ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਹੋਏ ਉਨਾਵ ਰੇਪ ਕਾਂਡ ਅਤੇ ਪੀੜਿਤ ਪ੍ਰੀਵਾਰ ਦੇ ਨਾਲ ਹੋਈ ਭਿਆਨਕ ਸੜਕ ਦੁਰਘਟਨਾ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਬਹੁਤ ਸਖਤ ਰਵਈਆ ਅਪਨਾ ਰਿਹਾ ਹੈ।ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀਜੇਆਈ ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਸੀਬੀਆਈ ਦੀ ਜੁਆਇੰਟ ਡਾਇਰੈਕਟਰ ਮੀਨਾ ਕੋਲੋਂ ਪੀੜਤ ਲੜਕੀ ਦੇ ਪਿਤਾ ਦੀ ਹਿਰਾਸਤ ਵਿੱਚ ਹੋਈ ਮੌਤ ਨੂੰ ਲੈ ਕੇ ਕਈ ਜਬਰਦਸਤ ਸਵਾਲ ਕੀਤੇ। ਅਦਾਲਤ ਨੇ ਇਹ ਵੀ ਪੁੱਛਿਆ ਕਿ 28 ਜੁਲਾਈ ਨੂੰ ਹਾਦਸੇ ਦੀ ਸ਼ਿਕਾਰ ਹੋਈ ਪੀੜਿਤਾ ਦੀ ਸਿਹਤ ਹੁਣ ਕਿਸ ਤਰ੍ਹਾਂ ਹੈ ਅਤੇ ਕੀ ਉਸ ਨੂੰ ਦਿੱਲੀ ਸ਼ਿਫਟ ਕੀਤਾ ਜਾ ਸਕਦਾ ਹੈ?
ਸੀਜੇਆਈ ਨੇ ਉਨ੍ਹਾਂ ਨੂੰ ਕਿਹਾ, ‘ਕੀ ਆਰਮਸ ਐਕਟ ਵਿੱਚ ਪੀੜਿਤਾ ਦੇ ਪਿਤਾ ਦੀ ਗ੍ਰਿਫ਼ਤਾਰੀ ਹੋਈ ਸੀ? ਕੀ ਪੀੜਿਤਾ ਦੇ ਪਿਤਾ ਦੀ ਮੌਤ ਹਿਰਾਸਤ ਵਿੱਚ ਹੋਈ ਸੀ? ਹਿਰਾਸਤ ਵਿੱਚ ਲੈਣ ਦੇ ਕਿੰਨੇ ਚਿਰ ਬਾਅਦ ਉਸਦੀ ਮੌਤ ਹੋਈ ਸੀ?’ ਸੁਪਰੀਮ ਕੋਰਟ ਨੇ ਪੀੜਿਤ ਦੀ ਹੈਲਥ ਰਿਪੋਰਟ ਵੀ ਬਹੁਤ ਜਲਦੀ ਪੇਸ਼ ਕਰਨ ਲਈ ਕਿਹਾ। ਬੈਂਚ ਨੇ ਇਹ ਵੀ ਪੁੱਛਿਆ ਕਿ ਕੀ ਜਖਮੀ ਲੜਕੀ ਨੂੰ ਹੁਣੇ ਏਅਰਲਿਫ਼ਟ ਕਰਵਾ ਕੇ ਦਿੱਲੀ ਦੇ ਐਮਸ ਵਿੱਚ ਭਰਤੀ ਕਰਵਾਇਆ ਜਾ ਸਕਦਾ ਹੈ?
ਵਰਨਣਯੋਗ ਹੈ ਕਿ ਰੇਪ ਪੀੜਿਤਾ ਦੇ ਪਿਤਾ ਨੂੰ ਰੇਪ ਕਾਂਡ ਦੇ ਆਰੋਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਿਆ ਸੀ ਅਤੇ ਫਿਰ ਇਲਲੀਗਲ ਹੱਥਿਆਰ ਰੱਖਣ ਦੇ ਜੁਰਮ ਵਿੱਚ ਜੇਲ੍ਹ ਭਿਜਵਾ ਦਿੱਤਾ ਸੀ ਅਤੇ ਜੇਲ੍ਹ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ। ਸੀਬੀਆਈ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਸੀ ਕਿ ਪੁਲਿਸ ਨੇ ਪੀੜਿਤਾ ਦੇ ਪਿਤਾ ਨੂੰ ਗੈਰਕਾਨੂੰਨੀ ਹੱਥਿਆਰ ਰੱਖਣ ਦੇ ਮਾਮਲੇ ਵਿੱਚ ਝੂਠੇ ਕੇਸ ਵਿੱਚ ਫਸਾਇਆ ਸੀ।