ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੈਮੋਕ੍ਰੇਟ ਪਾਰਟੀ ਦੀਆਂ ਚਾਰ ਮਹਿਲਾ ਸੰਸਦ ਮੈਂਬਰਾਂ ਤੇ ਨਸਲੀ ਟਿਪਣੀ ਕਰਦੇ ਹੋਏ ਕਿਹਾ ਕਿ ਉਹ ਜਿਸ ਦੇਸ਼ ਤੋਂ ਆਈਆਂ ਹਨ,ਉਨ੍ਹਾਂ ਨੂੰ ਉਸ ਦੇਸ਼ ਵਾਪਿਸ ਪਰਤ ਜਾਣਾ ਚਾਹੀਦਾ ਹੈ। ਟਰੰਪ ਦੇ ਇਸ ਬਿਆਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਟਰੰਪ ਨੇ ਆਪਣੇ ਟਵੀਟ ਵਿੱਚ ਇਨ੍ਹਾਂ ਮਹਿਲਾ ਸਾਂਸਦਾਂ ਨੂੰ ਪ੍ਰੋਗਰੇਸਿਵ ਡੈਮੋਕਰੇਟ ਕਾਂਗਰਸ ਵੁਮਿਨਜ਼ ਕਰਾਰ ਦਿਤਾ।
ਜ਼ਿਕਰਯੋਗ ਹੈ ਕਿ ਟਰੰਪ ਪਹਿਲਾਂ ਵੀ ਕਈ ਵਾਰ ਨਸਲੀ ਟਿਪਣੀਆਂ ਕਰ ਚੁੱਕੇ ਹਨ। ਪਿੱਛਲੇ ਸਾਲ ਉਨ੍ਹਾਂ ਨੇ ਅਫ਼ਰੀਕੀ ਦੇਸ਼ਾਂ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਉਥੋਂ ਦੇ ਲੋਕ ਕੇਵਲ ਪ੍ਰਵਾਸੀ ਬਣ ਕੇ ਹੀ ਆਉਂਦੇ ਹਨ। ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਕਿਹਾ ਸੀ ਕਿ ਉਨ੍ਹਾਂ ਦਾ ਜਨਮ ਅਮਰੀਕਾ ਵਿੱਚ ਨਹੀਂ ਹੋਇਆ ਇਸ ਲਈ ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਰਾਸ਼ਟਰਪਤੀ ਬਣਨ ਦਾ ਹੱਕ ਨਹੀਂ ਹੈ। ਅਗਲੇ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋਣੀ ਹੈ।
ਟਰੰਪ ਕਹਿੰਦੇ ਹਨ, ” ਉਹ ਆਪਣੇ ਦੇਸ਼ ਵਾਪਿਸ ਕਿਉਂ ਨਹੀਂ ਪਰਤ ਜਾਂਦੀਆਂ। ਉਨ੍ਹਾਂ ਨੂੰ ਆਪਣੇ ਦੇਸ਼ ਦੀਆਂ ਸਰਕਾਰਾਂ ਨੂੰ ਸਮਾਪਤ ਕਰਨ ਵਿੱਚ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਦੰਗਾਗ੍ਰਸਤ ਖੇਤਰਾਂ ਵਿੱਚ ਜਾ ਕੇ ਹਕੀਕਤ ਵੇਖਣੀ ਚਾਹੀਦੀ ਹੈ। ਇਸ ਦੇ ਬਾਅਦ ਉਹ ਅਮਰੀਕਾ ਆਕੇ ਦੱਸਣ ਕਿ ਉਨ੍ਹਾਂ ਨੇ ਇਹ ਸੱਭ ਕਿਸ ਤਰ੍ਹਾਂ ਕੀਤਾ।” ਟਰੰਪ ਨੇ ਆਪਣੇ ਬਿਆਨ ਵਿੱਚ ਕਿਸੇ ਦਾ ਵੀ ਨਾਮ ਨਹੀਂ ਲਿਆ।”