ਬਰਮਿੰਘਮ – ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋਂ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ। ਲਗਭਗ ਸੌ ਕੁ ਸਾਈਕਲ ਚਾਲਕਾਂ ਨੇ 28 ਜੁਲਾਈ ਨੂੰ ਸਵੇਰੇ ਅੱਠ ਵਜੇ ਬਰਮਿੰਘਮ ਦੇ ਸਮੈਦਿਕ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਕਵੈਂਟਰੀ, ਡਾਵੈਂਟਰੀ, ਅਤੇ ਮਿਲਟਨ ਕੀਨ ਹੁੰਦੇ ਹੋਏ ਰਾਤ ਨੂੰ ਲੂਟਨ ਪਹੁੰਚੇ, ਰਾਤ ਗੁਰਦੁਆਰਾ ਸਾਹਿਬ ਰੁਕਣ ਤੋਂ ਬਾਅਦ 29 ਜੁਲਾਈ ਨੂੰ ਸੇਂਟ ਅਲਬਾਨਜ, ਰੈਡਲੈੱਟ, ਐਲਸਟਰੀ ਅਤੇ ਹੈਰੋ ਹੁੰਦੇ ਹੋਏ ਸਾਊਥਾਲ ਪਹੁੰਚੇ। ਸਾਰੇ ਰਾਈਡਰ, ਵੋਲੰਟੀਅਰ, ਪ੍ਰਬੰਧਕ ਬਰਾਡਵੇਅ ਤੇ ਡੀ ਜੇ ਲਾਕੇ ਭੰਗੜੇ ਪਾਉਂਦੇ ਹੋਏ ਸਾਊਥਾਲ ਪਾਰਕ ਵਿੱਚ ਗਏ, ਜਿੱਥੇ ਸਾਰੇ ਚਾਲਕਾ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ।
ਸਾਕਾ ਵੱਲੋ ਬੌਬੀ, ਹਾਰਮੀ, ਪਾਲਾ ਤੇ ਦੇਵ ਨੇ ਦੱਸਿਆ ਕਿ ਇਹ ਰਾਈਡ ਪਿਛਲੇ 35 ਵਰਿਆਂ ਤੋਂ ਲਗਾਤਾਰ ਚਲ ਰਹੀ ਹੈ ਤੇ ਹੁਣ ਤੱਕ ਬੱਚਿਆਂ ਦੀਆਂ ਚੈਰਿਟੀਆਂ ਲਈ ਛੇ ਲੱਖ ਤੋਂ ਵੱਧ ਪਾਉਂਡ ਇੱਕਠੇ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਬਰਮਿੰਘਮ ਚਿਲਡਰਨ ਹਾਸਪਿਟਲ ਲਈ ਵੀਹ ਹਜਾਰ ਪਾਉਂਡ ਇਕੱਤਰ ਹੋਏ ਸਨ, ਇਸ ਵਾਰ ਦੇ ਦਾਨ ਨਾਲ ਸਾਕਾ ਸਮਾਈਲ ਬੱਸ ਖਰੀਦੀ ਜਾਵੇਗੀ ਜਿਹੜੀ ਕਿ ਡਿਸਬਿਲਟੀ ਚੈਰਿਟੀਜ ਲਈ ਵਰਤੀ ਜਾਵੇਗੀ।ਸਾਰੇ ਹੀ ਹਿੱਸਾ ਲੈਣ ਵਾਲਿਆਂ ਨੇ ਜਿੱਥੇ ਆਪਣੀ ਸਰੀਰਕ ਤੰਦਰੁਸਤੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਆਪਸ ਵਿੱਚ ਵੀ ਬਹੁਤ ਹੀ ਮਿਲਵਰਤਣ ਨਾਲ ਬੜਾ ਹੀ ਸੋਹਣਾ ਮਾਹੌਲ ਸਿਰਜਿਆ। ਪ੍ਰਬੰਧਕਾਂ ਵੱਲੋਂ ਸਿਹਤ ਅਤੇ ਸੁਰੱਖਿਆ ਦੇ ਬਹੁਤ ਹੀ ਚੰਗੇ ਪ੍ਰਬੰਧ ਸਨ। ਸਿੱਖ ਸੰਗਤਾਂ ਵੱਲੋਂ ਹਰ ਜਗਹ ਖਾਣ ਪੀਣ ਦੀ ਬਹੁਤ ਹੀ ਸੇਵਾ ਕੀਤੀ ਗਈ।