ਆ ਸੱਜਣਾ ਕੁੱਝ ਗੱਲਾਂ ਕਰੀਏ, ਗੱਲਾਂ ਕਰੀਏ ਪਿਆਰ ਦੀਆਂ।
ਦਿਲ ਵਿੱਚ ਦੱਬੀਆਂ ਹੋਈਆਂ ਯਾਦਾਂ, ਉਰਲੇ ਪਰਲੇ ਪਾਰ ਦੀਆਂ।
ਖੇਡੇ ‘ਕੱਠੇ,’ਕੱਠੇ ਪੜ੍ਹਦੇ, ‘ਕੱਠੇ ਹੋਏ ਜਵਾਨ ਅਸੀਂ,
ਬਚਪਨ ਦੇ ਵਿੱਚ ਪਾਈਆਂ ਆਪਾਂ, ਸਾਂਝਾਂ ਕੌਲ ਕਰਾਰ ਦੀਆਂ।
ਧਰਤੀ ਸਾਂਝੀ, ਦਰਿਆ ਸਾਂਝੇ, ਸਾਂਝੇ ਆਪਣੇ ਵਿਹੜੇ ਸੀ,
ਇੱਕ ਦੂਜੇ ਦੀਆਂ ਮਿੱਠੀਆਂ ਗੱਲਾਂ, ਸੀਨੇ ਸਾਡੇ ਠਾਰਦੀਆਂ।
ਸਾਡੇ ਪੀਰ ਪੈਗੰਬਰ ਸਾਂਝੇ, ਸਾਂਝਾ ਨਾਨਕ, ਬੁੱਲ੍ਹਾ ਵੀ,
ਸਾਂਝੀ ਬੋਲੀ, ਪਾਵੇ ਬਾਤਾਂ, ਸਾਂਝੇ ਸਭਿਆਚਾਰ ਦੀਆਂ।
ਅੰਮ੍ਰਿਤਸਰ ਵੀ ਆਪਣਾ ਸਾਂਝਾ, ਸਾਂਝਾ ਹੈ ਨਨਕਾਣਾ ਵੀ,
ਸਾਂਝੇ ਤੀਰਥ ਦੇਣ ਦੁਹਾਈਆਂ, ਸਾਂਝੇ ਇੱਕ ਓਂਕਾਰ ਦੀਆਂ।
ਤੇਰੇ ਮੇਰੇ ਸ਼ਾਤਰ ਹਾਕਮ, ਪਾਉਣ ਪੁਆੜੇ ਰਾਤ ਦਿਨੇ,
ਆ ਆਪਾਂ ਹੁਣ ਇੱਕ ਹੋ ਜਾਈਏ, ਛੱਡ ਗੱਲਾਂ ਤਕਰਾਰ ਦੀਆਂ।
ਸੁਖੀ ਵਸਾਂ ਮੈਂ ਉਰਲੇ ਪਾਸੇ, ਪਰਲੇ ਪਾਸੇ ਵੀਰਾ ਤੂੰ,
‘ਦੀਸ਼’ ਵਰਗੀਆਂ ਭੈਣਾਂ ਤੈਥੋਂ, ਜਿੰਦੜੀ ਬੀਬਾ ਵਾਰਦੀਆਂ।