ਬਚਪਨ ਦਾ ਸੁਖਦ ਅਹਿਸਾਸ ਹੁੰਦੀ ਹੈ ‘ਖੇਡ’, ਉਹ ਖੇਡ ਜੋ ਬਚਪਨ ਵਿੱਚ ਬੱਚੇ ਨੂੰ ਸੱਭ ਤੋਂ ਜਿਆਦਾ ਪਸੰਦ ਹੋਵੇ। ਜਿਸ ਨੂੰ ਖੇਡ ਕੇ ਮਨ ਨੂੰ ਸਕੂਨ ਮਿਲੇ। ਖ਼ਾਸ ਤੌਰ ਤੇ ਜੇਕਰ ਖੇਡ, ਖੇਡਦਿਆਂ ਬੱਚੇ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਵਿੱਚ ਵਾਧਾ ਹੁੰਦਾ ਹੋਵੇ ਤਾਂ ਉਹ ਖੇਡ ਮੁਬਾਰਕ ਮੰਨੀ ਜਾਂਦੀ ਹੈ। ਖੇਡਾਂ ਦੋ ਪ੍ਰਕਾਰ ਦੀਆਂ ਮੰਨੀਆਂ ਗਈਆਂ ਹਨ ਇੱਕ ਤਾਂ ਘਰ ਬਹਿ ਕੇ ਖੇਡਣ ਵਾਲੀਆਂ ਖੇਡਾਂ ਅਤੇ ਦੂਜਾ ਘਰੋਂ ਬਾਹਰ ਨਿਕਲ ਕੇ ਖੇਡੀਆਂ ਜਾਣ ਵਾਲੀਆਂ। ਕੁੱਝ ਖੇਡਾਂ ਕਿਤੇ ਵੀ ਕਿਸੇ ਸਮੇਂ ਵੀ ਖੇਡੀਆਂ ਜਾ ਸਕਦੀਆਂ ਸਨ, ਜਿਨ੍ਹਾਂ ਵਿੱਚੋਂ ਅੰਤਾਕਸ਼ਰੀ ਸੱਭ ਤੋਂ ਮਕਬੂਲ ਖੇਡ ਰਹੀ ਹੈ। ਇਸੇ ਤਰ੍ਹਾਂ ਘਰ ਵਿੱਚ ਆਪਣੇ ਛੋਟੇ-ਵੱਡੇ ਭੈਣ ਭਰਾਵਾਂ ਨਾਲ ਰਲ ਮਿਲ ਕੇ ਕੈਰਮਬੋਰਡ, ਸ਼ਤਰੰਜ, ਲੁਡੋ, ਲੁੱਕਣਮੀਚੀ, ਦਿਮਾਗੀ ਕਸਰਤ ਰਹੀ ਸੱਭ ਤੋਂ ਅਹਿਮ ਬੁਝਾਰਤਾਂ ਪਾਉਣੀਆਂ ਅਤੇ ਬੁਝਣੀਆਂ, ਬਲਾਕ ਬਣਾਉਣੇ, ਅੱਖਰਾਂ ਦੀ ਪਹਿਚਾਣ ਕਰਨੀ, ਰੱਸੀ ਟੱਪਣਾ, ਬਾਰਾਂ ਟਹਿਣੀ, ਕਲੀ-ਜੋਟਾ, ਪੀਂਘ ਝੂਟਣਾ ਵਰਗੀਆਂ ਅਨੇਕਾਂ ਖੇਡਾਂ ਬੱਚੇ ਘਰਾਂ ਵਿੱਚ ਖੇਡ ਸਕਦੇ ਸਨ ਅਤੇ ਬਾਹਰ ਜਾ ਕੇ ਸਕੂਲ ਦੇ ਖੇਡ ਮੈਦਾਨ ਵਿੱਚ ਜਾਂ ਆਪਸੀ ਨੇੜੇ ਦੇ ਗਲੀ ਮੁਹੱਲਿਆਂ ਵਿੱਚ ਰਲ ਮਿਲ ਕੇ ਬੱਚੇ-ਬੱਚੀਆਂ ਨੇ ਸਟਾਪੂ, ਬਾਂਦਰ ਕਿੱਲਾ, ਛੂਹਣ-ਛਪਾਈ, ਗੀਟੀਆਂ, ਬਰੰਟੇ, ਖੋ-ਖੋ, ਚਿੜੀ-ਛਿੱਕਾ (ਬੈਡਮਿੰਟਨ), ਕੋਟਲਾ ਛਪਾਕੀ, ਲਾਟੂ ਦਾ ਮੁਕਾਬਲਾ, ਅੱਡੀ-ਛੜੱਪਾ, ਪਿੱਠੂ ਗਰਮ ਆਦਿ ਅਣਗਿਣਤ ਖੇਡਾਂ ਖੇਡਣੀਆਂ।
ਅਜੋਕੇ ਦੌਰ ਵਿੱਚ ਤੀਸਰੇ ਤਰ੍ਹਾਂ ਦੀਆਂ ਖੇਡਾਂ ਨੇ ਵੀ ਨਿਰੰਤਰ ਅਤੇ ਤੇਜ਼ੀ ਨਾਲ ਵਿਕਾਸ ਕੀਤਾ ਹੈ। ਭਾਵੇਂ ਕਿ ਬੀਤੇ ਸਮੇਂ ਵਿੱਚ ਇਲੈਕਟ੍ਰੋਨਿਕ ਖੇਡਾਂ ਦੇ ਰੂਪ ਵਿੱਚ ਵੀਡੀਉ ਗੇਮਜ਼ ਨੇ ਆਪਣੀ ਥਾਂ ਬਣਾਈ ਸੀ, ਪਰ ਫਿਰ ਵੀ ਉਹ ਹਰ ਬੱਚੇ ਦੀ ਪਹੁੰਚ ਵਿੱਚ ਨਾ ਹੋਣ ਦੇ ਨਾਲ ਮਹਿੰਗੀ ਹੋਣ ਕਾਰਣ ਆਪਣੀ ਥਾਂ ਜਮਾਉਣ ਵਿੱਚ ਜਿਆਦਾ ਪ੍ਰਾਪਤੀ ਨਹੀਂ ਕਰ ਸਕੀ। ਪਰ ਮੋਬਾਇਲ ਅਤੇ ਮੋਬਾਇਲ ਤੋਂ ਬਾਅਦ ਸਮਾਰਟ ਫੋਨਾਂ ਵਿੱਚ ਚੱਲਣ ਵਾਲੀਆਂ ਗੇਮਾਂ ਨੇ ਬੱਚਿਆਂ ਦੇ ਬਚਪਨ ਤੋਂ ਲੈ ਕੇ ਵੱਡਿਆਂ ਦੇ ਕੀਮਤੀ ਸਮੇਂ ਨੂੰ ਵੀ ਆਪਣੀ ਪਕੜ ਵਿੱਚ ਕਰ ਲਿਆ ਹੈ।
ਬਿਨ੍ਹਾਂ ਸ਼ੱਕ ਅਜਿਹੀਆਂ ਖੇਡਾਂ ਨੇ ਬੱਚਿਆਂ ਦਾ ਬਚਪਨ ਤਾਂ ਖੋਹਿਆ ਹੀ ਹੈ, ਪਰ ਉਸਦੇ ਨਾਲ ਕਈ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ। ਮੋਬਾਇਲ ਫੋਨ ਦੀ ਪਕੜ ਵਿੱਚ ਆਇਆ ਬਚਪਨ ਕੇਵਲ ਵਿੱਦਿਆ ਤੋਂ ਹੀ ਦੂਰ ਨਹੀਂ ਹੋ ਰਿਹਾ ਸਗੋਂ ਅੱਖਾਂ ਦੀ ਬਿਮਾਰੀਆਂ ਤੋਂ ਵੀ ਪੀੜ੍ਹਿਤ ਹੋ ਰਿਹਾ ਹੈ, ਉਸਦੇ ਨਾਲ ਪਰਵਾਰਕ ਸਾਂਝ ਤੋਂ ਵੀ ਟੁੱਟ ਰਿਹਾ ਹੈ। ਨੈਤਿਕਤਾ, ਮਿਲਣਸਾਰਤਾ, ਆਪਸੀ ਸਾਂਝ ਤੋਂ ਦੂਰ ਹੋ ਕੇ ਇੱਕਲੇਪਣ ਅਤੇ ਚਿੜਚੜੇਪਣ ਦਾ ਸ਼ਿਕਾਰ ਵੀ ਹੋ ਰਿਹਾ ਹੈ। ਇੱਕ ਨਹੀਂ ਬਲਕਿ ਹੁਣ ਹਜ਼ਾਰਾਂ ਹੀ ਗੇਮਾਂ ਅੱਖ ਚਪਕਦੇ ਹੀ ਫੋਨ ਵਿੱਚ ਡਾਊਨਲੋਡ ਹੋ ਜਾਂਦੀਆਂ ਹਨ ਅਤੇ ਮਿੰਟਾਂ ਸਕਿੰਟਾਂ ਵਿੱਚ ਹੀ ਗੇਮਾਂ ਰਾਹੀਂ ਮੋਬਾਇਲ ਦੀ ਤਿੱਖੀ ਰੋਸ਼ਨੀ ਬੱਚਿਆਂ ਦੀਆਂ ਅੱਖਾਂ ਅਤੇ ਦਿਮਾਗ ਤੇ ਕਾਬੂ ਪੈ ਲੈਂਦੀ ਹੈ। ਪਿਛਲੇ ਸਮੇਂ ਮੋਬਾਇਲ ਖੇਡਾਂ ਰਾਹੀਂ ਮਿਲਣ ਵਾਲੇ ਚੈਲੰਜਾਂ ਕਾਰਣ ਕਈ ਕੀਮਤੀ ਜਾਨਾਂ ਭੰਗ ਦੇ ਭਾੜੇ ਗਈਆਂ ਸਨ। ਕਈ ਵਾਰ ਤਾਂ ਮਾਪੇ ਵੀ ਬੱਚਿਆਂ ਨੂੰ ਆਹਰੇ ਲਗਾਉਣ ਲਈ ਆਪ ਮੋਬਾਇਲ ਉਹਨਾਂ ਦੇ ਹੱਥੀਂ ਫੜ੍ਹਾ ਦਿੰਦੇ ਹਨ।
ਮੌਜੂਦਾ ਸਮੇਂ ਵਿੱਚ ਮੋਬਾਇਲ ਗੇਮਾਂ ਵਿੱਚ ‘ਪਬਜੀ ਅਤੇ ਫੋਰਟਨਾਈਟ’ ਸੱਭ ਤੋਂ ਪਸੰਦੀਦਾ ਗੇਮਾਂ ਬਣ ਚੁੱਕੀਆਂ ਹਨ। ਇਹਨਾਂ ਦੋਹਾਂ ਗੇਮਾਂ ਨੇ ਬੱਚਿਆਂ ਅਤੇ ਵੱਡਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਗੇਮਿੰਗ ਐਨਾਲਾੲਟਿਿਕਸ ਫਰਮ ਦੀ ਖਬਰ ਦੇ ਅਨੁਸਾਰ ਵਿਸ਼ਵ ਭਰ ਵਿੱਚ ਮੋਬਾਇਲ ਗੇਮਾਂ ਤੋਂ 138 ਅਰਬ ਡਾਲਰ (ਲਗਭਗ 9700 ਅਰਬ ਰੁਪਏ) ਤੋਂ ਜਿਆਦਾ ਕਮਾਈ ਕੀਤੀ ਜਾ ਚੁੱਕੀ ਹੈ।
ਇਸ ਖਬਰ ਅਨੁਸਾਰ ਦੁਨੀਆ ਭਰ ਵਿੱਚ ਮੋਬਾਇਲ ਵੀਡੀਓ ਗੇਮਰਜ਼ ਦੀ ਗਿਣਤੀ 2.3 ਅਰਬ ਹੀ ਜਿਸ ਵਿੱਚੋ ਦੇਸ਼ ਵਿੱਚ ਮੋਬਾਇਲ ਗੇਮਾਂ ਖੇਡਣ ਵਾਲਿਆਂ ਦੀ ਗਿਣਤੀ 22 ਕਰੋੜ ਦੇ ਕਰੀਬ ਬਣਦੀ ਹੈ ਅਤੇ 68 ਫੀਸਦੀ ਬੱਚੇ ਮੋਬਾਇਲ ਤੇ ਕੋਈ ਨਾ ਕੋਈ ਗੇਮ ਖੇਡਦੇ ਹਨ। ਜਿਨ੍ਹਾਂ ਵਿੱਚੋਂ 52 ਫੀਸਦੀ ਬੱਚੇ ਪਬਜੀ ਗੇਮ ਖੇਡਦੇ ਹਨ। ਕੁੱਝ ਬੱਚੇ ਤਾਂ ਰੋਜ਼ਾਨਾ 4 ਤੋਂ 14 ਘੰਟੇ ਤੱਕ ਮੋਬਾਇਲ ਤੇ ਗੇਮਾਂ ਖੇਡਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਸਾਲ ਮੋਬਾਇਲ ਦੇ ਵੀਡੀਓ ਗੇਮਾਂ ਖੇਡਣ ਦੀ ਆਦਤ ਨੂੰ ਇੱਕ ਮਾਨਸਿਕ ਰੋਗ ਦੇ ਤੌਰ ਤੇ ਸਵਿਕਾਰ ਕਰ ਲਿਆ ਹੈ ਅਤੇ ਇਸ ਨੂੰ ਗੇਮਿੰਗ ਡਿਸਆਰਡਰ ਦਾ ਨਾਂ ਦਿੱਤਾ ਗਿਆ ਹੈ। ਪਿਛਲੇ ਦੋ ਸਾਲਾਂ ਵਿੱਚ ਮੋਬਾਇਲ ਖੇਡ ਰੋਗੀਆਂ ਦੀ ਗਿਣਤੀ ਤਿੰਨ ਗੁਣ ਵਧ ਗਈ ਹੈ ਅਤੇ ਇਸ ਵਿੱਚ ਜਿਆਦਾ ਵਾਧਾ ਉਸ ਸਮੇਂ ਤੋਂ ਹੋ ਰਿਹਾ ਹੈ ਜਦੋਂ 2016 ਵਿੱਚ ਇੰਟਰਨੈੱਟ ਸੱਸਤਾ ਹੋਇਆ ਸੀ।
ਇੱਕ ਖਬਰ ਅਨੁਸਾਰ ਸਾਰੀ ਰਾਤ ਮੋਬਾਇਲ ਗੇਮ ਖੇਡਣ ਵਾਲੇ ਇੱਕ ਬੱਚੇ ਨੂੰ ਸਕੂਲੋਂ ਕੱਢ ਦਿੱਤਾ ਗਿਆ, ਕਿਉਂਕਿ ਇੱਕ ਤਾਂ ਉਹ ਪੜ੍ਹਾਈ ਵਿੱਚ ਪਛੜਨ ਲੱਗ ਪਿਆ ਸੀ ਅਤੇ ਜੇਕਰ ਮਾਤਾ-ਪਿਤਾ ਗੇਮ ਖੇਡਣ ਤੋਂ ਰੋਕਦੇ ਤਾਂ ਘਰ ਵਿੱਚ ਪਏ ਸਮਾਨ ਦੀ ਭੰਨ-ਤੋੜ ਸ਼ੁਰੂ ਕਰ ਦਿੰਦਾ ਸੀ ਅਤੇ ਉਸਦਾ ਭਾਰ ਵੀ ਵੱਧਣ ਲੱਗ ਪਿਆ ਸੀ। ਡਾਕਟਰੀ ਸਹਾਇਤਾ ਅਤੇ ਮਾਹਰਾਂ ਨਾਲ 25 ਮੀਟਿੰਗਾਂ ਕਰਨ ਤੋਂ ਬਾਅਦ ਉਹ ਦਿਮਾਗੀ ਤੌਰ ਕੁੱਝ ਸੰਤੁਲਿਤ ਹੋ ਸਕਿਆ। ਇਸੇ ਤਰ੍ਹਾਂ ਬਹੁਤ ਸਾਰੇ ਬੱਚੇ ਆਪਣੇ ਇਮਤਿਹਾਨਾਂ ਵਿੱਚ ਵੀ ਫੇਲ ਹੋ ਰਹੇ ਹਨ ਜੋ ਜਿਆਦਾ ਸਮਾਂ ਮੋਬਾਇਲ ਫੋਨਾਂ ਤੇ ਬਿਤਾ ਰਹੇ ਹਨ। ਪਬਜੀ ਗੇਮ ਬਣਾਉਣ ਵਾਲਿਆਂ ਦੀ ਪ੍ਰਤੀਦਿਨ ਦੀ ਔਸਤ ਕਮਾਈ 12 ਕਰੋੜ ਰੁਪਏ ਤੱਕ ਹੈ ਅਤੇ ਹੁਣ ਤੱਕ 20 ਕਰੋੜ ਵਾਰ ਡਾਊਨਲੋਡ ਕੀਤੀ ਜਾ ਚੁੱਕੀ ਹੈ।
ਖੈਰ! ਮੁੜ ਵਿਸ਼ੇ ਵੱਲ ਆਈਏ ਤਾਂ ਅੱਜ ਸਾਨੂੰ ਆਪਣੇ ਬੱਚਿਆਂ ਦੇ ਨੇੜੇ ਜਾਣਾ ਚਾਹੀਦਾ ਹੈ। ਆਪ ਵੀ ਮੋਬਾਇਲ ਦੀ ਬੇਲੋੜੀ ਵਰਤੋਂ ਘਟਾ ਕੇ ਹੀ ਬੱਚਿਆਂ ਦੀ ਮੋਬਾਇਲ ਤੋਂ ਦੂਰੀ ਬਣਾ ਸਕਦੇ ਹਾਂ। ਘਰ ਵਿੱਚ ਹੋਰ ਖੇਡੀਆਂ ਜਾਣ ਵਾਲੀਆਂ ਗੇਮਾਂ ਦੀ ਹੌਂਦ ਅਤੇ ਬੱਚਿਆਂ ਨੂੰ ਮਾਤਾ ਪਿਤਾ ਵੱਲੋਂ ਦਿੱਤਾ ਗਿਆ ਸਮਾਂ ਹੀ ਬੱਚਿਆਂ ਨੂੰ ਮੋਬਾਇਲ ਖੇਡ ਰੋਗੀ ਬਣਨ ਤੋਂ ਬਚਾ ਸਕਦਾ ਹੈ। ਭਾਵੇਂ ਕਿ ਔਖਾ ਜ਼ਰੂਰ ਹੈ, ਪਰ ਨਾ-ਮੁਮਕਿਨ ਨਹੀਂ ਹੈ। ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਖੇਡਾਂ ਦਾ ਮਤਲਬ ਮੋਬਾਇਲ ਨਹੀਂ, ਪਸੀਨਾ ਕੱਢਣਾ ਹੁੰਦਾ ਹੈ ਤਾਂ ਕਿ ਬੱਚਿਆਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ। ਇਸਦੇ ਨਾਲ ਹੀ ਬੱਚਿਆਂ ਵਿੱਚ ਸਕੂਲਾਂ/ਕਾਲਜਾਂ ਵੱਲੋਂ ਵੀ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕੀਤੇ ਜਾਣ ਦੇ ਜਤਨ ਕਰਨੇ ਚਾਹੀਦੇ ਹਨ।