ਅਸੀਂ ਗੱਲ ਕਰ ਰਹੇ ਹਾਂ ਉਸ ਅਹਿਮ ਵਿਸ਼ੇ ਦੀ, ਜਿਸ ਦਾ ਅੱਜਕੱਲ੍ਹ ਹਰ 5ਵਾਂ ਵਿਅਕਤੀ ਸ਼ਿਕਾਰ ਹੋ ਰਿਹਾ ਹੈ। ਦੁਨੀਆਂ ਵਿਚ ਬਹੁਤ ਸਾਰੇ ਲੋਕ ਡਿਪਰੈਸ਼ਨ ਕਰਕੇ ਹੀ ਖੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਉਭਰਨਾਂ ਮਨੁੱਖ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਕੀ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਇਸ ਦਾ ਸ਼ਿਕਾਰ ਤਾਂ ਨਹੀਂ? ਡਿਪਰੈਸ਼ਨ ਇਕ ਮਾਨਸਿਕ ਸਥਿਤੀ ਹੈ, ਜਿਸ ਵਿਚ ਵਿਅਕਤੀ ਲੰਬੇ ਸਮੇਂ ਤੱਕ ਨਾਖ਼ੁਸ਼ ਰਹਿੰਦਾ ਹੈ। ਇਸ ਨਾਲ ਜ਼ਿੰਦਗੀ ਵਿਚ ਰੁਚੀ ਖ਼ਤਮ ਹੋਣ ਲੱਗ ਜਾਂਦੀ ਹੈ ਤੇ ਆਪਣੇ ਕੰਮਕਾਜ ਤੋਂ ਦਿਲ ਭਰ ਜਾਂਦਾ ਹੈ। ਇਸ ਦੀ ਕੋਈ ਉਮਰ ਨਹੀਂ। ਇਹ ਕਿਸੇ ਵੀ ਉਮਰ ਵਿਚ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਨਾ ਹੀ ਇਸ ਦਾ ਕੋਈ ਇਕ ਕਾਰਨ ਹੁੰਦਾ ਹੈ। ਕਈ ਮਿਲੇ-ਜੁਲੇ ਕਾਰਨ ਇਸ ਨੂੰ ਆਪਣੀ ਜ਼ਿੰਦਗੀ ਵਿਚ ਲੈ ਆਉਂਦੇ ਹਨ। ਉਦਾਹਰਣ ਦੇ ਤੌਰ ਤੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਸਫਲ ਹੋਣ ਦੇ ਮਕਸਦ ਨੂੰ ਲੈ ਕੇ ਗੰਭੀਰ ਹੋ ਜਾਂਦੇ ਹਨ।
ਕਾਮਯਾਬੀ ਦਾ ਸਿਧਾਂਤ ਹੀ ਸੰਘਰਸ਼ ਅਤੇ ਮਿਹਨਤ ਹੈ, ਜੇਕਰ ਕਿਸੇ ਕਾਰਨ ਕਰਕੇ ਵਿਅਕਤੀ ਦੀ ਸਫਲਤਾ ਦੇ ਰਾਹ ਵਿਚ ਵੱਡੇ ਰੋੜੇ ਬਣ ਜਾਂਦੇ ਹਨ ਤੇ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਇਸ ਵਿਚ ਸਫਲ ਨਹੀਂ ਹੋ ਸਕਦਾ, ਤਾਂ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਦੁਨੀਆ ਵਿਚ ਬਹੁਤ ਬਦਕਿਸਮਤ ਹੈ ਤੇ ਇਹ ਨਿਰਾਸ਼ਾ ਉਸ ਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਲੈਂਦੀ ਹੈ। ਪਰੰਤੂ ਇਹ ਗੱਲ ਠੀਕ ਨਹੀਂ ਹੈ ਕਿਸੇ ਕੰਮ ਵਿਚ ਅਸਫਲ ਹੋਣ ਨਾਲ ਕਿਸੇ ਦੀ ਜ਼ਿੰਦਗੀ ਰੁਕ ਨਹੀਂ ਜਾਂਦੀ, ਇਹ ਚੱਲਦੀ ਰਹਿੰਦੀ ਹੈ। ਸਮੇਂ ਨਾਲ ਸਾਨੂੰ ਆਪਣੇ ਆਪ ਨੂੰ ਇਸ ਵਿਚੋਂ ਉਭਾਰਨ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਸ ਵਿਚ ਅਸਮਰਥ ਰਹੇ ਤਾਂ ਇਹ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਹੈ। ਇਹ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਵਿਅਕਤੀ ਕਦੋਂ ਡਿਪਰੈਸ਼ਨ ਦੀ ਸਥਿਤੀ ਵਿਚ ਪਹੁੰਚਦਾ ਹੈ ਪਰੰਤੂ ਅਸੀਂ ਦੱਸਾਂਗੇ ਕੁਝ ਅਜਿਹੇ ਲੱਛਣ, ਜਿਨ੍ਹਾਂ ਤੋਂ ਸਾਫ਼ ਹੋ ਜਾਵੇਗਾ ਕੀ ਤੁਸੀਂ ਅਸਲ ਵਿਚ ਡਿਪਰੈਸ਼ਨ ਵੱਲ ਜਾ ਰਹੇ ਹੋ ਜਾਂ ਇਹ ਮਾਤਰ ਕਿਸੇ ਤਣਾਅ ਦਾ ਹਿੱਸਾ ਹੈ। ਜੇਕਰ ਤੁਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ ਅਤੇ ਗੱਲ-ਗੱਲ ਤੇ ਗ਼ੁੱਸਾ ਕਰ ਰਹੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਹੈ। ਲੱਗਪਗ ਹਰੇਕ ਵਿਅਕਤੀ ਦੀ ਗੱਲ ਤੋਂ ਚਿੜਚਿੜਾਪਣ ਹੋਣਾ ਜਾਂ ਕਿਸੇ ਵਿਅਕਤੀ ਦੀ ਗੱਲ ਦਾ ਜਵਾਬ ਦੇਣ ਵਿਚ ਤੁਸੀਂ ਆਪਣੇ ਆਪ ਨੂੰ ਗ਼ੁੱਸੇ ਨਾਲ ਭਰਿਆ ਪਾਉਂਦੇ ਹੋ ਜਾਂ ਭਾਰ ਮਹਿਸੂਸ ਕਰਦੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲੱਛਣ ਹੈ। ਜੇਕਰ ਤੁਸੀਂ ਕਈ ਘੰਟਿਆਂ ਤੱਕ ਸੌਂ ਨਹੀਂ ਪਾ ਰਹੇ ਜਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਤੁਹਾਡੀ ਅੱਖ ਖੁੱਲ ਜਾਂਦੀ ਹੈ। ਜੇਕਰ ਤੁਸੀਂ ਥੋੜ੍ਹਾ ਜਿਹਾ ਕੰਮ ਕਰਕੇ ਆਪਣੇ ਆਪ ਨੂੰ ਬਹੁਤ ਥੱਕਿਆ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰੇ ਦੀ ਘੰਟੀ ਹੈ। ਤੁਸੀਂ ਇਸ ਦੀ ਤੁਲਨਾ ਆਪਣੇ ਬੀਤੇ ਦਿਨਾਂ ਨਾਲ ਆਸਾਨੀ ਨਾਲ ਕਰ ਸਕਦੇ ਹੋ। ਛੋਟੇ ਤੋਂ ਛੋਟੇ ਕੰਮ ਨੂੰ ਪੂਰਾ ਕਰਨ ਵਿਚ ਤੁਸੀਂ ਜੇਕਰ ਬਹੁਤ ਜ਼ਿਆਦਾ ਸਮਾਂ ਲੈ ਰਹੇ ਹੋ ਜਾਂ ਉਸ ਨੂੰ ਕਰਨ ਵਿਚ ਤੁਸੀਂ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦੇ ਹੋ, ਉਦਾਹਰਣ ਦੇ ਤੌਰ ਤੇ ਕਾਰ ਨੂੰ ਹੌਲੀ ਚਲਾਉਣਾ ਜਾਂ ਛੋਟੀ-ਛੋਟੀ ਗੱਲ ਨੂੰ ਲੈ ਕੇ ਗ਼ੱਲਤ ਖ਼ਿਆਲ ਆਉਣਾ ਜਾਂ ਡਰਦੇ ਰਹਿਣਾ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਲੱਛਣਾਂ ਨੂੰ ਕੁਝ ਸਮੇਂ ਤੋਂ ਮਹਿਸੂਸ ਕਰ ਰਹੇ ਹੋ ਤਾਂ ਇਹ ਥੋੜ੍ਹੇ ਬਹੁਤ ਤਣਾਅ ਕਰਕੇ ਹੋ ਸਕਦਾ ਹੈ ਪਰੰਤੂ ਜੇਕਰ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਇਹ ਸੱਭ ਕੁਝ ਝੱਲ ਰਹੇ ਹੋ ਤਾਂ ਤੁਹਾਨੂੰ ਤੁਰੰਤ ਇਕ ਚੰਗੇ ਕਾਉਂਸਲਰ ਦੀ ਲੋੜ ਹੈ।
ਤਣਾਅ ਦਾ ਇਕ ਸਪੱਸ਼ਟ ਕਾਰਨ ਹੁੰਦਾ ਹੈ ਪਰੰਤੂ ਡਿਪਰੈਸ਼ਨ ਦੇ ਕਈ ਕਾਰਣ ਹੋ ਸਕਦੇ ਹਨ। ਡਿਪਰੈਸ਼ਨ ਦਾ ਸੱਭ ਤੋਂ ਅਹਿਮ ਲੱਛਣ ਹੈ ਖ਼ੁਦਕੁਸ਼ੀ ਬਾਰੇ ਵਿਚਾਰਨਾ। ਜੇਕਰ ਤੁਹਾਡਾ ਕੋਈ ਸਾਥੀ ਅਜਿਹੀ ਗੱਲ ਕਰਦਾ ਹੈ ਤਾਂ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰਕੇ ਉਸ ਨੂੰ ਚੰਗੇ ਮਾਹਿਰ ਕਾਉਂਸਲਰ ਕੋਲ ਲਿਜਾਣਾ ਚਾਹੀਦਾ ਹੈ। ਡਿਪਰੈਸ਼ਨ ਦੀ ਬਿਮਾਰੀ ਅੱਜ ਦੀ ਨਹੀਂ ਬਲਕਿ ਇਹ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਦਾ ਪ੍ਰਭਾਵ ਅੱਜ 21ਵੀ ਸਦੀ ਵਿਚ 10 ਗੁਣਾ ਵੱਧ ਗਿਆ ਹੈ। ਸਿਆਣੇ ਕਹਿੰਦੇ ਹਨ ਕਿ ਉਨ੍ਹਾਂ ਦੇ ਸਮਿਆਂ ਦੌਰਾਨ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਨਾਂਅ ਤੱਕ ਨਹੀਂ ਸੀ, ਪਰੰਤੂ ਅੱਜ ਹਰ ਤੀਜੇ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਹੋਣਾ ਗੂੜ੍ਹੀ ਚਿੰਤਾ ਦਾ ਵਿਸ਼ਾ ਹੈ, ਜੋ ਡਿਪਰੈਸ਼ਨ ਦਾ ਹੀ ਇਕ ਹਿੱਸਾ ਮੰਨਿਆ ਜਾ ਸਕਦਾ ਹੈ। ਯਾਦ ਰੱਖੋ ਕਿ ਦੁਨੀਆਂ ਵਿਚ ਅਜਿਹੀ ਕੋਈ ਸਥਿਤੀ ਜਾਂ ਕਹਿ ਲਵੋ ਦਿੱਕਤ ਨਹੀਂ, ਜਿਸ ਦਾ ਹੱਲ ਨਾ ਹੋਵੇ। ਇਸ ਦੁਨੀਆਂ ਵਿਚ ਸਭ ਕੁਝ ਮੁਮਕਿਨ ਹੈ। ਆਪਣੇ ਆਪ ਨੂੰ ਲੰਬੇ ਸਮੇਂ ਤੱਕ ਨਿਰਾਸ਼ ਨਾ ਰਹਿਣ ਦਵੋਂ। ਡਿਪਰੈਸ਼ਨ ਦੀ ਅਗਲੀ ਸਟੇਜ ਵਿਚ ਪਹੁੰਚਣ ਤੋਂ ਪਹਿਲਾਂ ਹੀ ਤੁਸੀਂ ਚੰਗੇ ਕਾਉਂਸਲਰ ਤੋਂ ਮੈਡੀਕਲ ਸਹਾਇਤਾ ਲਵੋ ਤੇ ਆਪਣੇ ਆਪ ਨੂੰ ਜਿੰਨਾ ਹੋ ਸਕੇ ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਹੋਇਆ ਰੱਖੋਂ। ਜੇਕਰ ਡਿਪਰੈਸ਼ਨ ਦੇ ਲੱਛਣਾਂ ਦੌਰਾਨ ਤੁਸੀਂ ਕਿਸੇ ਨਸ਼ੇ ਦਾ ਸੇਵਨ ਕਰਦੇ ਹੋ ਤਾਂ ਉਸ ਨੂੰ ਮੈਡੀਕਲ ਸਹਾਇਤਾ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰੋਂ। ਰੋਜ਼ ਸਵੇਰੇ ਉੱਠ ਕੇ ਸੈਰ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਤੁਹਾਡੇ ਫੇਫੜਿਆਂ ਵਿਚ ਤਾਜ਼ਾ ਹਵਾ ਜਾਵੇਗੀ ਤੇ ਯੋਗਾ ਜਾਂ ਕਸਰਤ ਕਰਨ ਨਾਲ ਤੁਹਾਡੇ ਸਰੀਰ ਵਿਚ ਮੈਟਾਬੋਲਿਜ਼ਮ ਵਧੇਗਾ। ਜਿਸ ਨਾਲ ਤੁਸੀਂ ਦਿਨ ਵਿਚ ਆਪਣੇ ਆਪ ਨੂੰ ਤਰੋਤਾਜ਼ਾ ਤੇ ਬਿਮਾਰੀਆਂ ਤੋਂ ਮੁਕਤ ਮਹਿਸੂਸ ਕਰੋਗੇ।