ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਨਗਰ ਕੀਰਤਨਾਂ ਦੀ ਲੱਗੀ ਹੋੜ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਗਰ ਕੀਰਤਨ ਸਜਾਉਣ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਵਿੱਤਰ ਸਥਾਨ ਸਿੱਖ ਕੌਮ ਨੂੰ ਸੌਂਪਣ ਲਈ ਸਿੱਖ ਸੰਸਥਾਵਾਂ ਨੂੰ ਸਾਂਝੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈਂ। ਦਿੱਲੀ ਤੋਂ ਨਨਕਾਣਾ ਸਾਹਿਬ ਤੱਕ 13 ਅਤੇ 28 ਅਕਤੂਬਰ 2019 ਨੂੰ ਤਜਵੀਜ਼ 2 ਨਗਰ ਕੀਰਤਨਾਂ ਅਤੇ 2 ਸੌਣ ਪਾਲਕੀ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਲੈ ਜਾਣ ਲਈ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵੱਲੋਂ ਕੀਤੀ ਜਾ ਰਹੀ ਜ਼ਿੱਦ ਨੂੰ ਵੀ ਜੀਕੇ ਨੇ ਗੈਰਜਰੁਰੀ ਦੱਸਿਆ ਹੈਂ। ਨਾਲ ਹੀ ਦੋਨਾਂ ਧਿਰਾਂ ਵਿੱਚ ਟਕਰਾਅ ਖ਼ਤਮ ਕਰਨ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼ ਦਿੱਤੀ ਹੈਂ। ਜੀਕੇ ਨੇ ਕਿਹਾ ਕਿ ਕੌਮ ਤੋਂ ਖੋਹੇ ਗਏ ਗੁਰੂ ਸਥਾਨਾਂ ਉੱਤੇ ਸਿੱਖ ਮਰਿਆਦਾ ਦੀ ਮੁੜ ਬਹਾਲੀ ਅਤੇ ਉਕਤ ਸਥਾਨਾਂ ਦੀ ਕੌਮ ਨੂੰ ਮੁੜ ਤੋਂ ਪ੍ਰਬੰਧ ਦੀ ਸੰਭਾਲ ਦਿਵਾਉਣ ਨੂੰ ਵੀ ਕੌਮੀ ਏਜੰਡੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਜੀਕੇ ਨੇ ਕਿਹਾ ਕਿ ਇੱਕ ਹੀ ਸਥਾਨ ਲਈ 2 ਸੌਣ ਪਾਲਕੀ ਸਾਹਿਬ ਲੈ ਕੇ ਜਾਣ ਦਾ ਕੋਈ ਮਤਲਬ ਨਜ਼ਰ ਨਹੀਂ ਆਉਂਦਾ ਹੈਂ। ਉਹ ਵੀ ਤਦ ਜਦੋਂ ਗੁਰੂ ਸਾਹਿਬ ਨੇ ਜ਼ਰੂਰਤਮੰਦ ਦੀ ਸੇਵਾ ਕਰਨ ਨੂੰ ਹੀ ਅਸਲੀ ਧਰਮੀ ਕਾਰਜ ਹੋਣ ਦੀ ਗੱਲ ਕਹੀਂ ਹੋਵੇ। ਜੀਕੇ ਨੇ ਗੁਰੂ ਨਾਨਕ ਜੀ ਦੇ ਉਪਦੇਸ਼ ਜ਼ਿਆਦਾਤਰ ਦੇਸ਼ਾਂ ਦੇ ਸੰਵਿਧਾਨ ਦੇ ਮਸੌਦੇ ਵਿੱਚ ਸ਼ਾਮਿਲ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਰਾਬਰੀ, ਆਪਸ ਵਿੱਚ ਪਿਆਰ, ਨਫ਼ਰਤ ਤੋਂ ਦੂਰੀ, ਧਾਰਮਿਕ ਆਜ਼ਾਦੀ ਦੀ ਜ਼ਰੂਰਤ ਅਤੇ ਸਮਾਜਿਕ ਭੇਦਭਾਵ ਨਹੀਂ ਕਰਨ ਵਰਗੇ ਉਪਦੇਸ਼ਾਂ ਰਾਹੀ ਗੁਰੂ ਸਾਹਿਬ ਨੇ ਸਾਨੂੰ ਮਨੁੱਖਤਾਵਾਦੀ ਬਣਾਇਆ ਸੀ। ਪਰ ਨਗਰ ਕੀਰਤਨਾਂ ਦੀ ਇਸ ਹੋੜ ਨੇ ਸਾਨੂੰ ਸਵਾਰਥਵਾਦੀ ਬਣਾ ਦਿੱਤਾ ਹੈਂ, ਜੋ ਕਿ ਗੁਰੂ ਉਪਦੇਸ਼ਾਂ ਦੇ ਉਲਟ ਹੈ । ਇਸ ਲਈ ਸੌਣ ਪਾਲਕੀ ਉੱਤੇ ਖ਼ਰਚ ਹੋਣ ਵਾਲੇ ਪੈਸੇ ਨੂੰ ਜ਼ਰੂਰਤਮੰਦ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ ।
ਜੀਕੇ ਨੇ ਨਗਰ ਕੀਰਤਨ ਸਜਾਉਣ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਤੇ ਸਿੱਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਵੀ ਸਰਕਾਰੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਸਿੱਖ ਸੰਸਥਾਵਾਂ ਨੂੰ ਸਾਂਝਾ ਪ੍ਰੋਗਰਾਮ ਤਿਆਰ ਕਰਨ ਦੀ ਸਲਾਹ ਦਿੱਤੀ। ਕਿਉਂਕਿ ਸਿੱਖ ਇਤਿਹਾਸ ਦੀ ਇਹਨਾਂ ਅਨਮੋਲ ਧਰੋਹਰਾਂ ‘ਤੇ ਗੁਰੂ ਸਾਹਿਬ ਦੇ ਆਗਮਨ ਦੇ ਸਬੂਤਾਂ ਨੂੰ ਝੂਠਲਾਉਣ ਦੇ ਮਕਸਦ ਨਾਲ ਉਕਤ ਸਥਾਨਾਂ ਉੱਤੇ ਸਿੱਖਾਂ ਨੂੰ ਆਪਣੀ ਧਾਰਮਿਕ ਆਸਥਾ ਪੁਰੀ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦਾ ਉਨ੍ਹਾਂ ਦੀ ਅਪੀਲ ਉੱਤੇ ਨਗਰ ਕੀਰਤਨ ਦੀ ਤਜਵੀਜ਼ ਤਾਰੀਖ਼ ਨੂੰ 30 ਤੋਂ 13 ਅਕਤੂਬਰ ਕਰਨ ਲਈ ਧੰਨਵਾਦ ਵੀ ਕੀਤਾ।