰਿਹਸ’ ਦੀ ਦੇਖਰੇਖ ਹੇਠ ਕਾਰਡੀਗਨ ਕਾਸਲ ਵਿਖੇ ਲੱਗੀ ਸੀ। ਇਸ ਵਿੱਚ ਵੇਲਜ਼ ਦੇ ਵੱਖ ਵੱਖ ਭਾਗਾਂ ਵਿੱਚੋਂ ਸ਼ਾਇਰ ਤੇ ਸੰਗੀਤ ਵਾਦਕ ਸੱਦੇ ਦੇ ਕੇ ਬੁਲਾਏ ਗਏ ਸਨ। ਜੇਤੂ ਸ਼ਾਇਰ ਤੇ ਸੰਗੀਤ ਵਾਦਕ ਨੂੰ ਮਾਣ ਵਜੋਂ ਲੌਰਡ ਦੇ ਮੇਜ ਅੱਗੇ ਕੁਰਸੀ ‘ਤੇ ਬੈਠਣ ਦਾ ਮਾਣ ਹਾਸਲ ਹੋਇਆ ਸੀ। ਇਸ ਉਤਸਵ ਨੂੰ ਵਿਸ਼ਵ ਪੱਧਰੀ ਰੂਪ 1947 ਵਿੱਚ ਮਿਲਿਆ ਸੀ, ਜਿਸ ਵਿੱਚ ਸਮੁੱਚੇ ਵਿਸ਼ਵ ਭਰ ਵਿੱਚੋਂ ਆਪੋ ਆਪਣੇ ਦੇਸ਼ਾਂ ਦੇ ਲੋਕ ਨਾਚ ਜਾਂ ਸੰਗੀਤ ਮੰਡਲੀਆਂ ਦੇ ਰੂਪ ਵਿੱਚ ਕਲਾਕਾਰ ਹਰ ਸਾਲ ਜੁਲਾਈ ਮਹੀਨੇ ਡੈਨਬਿਗਸ਼ਾਇਰ ਦੇ ਲੈਂਗੋਲੈਨ ਕਸਬੇ ਵਿੱਚ ਪਹੁੰਚਦੇ ਹਨ। ਪੰਜਾਬੀਆਂ ਦੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਤੇ ਰਵਾਇਤੀ ਪੁਸ਼ਾਕ ਦੇਖ ਕੇ ਦਰਸ਼ਕ ਅਸ਼ ਅਸ਼ ਕਰ ਉੱਠੇ। ਰੀਅਲ ਫੋਕ ਕਲਚਰਲ ਇੰਟ: ਅਕੈਡਮੀ ਲੁਧਿਆਣਾ ਦੇ ਪ੍ਰਬੰਧਕਾਂ ਨੇ ਆਪਣੇ ਕਲਾਕਾਰਾਂ ਦੀ ਇਸ ਮਾਣਮੱਤੀ ਜਿੱਤ ਨੂੰ ਉਹਨਾਂ ਸਮੂਹ ਕਲਾਕਾਰਾਂ ਤੇ ਸ਼ੁਭਚਿੰਤਕਾਂ ਦੀ ਝੋਲੀ ਪਾਇਆ ਹੈ, ਜਿਹਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਤੇ ਸਹਿਯੋਗ ਸਦਕਾ ਲੋਕ ਨਾਚ ਪੀੜ੍ਹੀ ਦਰ ਪੀੜ੍ਹੀ ਹੋਰ ਵਧੇਰੇ ਜੋਸ਼ ਨਾਲ ਗਤੀਵਾਨ ਹਨ।