ਮਨੁੱਖ ਜਦੋਂ ਤੋਂ ਸਮਾਜਕ ਬਣਤਰ ਦਾ ਹਿੱਸਾ ਬਣਿਆ ਹੈ ਉਦੋਂ ਤੋਂ ਹੀ ਪਰਵਾਸ ਨੂੰ ਧਾਰਨ
ਕਰਦਾ ਆਇਆ ਹੈ। ਮਨੁੱਖ ਨੂੰ ਇਹ ਪਰਵਾਸ ਕਦੇ ਰੁਜ਼ਗਾਰ ਕਰਕੇ ਧਾਰਨ ਕਰਨਾ ਪਿਆ ਅਤੇ ਕਦੇ
ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਖ਼ਾਤਰ। ਆਦਿਕਾਲ ਤੋਂ ਹੀ ਮਨੁੱਖ ਆਪਣੇ
ਕਬੀਲਿਆਂ ਨੂੰ ਛੱਡ ਕੇ ਦੂਰ- ਦੁਰਾਡੇ ਸ਼ਿਕਾਰ/ਭੋਜਨ ਦੀ ਭਾਲ ਵਿਚ ਜਾਂਦਾ ਰਿਹਾ ਹੈ।
ਅਜੋਕੇ ਸਮੇਂ ਵਿਚ ਪਰਵਾਸ ਧਾਰਨ ਕਰਨਾ ਕੋਈ ਨਵੀਂ ਆਰੰਭਤਾ ਨਹੀਂ ਕਿਹਾ ਜਾ ਸਕਦਾ ਬਲਕਿ
ਇਹ ਤਾਂ ਮਨੁੱਖੀ ਜੀਵਨ ਦੇ ਸਮਾਜਕ ਜੀਵਨ ਬਣਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਹੁੰਦਾ ਆ
ਰਿਹਾ ਹੈ।
‘ਰੋਜੀ ਰੋਟੀ ਅਤੇ ਬਿਹਤਰ ਜੀਵਨ ਦੇ ਲਈ ਇਨਸਾਨਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਜਾਣਾ
ਪਰਵਾਸ ਕਹਾਉਂਦਾ ਹੈ ਜੋ ਯੁਗਾਂ ਪੁਰਾਣਾ ਵਰਤਾਰਾ ਹੈ।’ ਅੱਗੇ ਜ਼ਿਕਰ ਮਿਲਦਾ ਹੈ ਕਿ
‘ਜਦੋਂ ਮਨੁੱਖੀ ਸਮਾਜ, ਜਮਾਤਾਂ ਵਿਚ ਵੰਡਿਆ ਨਹੀ ਗਿਆ ਸੀ, ਉਸ ਸਮੇਂ ਵੀ ਇਨਸਾਨੀ
ਆਬਾਦੀ ਮੈਦਾਨੀ ਇਲਾਕਿਆਂ, ਉਪਜਾਊ ਜ਼ਮੀਨਾਂ ਅਤੇ ਬਿਹਤਰ ਸਹਿਣ ਯੋਗ ਮੌਸਮ ਵਾਲੇ
ਇਲਾਕਿਆਂ ਦੀ ਤਲਾਸ਼ ਵਿਚ ਪਰਵਾਸ ਕਰਦੀ ਸੀ। ਸਮਾਜ, ਜਮਾਤਾਂ ਵਿਚ ਵੰਡਿਆ ਗਿਆ ਤਾਂ
ਜਮਾਤੀ ਜਬਰ- ਜ਼ੁਲਮ ਦੇ ਕਾਰਨ ਵੀ ਲੋਕ ਪਰਵਾਸ ਕਰਦੇ ਸਨ।’ (ਵਿਕੀਪੀਡੀਆ)
ਸਮੁੱਚੇ ਸੰਸਾਰ ਦਾ ਦੋ ਤਿਹਾਈ ਪਰਵਾਸ ਵਿਕਾਸਸ਼ੀਲ ਮੁਲਕਾਂ ਤੋਂ ਵਿਕਸਿਤ ਮੁਲਕਾਂ ਵੱਲ
ਨੂੰ ਹੋਇਆ ਹੈ ਅਤੇ ਇਸ ਵਿਚੋਂ 47% ਪਰਵਾਸੀਆਂ ਦਾ ਡੇਰਾ ਇਕੱਲੇ ਅਮਰੀਕਾ ਵਿਚ ਹੀ ਲੱਗ
ਗਿਆ ਹੈ। ਅੰਤਰਰਾਸ਼ਟਰੀ ਪਰਵਾਸ ਅੰਕੜੇ 2015 ਮੁਤਾਬਕ ‘ਦੁਨੀਆਂ ਵਿਚ ਸਭ ਤੋਂ ਵੱਧ
ਪਰਵਾਸ ਭਾਰਤ ਵਿਚੋਂ 16 ਮਿਲੀਅਨ ਅਤੇ ਦੂਜੇ ਨੰਬਰ ਉੱਤੇ ਮੈਕਸੀਕੋ ਵਿਚੋਂ 12 ਮਿਲੀਅਨ
ਹੋਇਆ ਹੈ। ਸੰਸਾਰ ਦੇ ਵਿਚ ਸੰਨ 2010 ਤੋਂ 2015 ਦੇ ਦੌਰਾਨ ਪਰਵਾਸ ਧਾਰਨ ਕਰਨ ਦੀ ਦਰ
2.8% ਤੋਂ 3.3% ਤੱਕ ਅੱਪੜ ਗਈ ਹੈ, ਜੋ ਸੰਸਾਰ ਵਿਚ ਫੈਲੀ ਆਰਥਿਕ, ਸਮਾਜਿਕ, ਧਾਰਮਿਕ
ਅਸਥਿਰਤਾ ਦਾ ਪੱਕਾ ਪ੍ਰਮਾਣ ਹੈ।’ ਵਿਦੇਸ਼ ਮੰਤਰਾਲੇ ਦੇ 2017 ਦੇ ਅੰਕੜਿਆਂ ਮੁਤਾਬਕ
ਲਗਭਗ ਪੰਜ ਲੱਖ ਵਿਦਿਆਰਥੀ ਭਾਰਤੀ ਉੱਚ ਸਿੱਖਿਆ ਨੂੰ ਨਕਾਰਦੇ ਹੋਏ ਵਿਦੇਸ਼ ਵਿਚ ਪੜਨ ਲਈ
ਚਲੇ ਗਏ ਸਨ। ਇਹਨਾਂ ਵਿਚੋਂ ਬਹੁਤ ਘੱਟ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਕੇ ਮੁੜ ਆਪਣੇ
ਮੁਲਕ ਨੂੰ ਆਉਣਗੇ, ਬਾਕੀ ਉੱਥੇ ਹੀ ਵੱਸਣ ਦਾ ਯਤਨ ਕਰਨਗੇ।
ਅੱਜ ਕੱਲ ਪਰਵਾਸ ਧਾਰਨ ਕਰਨ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ। ਇਸ ਪਿੱਛੇ ਕਈ ਕਾਰਨ
ਕੰਮ ਕਰਦੇ ਪ੍ਰਤੀਤ ਹੁੰਦੇ ਹਨ। ਜਿਨਾਂ ਦਾ ਇਸ ਲੇਖ ਵਿੱਚ ਸੰਖੇਪ ਰੂਪ ਵਿਚ ਅਧਿਐਨ
ਕੀਤਾ ਜਾ ਰਿਹਾ ਹੈ ਤਾਂ ਕਿ ਦਰੁੱਸਤ ਕਾਰਨਾਂ ਦੀ ਪੜਚੋਲ ਕੀਤੀ ਜਾ ਸਕੇ।
ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਆਪਣੀ ਚਰਮ ਸੀਮਾ ਉੱਤੇ ਹੈ। ਇਸ ਨੂੰ
ਇਕੱਲੇ ਪੈਸੇ ਕਮਾਉਣ ਨਾਲ ਜੋੜ ਕੇ ਦੇਖਣਾ ਬੇਇਨਸਾਫ਼ੀ ਹੋਵੇਗੀ ਕਿਉਂਕਿ ਦੂਜੇ ਸੂਬਿਆਂ
ਦੇ ਮੁਕਾਬਲੇ ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਜਿਆਦਾ ਉਪਜਾਊ ਰਹੀ ਹੈ। ਇਕ ਅਖਾਣ
ਮੁਤਾਬਕ ‘ਪੰਜਾਬੀ ਲੋਕਾਂ ਦਾ ਢਿੱਡ ਸਦਾ ਭਰਿਆ ਰਿਹਾ ਹੈ।’ ਸਿਆਣਿਆਂ ਦਾ ਕਥਨ ਹੈ ਕਿ
ਜਦੋਂ ਕਿਸੇ ਮਨੁੱਖ ਦਾ ਢਿੱਡ ਭਰਿਆ ਹੁੰਦਾ ਹੈ ਤਾਂ ਉਹ ਐਸ਼ਪ੍ਰਸਤੀ ਵੱਲ ਆਪਣੇ ਵਿਚਾਰਾਂ
ਨੂੰ ਮੋੜ ਲੈਂਦਾ ਹੈ, ਨਹੀਂ ਤਾਂ ਗ਼ਰੀਬ ਬੰਦੇ ਨੂੰ ਤਾਂ ਆਪਣੇ ਢਿੱਡ ਭਰਨ ਤੋਂ ਹੀ ਵਿਹਲ
ਨਹੀਂ ਮਿਲਦੀ।
ਖ਼ੈਰ! ਪਰਵਾਸ ਧਾਰਨ ਕਰਨ ਦਾ ਆਧੁਨਿਕ ਸਰੂਪ ਅੰਗ੍ਰੇਜ਼ਾਂ ਦੇ ਨੌਕਰ ਬਣ ਕੇ ਵਿਦੇਸ਼ਾਂ ਵਿਚ
ਜਾਣ ਕਰਕੇ ਪ੍ਰਚੱਲਨ ਵਿਚ ਆਇਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਲੋਕ ਪਰਵਾਸ ਧਾਰਨ ਕਰਦੇ
ਰਹੇ ਹਨ ਪਰ, ਪਰਵਾਸ ਦੇ ਆਧੁਨਿਕ ਸਰੂਪ ਨੂੰ ਅੰਗ੍ਰੇਜ਼ਾਂ ਦੇ ਨਾਲ ਵਿਦੇਸ਼ ਜਾਣ ਕਰਕੇ ਬਲ
ਮਿਲਿਆ। ਅੰਗ੍ਰੇਜ਼ਾਂ ਦੇ ਭਾਰਤ ਵਿਚ ਰਾਜ ਸਮੇਂ ਵੀ ਬਹੁਤ ਸਾਰੇ ਗ਼ੁਲਾਮ/ਨੌਕਰ ਵਿਦੇਸ਼
ਭੇਜੇ ਜਾਂਦੇ ਸਨ ਤਾਂ ਕਿ ਉਹਨਾਂ ਦੇ ਮੁਲਕ ਨੂੰ ਕਾਮਿਆਂ ਦੀ ਥੋੜ ਨਾ ਰਹੇ। ਸਹਿਜੇ-
ਸਹਿਜੇ ਉਹ ਮਜ਼ਦੂਰ/ਕਾਮੇ ਉੱਥੋਂ ਦੇ ਪੱਕੇ ਵਸਨੀਕ ਹੋ ਗਏ। ਉਹਨਾਂ ਦੇ ਘਰ- ਬਾਰ ਵੱਸ
ਗਏ, ਬੱਚੇ ਹੋ ਗਏ। ਇੱਧਰ ਭਾਰਤੀ ਲੋਕਾਂ ਦਾ ਜੀਵਨ ਪੱਧਰ ਉਸ ਰਫ਼ਤਾਰ ਨਾਲ ਨਹੀਂ ਬਦਲਿਆ
ਜਿਸ ਰਫ਼ਤਾਰ ਨਾਲ ਵਿਦੇਸ਼ਾਂ ਵਿੱਚ ਵੱਸੇ ਭਾਰਤੀਆਂ ਦਾ ਬਦਲਿਆ। ਬਸ, ਜੀਵਨ ਪੱਧਰ ਤੇ ਇਸ
ਬਦਲਾਓ ਨੇ ਹੀ ਭਾਰਤੀਆਂ/ਪੰਜਾਬੀਆਂ ਅੰਦਰ ਪਰਵਾਸ ਦੀ ਜੜ ਨੂੰ ਮਜ਼ਬੂਤ ਕਰ ਦਿੱਤਾ।
ਯਕੀਕਨ, ਇਸ ਗੱਲ ਨਾਲ ਆਪਣੀ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ ਕਿ ਭਾਰਤ ਅੰਦਰ ਰੁਜ਼ਗਾਰ
ਦੇ ਉੰਨੇ ਮੌਕੇ ਨਸੀਬ ਨਹੀਂ ਹੁੰਦੇ, ਜਿੰਨੇ ਮਿਲਣੇ ਚਾਹੀਦੇ ਹਨ। ਇਸ ਕਰਕੇ ਪਰਵਾਸ
ਧਾਰਨ ਕਰਨਾ ਮਜ਼ਬੂਰੀ ਹੁੰਦਾ ਹੈ ਪਰ, ਅੱਜ ਕੱਲ ਦੇ ਜ਼ਮਾਨੇ ਵਿਚ ਪਰਵਾਸ ਮਜ਼ਬੂਰੀ ਨਹੀਂ
ਬਲਕਿ ਸ਼ੌਂਕ ਦਾ ਰੂਪ ਧਾਰਨ ਕਰ ਗਿਆ ਹੈ। ਇੱਥੇ ਨੌਕਰੀਆਂ ਦੇ ਲੱਗੇ, ਅਮੀਰ ਘਰਾਂ ਦੇ
ਮੁੰਡੇ- ਕੁੜੀਆਂ ਵਿਦੇਸ਼ਾਂ ਨੂੰ ਰੁਖ਼ ਕਰ ਰਹੇ ਹਨ। ਅੱਜ ਕੱਲ ਦੇ ਬੱਚਿਆਂ ਨੂੰ ਉੱਧਰ ਦੀ
ਜੀਵਨ ਜਾਚ ਆਪਣੇ ਵੱਲ ਖਿੱਚ ਰਹੀ ਹੈ। ਰਹਿਣ- ਸਹਿਣ, ਖਾਣ- ਪੀਣ ਅਤੇ ਵਿਚਾਰਾਂ ਦੀ
ਖੁੱਲ ਨੇ ਵਿਦੇਸ਼ੀ ਧਰਤੀ ਦਾ ਮੋਹ ਬਹੁਤ ਪ੍ਰਚੰਡ ਕਰ ਦਿੱਤਾ ਹੈ।
ਇੱਥੇ ਧਿਆਨ ਦੇਣ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਪੰਜਾਬ ਵਿਚ ਤਾਂ ਹਾਲਤ ਹੋਰ ਵੀ ਖ਼ਰਾਬ
ਹਨ। ਇੱਥੇ ਗ਼ਰੀਬ ਘਰਾਂ ਦੇ ਬੱਚੇ ਵੀ ਕਰਜ਼ੇ ਚੁੱਕ ਕੇ ਵਿਦੇਸ਼ ਵਿਚ ਵੱਸਣ ਦਾ ਸੁਪਨਾ ਸਜਾ
ਰਹੇ ਹਨ। ਚੰਗੇ ਪੜੇ- ਲਿਖੇ ਬੱਚੇ ਵੀ ਵਿਦੇਸ਼ਾਂ ਵਿਚ ਡਰਾਈਵਰੀ ਕਰਨ ਨੂੰ ਤਰਜ਼ੀਹ ਦੇ
ਰਹੇ ਹਨ। ਇਹ ਸਿਰਫ਼ ਪੈਸੇ ਦੀ ਲਾਲਸਾ ਵੱਸ ਨਹੀਂ ਹੋ ਰਿਹਾ ਬਲਕਿ ਉੱਥੋਂ ਦੇ ਜੀਵਨ ਨੂੰ
ਆਦਰਸ਼ਕ ਜੀਵਨ ਵੱਜੋਂ ਦੇਖਣ ਕਰਕੇ ਹੋ ਰਿਹਾ ਹੈ। ਬਿਗ਼ਾਨੀ ਧਰਤੀ ਉੱਤੇ ਮਜ਼ਦੂਰੀ ਕਰਨਾ,
ਡਰਾਈਵਰੀ ਕਰਨਾ ਅਤੇ ਹੱਥੀਂ ਕੰਮ ਕਰਨਾ ਮਾੜਾ ਨਹੀਂ ਸਮਝਿਆ ਜਾਂਦਾ ਜਦੋਂ ਕਿ ਆਪਣੇ
ਮੁਲਕ ਵਿਚ ਅਜਿਹੇ ਕੰਮ ਨੂੰ ਮੁੱਢੋਂ ਹੀ ਸਵੀਕਾਰ ਨਹੀਂ ਕੀਤਾ ਜਾਂਦਾ। ਪੰਜਾਬ ਵਿਚ
ਇਹਨਾਂ ਕੰਮਾਂ ਨੂੰ ਆਪਣੇ ਰੁਤਬੇ ਦੇ ਮੁਤਾਬਕ ਨਹੀਂ ਮੰਨਿਆ ਜਾਂਦਾ ਪਰ, ਵਿਦੇਸ਼ੀ ਧਰਤੀ
ਤੇ ਪੈਰ ਰੱਖਦਿਆਂ ਹੀ ਇਹ ਕੰਮ ਰੁਬਤੇ ਅਤੇ ਸਨਮਾਣ ਦਾ ਪ੍ਰਤੀਕ ਬਣ ਜਾਂਦੇ ਹਨ।
ਪੰਜਾਬ ਦੇ ਪਿੰਡਾਂ ਦੇ ਪਿੰਡ ਭਰੇ ਪਏ ਹਨ ਜਿੱਥੇ ਸਵੇਰ ਤੋਂ ਸ਼ਾਮ ਤੀਕ ਸੱਥਾਂ ਵਿਚ ਬੈਠ
ਕੇ ਤਾਸ਼ ਖੇਡਦੇ ਜਵਾਨ ਆਮ ਹੀ ਦੇਖੇ ਜਾ ਸਕਦੇ ਹਨ। ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ
ਬਜ਼ੁਰਗਾਂ ਤੱਕ ਦਾ ਇਹ ਗਿਲ਼ਾ ਹੈ ਕਿ ਬੇਰੁਜ਼ਗਾਰੀ ਵੱਧ ਗਈ ਹੈ, ਕੰਮ ਨਹੀਂ ਮਿਲਦਾ।
ਨੌਕਰੀ ਨਹੀਂ ਮਿਲਦੀ। ਪੰਜਾਬ ਵਿਚ ਕੋਈ ਬੱਚਾ ਵੀ ਡਰਾਈਵਰੀ ਕਰਨ ਨੂੰ ਤਿਆਰ ਨਹੀਂ,
ਹੱਥੀਂ ਕੰਮ ਕਰਨ ਨੂੰ ਤਿਆਰ ਨਹੀਂ। ਪਰ ਵਿਦੇਸ਼ ਦੀ ਧਰਤੀ ਤੇ ਪੈਰ ਰੱਖਿਆਂ ਹੀ ਡਰਾਈਵਰ
ਲਈ ਹੱਥ- ਪੈਰ ਮਾਰਨੇ ਸ਼ੁਰੂ ਕਰ ਦਿੰਦੇ ਹਨ।
ਉਂਝ, ਕੁਝ ਸਮੱਸਿਆਵਾਂ ਜ਼ਰੂਰ ਹਨ ਪਰ ਵਿਦੇਸ਼ਾਂ ਵਿਚ ਵੱਸਣਾ ਅਤੇ ਆਪਣੇ ਮੁਲਕ ਵਿਚ
ਵਿਹਲੇ ਘੁੰਮਣਾ, ਚੰਗੀ ਗੱਲ ਨਹੀਂ ਹੈ। ਪਰਵਾਸ, ਮਜ਼ਬੂਰੀਵੱਸ ਹੋਵੇ ਤਾਂ ਕੁਝ ਹੱਦ ਤੱਕ
ਸਵੀਕਾਰ ਕੀਤਾ ਜਾ ਸਕਦਾ ਹੈ ਪਰ ਸ਼ੌਂਕ ਨਾਲ ਕਿਸੇ ਪੱਖੋਂ ਵੀ ਚੰਗਾ ਨਹੀਂ ਕਿਹਾ ਜਾ
ਸਕਦਾ। ਪਰਵਾਸ ਧਾਰਨ ਕਰਨ ਦੇ ਜਨੂੰਨ ਨੇ ਪੰਜਾਬੀਆਂ ਦੇ ਇਖ਼ਲਾਕੀ ਸਰੂਪ ਨੂੰ ਵੀ ਖ਼ਤਮ ਕਰ
ਦਿੱਤਾ ਹੈ। ਰਿਸ਼ਤਿਆਂ ਦੀ ਪਵਿੱਤਰਤਾ ਨੂੰ ਤਾਰ- ਤਾਰ ਕੀਤਾ ਜਾ ਰਿਹਾ ਹੈ। ਭੈਣ ਆਪਣੇ
ਸੱਕੇ ਭਰਾ ਨਾਲ ਵਿਆਹ ਕਰਵਾ ਕੇ, ਉਸਨੂੰ ਵਿਦੇਸ਼ ਵਿਚ ਲਿਜਾ ਰਹੀ ਹੈ। ਨਕਲੀ ਵਿਆਹ
ਕਰਵਾਏ ਜਾ ਰਹੇ ਹਨ। ਗ਼ੈਰ ਕਾਨੂੰਨੀ ਢੰਗ ਨਾਲ ਦੂਜੇ ਮੁਲਕਾਂ ਦੀਆਂ ਸਰਹੱਦਾਂ ਟੱਪੀਆਂ
ਜਾ ਰਹੀਆਂ ਹਨ, ਜਿਸ ਵਿਚ ਕਈ ਵਾਰ ਜਾਨ ਵੀ ਗੁਆਉਣੀ ਪੈ ਜਾਂਦੀ ਹੈ। ਪੜਾਈ ਦੇ ਬਹਾਨੇ,
ਰੁਜ਼ਗਾਰ ਦੇ ਬਹਾਨੇ, ਰਾਜਸੀ ਸ਼ਰਣ ਦੇ ਬਹਾਨੇ ਅਤੇ ਘੁੰਮਣ ਦੇ ਬਹਾਨੇ ਨਾਲ ਵਿਦੇਸ਼ਾਂ ਵਿਚ
ਜਾ ਕੇ ਵੱਸਣ ਦੇ ਰੁਝਾਨ ਨੇ ਪੂਰੀ ਦੁਨੀਆਂ ਵਿਚ ਪੰਜਾਬੀਆਂ ਦੀ ਗ਼ੈਰਤ ਨੂੰ ਮਿੱਟੀ ਵਿਚ
ਰੋਲ਼ਣ ਦਾ ਕੰਮ ਕੀਤਾ ਹੈ।
ਹਿੰਦੋਸਤਾਨ ਦੀ ਸਭ ਤੋਂ ਵੱਧ ਉਪਜਾਊ ਧਰਤ (ਪੰਜਾਬ) ਦੇ ਲੋਕ ਆਪਣੀ ਮਾਤ- ਭੂਮੀ ਨੂੰ
ਛੱਡ ਕੇ ਵਿਦੇਸ਼ਾਂ ਵਿਚ ਮਿਹਨਤ- ਮਜ਼ਦੂਰੀ ਕਰ ਰਹੇ ਹਨ। ਇਹ ਕਾਰਜ, ਬਹੁਤ ਸਾਰੇ ਸਵਾਲ
ਪੈਦਾ ਕਰਦਾ ਹੈ ਜਿਨਾਂ ਦਾ ਜੁਵਾਬ ਪੰਜਾਬੀਆਂ ਨੂੰ ਅਤੇ ਸਮੇਂ ਦੀਆਂ ਸਰਕਾਰਾਂ ਨੂੰ
ਦੇਣਾ ਚਾਹੀਦਾ ਹੈ।