ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਯਾਰੀਆਂ ਕੱਚੀਆਂ ਹੀ ਹਨ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਚ ਅਰੁਣ ਜੇਤਲੀ ਰਾਹੀਂ ਸ਼ਾਮਲ ਹੋਇਆ ਸੀ। ਅਰੁਣ ਜੇਤਲੀ ਹੀ ਉਸਦੀ ਥਾਂ ਤੇ ਅੰਮਿ੍ਰਤਸਰ ਤੋਂ ਲੋਕ ਸਭਾ ਦੀ ਚੋਣ ਲੜਿਆ ਸੀ। ਉਸਨੇ ਹੀ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਬੇੜੀ ਵਿਚ ਵੱਟੇ ਪਾਏ ਸਨ। ਏਸੇ ਤਰ੍ਹਾਂ ਕਾਂਗਰਸ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ ਸ਼੍ਰੀ ਰਾਹੁਲ ਗਾਂਧੀ ਅਤੇ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਰਾਹੀਂ ਸ਼ਾਮਲ ਹੋਇਆ ਸੀ ਪ੍ਰੰਤੂ ਉਹ ਦੋਵੇਂ ਉਸਦਾ ਮੰਤਰੀ ਮੰਡਲ ਦਾ ਅਹੁਦਾ ਨਹੀਂ ਬਚਾ ਸਕੇ। ਉਸਨੂੰ ਸਟਾਰ ਪ੍ਰਚਾਰਕ ਬਣਾਕੇ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਬੁਲਾਉਂਦੇ ਰਹੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਬੇਕਦਰਾਂ ਨਾਲ ਯਾਰੀ ਲਾਈ ਹੈ ਜਿਹੜੀ ‘‘ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ।’’ ਕਹਾਵਤ ਉਸ ਤੇ ਪੂਰੀ ਢੁਕਦੀ ਹੈ। ਉਸਦਾ ਪੰਜਾਬ ਮੰਤਰੀ ਮੰਡਲ ਵਿਚੋਂ ਦਿੱਤਾ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨ ਕਰਨਾ ਕਾਂਗਰਸ ਪਾਰਟੀ ਅਤੇ ਨਵਜੋਤ ਸਿੰਘ ਸਿੱਧੂ ਦੋਹਾਂ ਲਈ ਘਾਟੇ ਦਾ ਸੌਦਾ ਸਾਬਤ ਹੋਵੇਗਾ।
ਨਵਜੋਤ ਸਿੰਘ ਸਿੱਧੂ ਦੀ ਵਿਰਾਸਤ ਵੀ ਸਿਆਸੀ ਹੈ। ਉਹ ਤਿੰਨ ਵਾਰ ਸੰਸਦ ਦਾ ਅਤੇ ਇਕ ਵਾਰ ਵਿਧਾਨ ਸਭਾ ਦਾ ਮੈਂਬਰ ਰਿਹਾ ਪ੍ਰੰਤੂ ਸਿਆਸਤ ਦੀ ਬਾਰੀਕੀ ਨੂੰ ਸਮਝ ਹੀ ਨਹੀਂ ਸਕਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਦੇ ਆਪਣੇ ਸਾਥੀ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕਾਂਗਰਸ ਪਾਰਟੀ ਅਤੇ ਨਵਜੋਤ ਸਿੰਘ ਸਿੱਧੂ ਲਈ ਭਾਰੀ ਪੈਂਦੀ ਦਿਸ ਰਹੀ ਹੈ। ਵਿਭਾਗਾਂ ਦੀ ਤਬਦੀਲੀ ਵਿਚ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲੇ ਵਿਭਾਗ ਬਦਲਕੇ ਉਸਨੂੰ ਬਿਜਲੀ ਵਿਭਾਗ ਦੇ ਦਿੱਤਾ ਗਿਆ ਸੀ। ਉਸੇ ਦਿਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਰਾਜ਼ ਚਲੇ ਆ ਰਹੇ ਸਨ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਉਸਦਾ ਵਿਭਾਗ ਮੁੱਖ ਮੰਤਰੀ ਵੱਲੋਂ ਇਹ ਇਲਜ਼ਾਮ ਲਾ ਕੇ ਬਦਲਣਾ ਕਿ ਸ਼ਹਿਰੀ ਹਲਕਿਆਂ ਵਿਚੋਂ ਲੋਕ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਇਸ ਕਰਕੇ ਹਾਰੇ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਚੰਗੀ ਨਹੀਂ ਸੀ। ਇੰਜ ਕਹਿਣਾ ਸਿੱਧਾ ਉਸਦੇ ਸਿਆਸੀ ਭਵਿਖ ਨੂੰ ਦਾਗ਼ੀ ਕਰਨਾ ਹੈ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਿਹੜੇ ਮੰਤਰੀਆਂ/ਵਿਧਾਨਕਾਰਾਂ ਦੇ ਹਲਕਿਆਂ ਵਿਚੋਂ ਲੋਕ ਸਭਾ ਦੇ ਉਮੀਦਵਾਰ ਹਾਰਨਗੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਵਿਭਾਗਾਂ ਦੀ ਫੇਰ ਬਦਲ ਵਿਚ 4 ਅਜਿਹੇ ਮੰਤਰੀਆਂ ਨੂੰ ਪਹਿਲਾਂ ਨਾਲੋਂ ਚੰਗੇ ਵਿਭਾਗ ਦੇ ਦਿੱਤੇ ਗਏ ਹਨ, ਜਿਨ੍ਹਾਂ ਦੇ ਆਪੋ ਆਪਣੇ ਹਲਕਿਆਂ ਵਿਚੋਂ ਕਾਂਗਰਸੀ ਉਮੀਦਵਾਰ ਹਾਰ ਗਏ ਸਨ। ਸਿੱਧੂ ਅਨੁਸਾਰ ਉਨ੍ਹਾਂ ਮੰਤਰੀਆਂ ਨੂੰ ਸਜ਼ਾ ਦੇਣ ਦੀ ਥਾਂ ਇਕੱਲੇ ਉਸਨੂੰ ਨਿਸ਼ਾਨਾ ਬਣਾਕੇ ਉਸਦਾ ਵਿਭਾਗ ਬਦਲ ਦਿੱਤਾ ਗਿਆ, ਜਦੋਂਕਿ ਉਸਦੇ ਆਪਣੇ ਹਲਕੇ ਵਿਚੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਗਿਆ ਸੀ। ਨਵਜੋਤ ਸਿੰਘ ਸਿੱਧੂ ਨੇ ਸਿਰਫ ਇਕ ਵਾਰ ਪ੍ਰੈਸ ਕਾਨਫ਼ਰੰਸ ਕਰਕੇ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਦਾ ਖੁਲਾਸਾ ਕੀਤਾ, ਫਿਰ ਚੁੱਪ ਵੱਟ ਗਿਆ। ਵਿਭਾਗਾਂ ਦੀ ਤਬਦੀਲੀ ਤੋਂ ਪੂਰਾ ਇੱਕ ਮਹੀਨਾ ਨਵਜੋਤ ਸਿੰਘ ਸਿੱਧੂ ਨੇ ਨਾ ਤਾਂ ਬਿਜਲੀ ਵਿਭਾਗ ਦਾ ਕੰਮ ਸੰਭਾਲਿਆ ਅਤੇ ਨਾ ਹੀ ਕੋਈ ਬਿਆਨਬਾਜ਼ੀ ਕੀਤੀ। ਦਿੱਲੀ ਆਪਣੇ ਆਕਾਵਾਂ ਨਾਲ ਬਾਵਾਸਤਾ ਰਿਹਾ। ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਾਰ ਨਵਜੋਤ ਸਿੰਘ ਸਿੱਧੂ ਲਈ ਮੁਸ਼ਕਲਾਂ ਦਾ ਤੂਫ਼ਾਨ ਲੈ ਕੇ ਆਈ। ਸਟਾਰ ਪ੍ਰਚਾਰਕ ਦਾ ਸਾਰਾ ਨਸ਼ਾ ਖੰਭ ਲਾ ਕੇ ਉਡ ਗਿਆ ਕਿਉਂਕਿ ਪਾਰਟੀ ਪੰਜਾਬ ਅਤੇ ਤਾਮਿਲਨਾਡੂ ਤੋਂ ਬਿਨਾ ਸਾਰੇ ਦੇਸ਼ ਵਿਚ ਬੁਰੀ ਤਰ੍ਹਾਂ ਹਾਰ ਗਈ। ਜਿਸ ਦਿਨ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ, ਉਸ ਦਿਨ ਤੋਂ ਹੀ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਗਰਦਸ਼ ਵਿਚ ਚਲੇ ਗਏ ਕਿਉਂਕਿ ਹਾਰ ਦੀ ਨਮੋਸ਼ੀ ਕਰਕੇ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਵੀ ਸਲਾਹ ਦੇਣ ਦੇ ਸਮਰੱਥ ਨਹੀਂ ਰਿਹਾ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਚੋਂ 8 ਲੋਕ ਸਭਾ ਦੀਆਂ ਸੀਟਾਂ ਜਿੱਤਣ ਨਾਲ ਉਸਦਾ ਸਟੇਟਸ ਕਾਂਗਰਸ ਪਾਰਟੀ ਵਿਚ ਉਚਾ ਹੋ ਗਿਆ ਸੀ। ਨਵਜੋਤ ਸਿੰਘ ਸਿੱਧੂ 10 ਜੂਨ 2019 ਨੂੰ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੂੰ ਦਿੱਲੀ ਵਿਚ ਮਿਲਿਆ, ਆਪਣੇ ਗਿਲੇ ਸ਼ਿਕਵੇ ਕੀਤੇ ਅਤੇ ਆਪਣਾ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਪ੍ਰੰਤੂ ਇਸ ਅਸਤੀਫ਼ੇ ਦੀ ਕਨਸੋਅ ਨਹੀਂ ਆਉਣ ਦਿੱਤੀ। ਰਾਹੁਲ ਗਾਂਧੀ ਨੇ ਸਿੱਧੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਗੱਲ ਨਹੀਂ ਕੀਤੀ ਪ੍ਰੰਤੂ ਸੀਨੀਅਰ ਕਾਂਗਰਸੀ ਨੇਤਾ ਜਿਸਨੂੰ ਕਾਂਗਰਸ ਪਾਰਟੀ ਦਾ ਸੰਕਟਮੋਚਨ ਕਿਹਾ ਜਾਂਦਾ ਹੈ, ਅਹਿਮਦ ਪਟੇਲ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਸਮਝੌਤਾ ਕਰਵਾਉਣ ਦੀ ਜ਼ਿੰਮੇਵਾਰੀ ਲਗਾਈ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਵਾਪਸ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਿ੍ਰਅੰਕਾ ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਦੁਆਰਾ ਮਿਲਿਆ, ਕਿਹਾ ਜਾਂਦਾ ਹੈ ਕਿ ਬਿਜਲੀ ਵਿਭਾਗ ਦੇ ਨਾਲ ਹੋਰ ਇਕ ਵਿਭਾਗ ਦੇਣ ਦੀ ਤਜ਼ਵੀਜ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਅਪ੍ਰਵਾਨ ਕਰ ਦਿੱਤਾ। ਉਹ ਆਪਣੇ ਪਹਿਲੇ ਵਿਭਾਗ ਲੈਣ ਤੇ ਹੀ ਅੜਿਆ ਰਿਹਾ। ਵਾਪਸ ਆ ਕੇ ਉਸਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਵਿਚ ਉਨ੍ਹਾਂ ਦੀ ਰਿਹਾਇਸ਼ ਤੇ ਚੰਡੀਗੜ੍ਹ ਪਹੁੰਚਾ ਦਿੱਤਾ । ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਾ ਪਹਿਲੇ ਦਿਨ ਤੋਂ ਹੀ ਛੱਤੀ ਦਾ ਅੰਕੜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਤੋਂ ਬਿਨਾ ਹੀ ਸਿੱਧਾ ਦਿੱਲੀ ਦੇ ਜ਼ੋਰ ਨਾਲ ਪਿ੍ਰਅੰਕਾ ਗਾਂਧੀ ਰਾਹੀਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਰਾਹੁਲ ਗਾਂਧੀ ਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਹੀ ਦੇ ਦਿੱਤਾ ਸੀ ਪ੍ਰੰਤੂ ਪਿ੍ਰਅੰਕਾ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਜਵਾਬ ਨਾ ਦੇ ਸਕੇ। ਅਸਲ ਵਿਚ ਨਵਜੋਤ ਸਿੰਘ ਸਿੱਧੂ ਸ਼ਾਰਟ ਕੱਟ ਮਾਰਕੇ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਸਨੂੰ ਮੰਤਰੀ ਮੰਡਲ ਵਿਚ ਵੀ ਦੂਜਾ ਸਥਾਨ ਨਾ ਦਿੱਤਾ। ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਅੰਦਰਖਾਤੇ ਖੁੰਦਕ ਖਾਈ ਬੈਠਾ ਸੀ। ਜਿਸ ਦਿਨ ਤੋਂ ਮੰਤਰੀ ਮੰਡਲ ਵਿਚ ਉਹ ਸ਼ਾਮਲ ਹੋਇਆ, ਉਸ ਦਿਨ ਤੋਂ ਹੀ ਗਾਹੇ ਵਗਾਹੇ ਕੋਈ ਨਾ ਕੋਈ ਕਲੇਸ਼ ਪੈਂਦਾ ਹੀ ਰਿਹਾ ਹੈ। ਅਸਲ ਵਿਚ ਜਦੋਂ ਕਿਸੇ ਸਿਆਸੀ ਪਾਰਟੀ ਵਿਚ ਪੈਰਾਸ਼ੂਟ ਨਾਲ ਕੋਈ ਦੂਜੀ ਪਾਰਟੀ ਤੋਂ ਨੇਤਾ ਆ ਕੇ ਹਰਮਨ ਪਿਆਰਾ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਪਾਰਟੀ ਦੇ ਸੀਨੀਅਰ ਨੇਤਾ ਉਸ ਨਾਲ ਖ਼ਾਰ ਖਾਣ ਲੱਗ ਜਾਂਦੇ ਹਨ। ਇਹੋ ਸਮੱਸਿਆ ਨਵਜੋਤ ਸਿੰਘ ਸਿੱਧੂ ਨਾਲ ਪੈਦਾ ਹੋਈ। ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ ਵਿਚ ਆਉਣ ਨਾਲ ਜਿਹੜੇ ਨੇਤਾ ਆਪਣੇ ਸੁਨਹਿਰੇ ਭਵਿਖ ਦੇ ਸੁਪਨੇ ਸਜਾਈ ਬੈਠੇ ਸਨ, ਉਹ ਸਾਰੇ ਨਵਜੋਤ ਸਿੰਘ ਸਿੱਧੂ ਦਾ ਅੰਦਰਖਾਤੇ ਵਿਰੋਧ ਕਰਦੇ ਸਨ। ਮੁੱਖ ਮੰਤਰੀ ਕੋਲ ਜਾ ਕੇ ਉਹ ਸਿੱਧੂ ਦੇ ਵਿਰੱਧ ਬੋਲਦੇ ਸਨ। ਸਿੱਧੂ ਦਾ ਬਿਨਾਂ ਵਜਾਹ ਹੀ ਬਹੁਤੀ ਬਿਆਨਬਾਜ਼ੀ ਕਰਨਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਵੰਗਾਰਨਾ ਸਿਆਣੇ ਤੇ ਸੂਝਵਾਨ ਸਿਆਸਤਦਾਨ ਵਾਲੀ ਗੱਲ ਨਹੀਂ ਕਿਹਾ ਜਾ ਸਕਦਾ। ਅਨੁਸ਼ਾਸ਼ਨ ਭੰਗ ਕਰਨਾ ਸਿੱਧੂ ਲਈ ਮਹਿੰਗਾ ਪਿਆ।
ਦਿੱਲੀ ਵਿਚ ਕਾਂਗਰਸ ਪਾਰਟੀ ਦੇ ਕਮਜ਼ੋਰ ਹੋਣ ਕਰਕੇ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਵਿਚ ਭਵਿਖ ਧੁੰਦਲਾ ਹੋ ਗਿਆ ਹੈ। ਇਹ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੌਮੀ ਪੱਧਰ ਤੇ ਕਾਂਗਰਸ ਪਾਰਟੀ ਵਿਚ ਕੋਈ ਅਹੁਦਾ ਦੇ ਦਿੱਤਾ ਜਾਵੇ ਪ੍ਰੰਤੂ ਉਸਦਾ ਪੰਜਾਬ ਦੀ ਸੇਵਾ ਕਰਨ ਦਾ ਸਪਨਾ ਫਿਲਹਾਲ ਚਕਨਾਚੂਰ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦਾ ਸਟਾਰ ਪ੍ਰਚਾਰਕ ਬਣਨਾ ਹੀ ਉਸ ਦੀਆਂ ਜੜ੍ਹਾਂ ਵਿਚ ਤੇਲ ਦੇ ਗਿਆ ਕਿਉਂਕਿ ਸਟਾਰ ਪ੍ਰਚਾਰਕ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੈਰ ਛੱਡ ਗਿਆ। ਇਮਾਨਦਾਰ ਹੋਣਾ ਇਕ ਵੱਡਾ ਗੁਣ ਹੈ ਪ੍ਰੰਤੂ ਅਨੁਸ਼ਾਸ਼ਨ ਦੀ ਉਲੰਘਣਾ ਕਰਨਾ ਵੱਡਾ ਨੁਕਸ ਹੈ। ਇਮਾਨਦਾਰੀ ਦੀ ਆੜ ਵਿਚ ਪਾਰਟੀ ਦਾ ਨੁਕਸਾਨ ਕਰਕੇ ਸਿੱਧੂ ਘਾਟੇ ਵਿਚ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਉਸਦੇ ਸਿਆਸੀ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਉਸਨੂੰ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਨਹੀਂ ਦਿੱਤਾ। ਲੋਕ ਸਭਾ ਚੋਣ ਦੇ ਅਖ਼ੀਰੀ ਗੇੜ ਵਿਚ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਦੀ ਆੜ ਵਿਚ ਉਹ ਬਠਿੰਡਾ ਅਤੇ ਗੁਰਦਾਸਪੁਰ ਚੋਣ ਜਲਸੇ ਕਰਨ ਲਈ ਗਿਆ । ਇਨ੍ਹਾਂ ਜਲਸਿਆਂ ਵਿਚ ਉਸਦੇ ਬਿਆਨਾ ਦੀ ਸ਼ਬਦਾਵਲੀ ਨੇ ਸਿਆਸੀ ਉਥਲ ਪੁਥਲ ਪੈਦਾ ਕਰ ਦਿੱਤੀ। ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਟ ਖਾ ਗਿਆ। ਉਸ ਬਿਆਨ ਦਾ ਇਵਜਾਨਾ ਨਵਜੋਤ ਸਿੰਘ ਸਿੱਧੂ ਨੂੰ ਭੁਗਤਣਾ ਪੈ ਗਿਆ। ਇਕ ਵਾਰ ਤਾਂ ਨਵਜੋਤ ਸਿੰਘ ਸਿੱਧੂ ਅਰਸ਼ ਤੋਂ ਫਰਸ਼ ਤੇ ਆ ਗਿਆ। ਭਵਿਖ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ।
ਕਾਂਗਰਸ ਪਾਰਟੀ ਲਈ ਅਜੇ ਸਮਾਂ ਖ਼ਤਰਿਆਂ ਨਾਲ ਭਰਿਆ ਹੋਇਆ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਉਸਦੇ ਵਿਧਾਨਕਾਰਾਂ ਨੂੰ ਆਪਣੇ ਵਿਚ ਸ਼ਾਮਲ ਕਰਕੇ ਕਾਂਗਰਸ ਦੀਆਂ ਸਰਕਾਰਾਂ ਡੇਗ ਰਹੀ ਹੈ। ਇਸ ਲਈ ਕਾਂਗਰਸ ਪਾਰਟੀ ਤਾਂ ਆਪਣੇ ਸਿਆਸੀ ਭਵਿਖ ਦੀ ਲੜਾਈ ਲੜ ਰਹੀ ਹੈ। ਉਹ ਨਵਜੋਤ ਸਿੰਘ ਸਿੱਧੂ ਦਾ ਪੱਲਾ ਫੜਨ ਦੇ ਸਮਰੱਥ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੂੰ ਭਾਵੇਂ ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ ਧੜਾ ਅਤੇ ਬੈਂਸ ਭਰਾ ਆਪੋ ਆਪਣੀਆਂ ਪਾਰਟੀਆਂ ਵਿਚ ਆਉਣ ਦੇ ਸੱਦੇ ਦੇ ਰਹੀਆਂ ਹਨ। ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਨ੍ਹਾਂ ਪਾਰਟੀਆਂ ਨੂੰ ਘਾਹ ਨਹੀਂ ਪਾਵੇਗਾ ਕਿਉਂਕਿ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਨੂੰ ਵੋਟਰਾਂ ਨੇ ਮੂੰਹ ਨਹੀਂ ਲਾਇਆ। ਪੀ.ਡੀ.ਏ.ਵੀ ਖਿੰਡ ਪੁੰਡ ਗਈ ਹੈ। ਦੂਜੇ ਇਨ੍ਹਾਂ ਪਾਰਟੀਆਂ ਰਾਹੀਂ ਉਹ ਮੁੱਖ ਮੰਤਰੀ ਨਹੀਂ ਬਣ ਸਕਦਾ ਕਿਉਂਕਿ ਇਹ ਪਾਰਟੀਆਂ ਤੀਜਾ ਬਦਲ ਨਹੀਂ ਬਣ ਸਕਦੀਆਂ। ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਭਾਰਤੀ ਜਨਤਾ ਪਾਰਟੀ ਵੀ ਨਵਜੋਤ ਸਿੰਘ ਸਿੱਧੂ ਨੂੰ ਦੁਆਰਾ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਵੇ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਇਕੱਲਿਆਂ ਚੋਣ ਲੜਨ ਦੇ ਮਨਸੂਬੇ ਬਣਾ ਰਹੀ ਹੈ। ਸਿਆਸਤ ਵਿਚ ਕੁਝ ਵੀ ਅਸੰਭਵ ਨਹੀਂ ਹੁੰਦਾ। ਭਾਰਤੀ ਜਨਤਾ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਭਾਸ਼ਣ ਕਲਾ ਅਤੇ ਅਕਾਲੀ ਦਲ ਦੇ ਵਿਰੁੱਧ ਹੋਣ ਦਾ ਲਾਭ ਉਠਾਕੇ ਪੰਜਾਬ ਵਿਧਾਨ ਸਭਾ ਦੀਆਂ 2022 ਵਿਚ ਹੋਣ ਵਾਲੀਆਂ ਚੋਣਾ ਵਿਚ ਵਰਤ ਲਵੇ। ਭਾਰਤੀ ਜਨਤਾ ਪਾਰਟੀ ਲਈ ਇਕ ਬੇਬਾਕ ਸਪੀਕਰ ਦਾ ਮੂੰਹ ਆਪਣੇ ਵੱਲੋਂ ਹਟਾਕੇ ਕਾਂਗਰਸ ਅਤੇ ਅਕਾਲੀ ਦਲ ਵਲ ਕਰਨ ਵਿਚ ਵੀ ਸਫਲ ਹੋ ਜਾਵੇਗੀ।