ਇਹ ਗੱਲ ਬੇਹੱਦ ਸੰਤੁਸ਼ਟੀ ਤੇ ਖੁਸ਼ੀ ਵਾਲੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਪਾਰਟੀ ਪੱਧਰ ਤੋਂ ਉਪਰ ਉਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਮਿਲ ਕੇ ਸਾਂਝੇ ਤੌਰ ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀਆਂ ਹਨ। ਇਸ ਪਵਿੱਤਰ ਕਾਰਜ ਲਈ ਪਹਿਲ ਕਦਮੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਾਂਝੇ ਤੌਰ ਤੇ ਕੀਤੀ,ਉਨ੍ਹਾਂ ਨੂੰ ਵਧਾਈ, ਮੁੱਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਨੇ ਇਕ ਦਮ ਹਾਂ–ਪੱਖੀ ਹੁੰਗਾਰਾ ਦਿੱਤਾ, ਉਨ੍ਹਾਂ ਦੀ ਵੀ ਸ਼ਲਾਘਾ ਕਰਦੇ ਹਾਂ। ਦੋਨਾਂ ਧਿਰਾਂ ਵਲੋਂ ਤਾਲਮਾਲ ਲਈ ਸਬ-ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ । ਹੁਣ ਪੂਰੀ ਸੁਹਿਰਦਿਗੀ ਤੇ ਇਮਾਨਦਾਰੀ ਨਾਲ ਸਾਰੇ ਸਮਾਗਮ ਸਾਂਝੇ ਤੌਰ ਤੇ ਮਨਾਏ ਜਾਣ।
ਪਰ ਅੱਜਕਲ ਦੇਖਣ ਵਿਚ ਆ ਰਿਹਾ ਹੈ ਕਿ ਹਰ ਗੱਲ ਜਾਂ ਮੁਦੇ ‘ਤੇ ਸਿਆਸਤ ਹੋ ਰਹੀ ਹੈ। ਇਸ ਪਵਿੱਤਰ ਕਾਰਜ ਸਮੇਂ ਕਰਤਾਰਪੁਰ ਸਾਹਿਬ ਲਾਂਘੇ ਤੇ ਹੁਣ ਤਕ ਸਿਆਸਤ ਹੋ ਰਹੀ ਹੈ। ਅਕਾਲੀ ਤੇ ਕਾਂਗਰਸੀ ਲੀਡਰ ਇਸ ਦਾ ਸਿਹਰਾ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ, ਦੂਜੇ ਦੀ ਨੁਕਤਾਚੀਨੀ ਕਰ ਰਹੇ ਹਨ। ਇਹ ਲਾਂਘਾ ਗੁਰੂ ਸਾਹਿਬ ਨੇ ਆਪਣੀਆਂ ਲੱਖਾਂ- ਕਰੋੜਾਂ ਸ਼ਰਧਾਲੂ ਸੰਗਤਾਂ ਦੀਆਂ ਅਰਦਾਸਾਂ ਸੁਣ ਕੇ ਆਪ ਸ਼ੁਰੂ ਕਰਵਾਇਆ ਹੈ। ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਨੂੰ ਨਾਲ ਲੈ ਕੇ ਅਰਦਾਸ ਦੀ ਸ਼ੁਰੂਆਤ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕੀਤੀ ਸੀ। ਵੈਸੇ ਇਸ ਲਾਂਘੇ ਲਈ ਕਾਰਵਾਈ ਪਾਕਿਸਤਾਨ ਸਰਕਾਰ ਨੇ ਪਹਿਲ ਕੀਤੀ ਹੈ, ਉਹ ਇਨਕਾਰ ਕਰ ਦਿੰਦੇ ਤਾਂ ਕੁਝ ਨਹੀਂ ਹੋਣਾ ਸੀ।
ਇਸ ਪੱਤਰਕਾਰ ਨੂੰ ਸਾਲ 2004 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400-ਸਾਲਾ ਪ੍ਰਕਾਸ਼ ਸਮਾਗਮਾਂ ਦੀ ਯਾਦ ਹੈ ਕਿ ਜਦੋਂ ਦੋਵਾਂ ਪਾਸਿਆਂ ਤੋਂ ਸਿਆਸਤ ਖੇਡੀ ਗਈ। ਦਾਸ ਉਨ੍ਹਾਂ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਵਜੋੰ ਸੇਵਾ ਕਰ ਰਿਹਾ ਸੀ ਤੇ ਸਾਰਾ ਡਰਾਮਾ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ 31 ਮਾਰਚ ਰਾਤ ਨੂੰ ਚੜ੍ਹਾਈ ਕਰ ਗਏ ਸਨ। ਸਰਦਾਰ ਪੱਖੋਕੇ ਕਾਰਜਕਾਰੀ ਪ੍ਰਧਾਨ ਸਨ, ਪਰ ਸਮਾਗਮਾਂ ਲਈ ਸਾਰੀ ਜ਼ਿਮੇਵਾਰੀ ਸ.ਪ੍ਰਕਾਸ ਸਿੰਘ ਬਾਦਲ ਦੀ ਸੀ। ਮੁੱਖ ਸਮਾਗਮ ਤੋਂ ਇੱਕ ਦਿਨ ਪਹਿਲਾਂ 31 ਅਗੱਸਤ ਨੂਂ ਤਤਕਾਲੀ ਰਾਸ਼ਟ੍ਰਪਤੀ ਡਾ. ਏ.ਪੀ.ਜੇ. ਕਲਾਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ। ਸਮਾਗਮ ਦਾ ਪਰਬੰਧ ਘੰਟਾ ਘਰ ਵਾਲੇ ਪਾਸੇ ਸੂਚਨਾ ਦਫ਼ਤਰ ਦੇ ਸਾਹਮਣੇ ਰੱਖਿਆ ਗਿਆ। ਪ੍ਰੋਟੋਕੋਲ ਨਾਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਸ਼ਟ੍ਰਪਤੀ ਦੇ ਨਾਲ ਆਏ ਸਨ। ਸ.ਬਾਦਲ ਨੇ ਰਸ਼ਟ੍ਰਪਤੀ ਜੀ ਦਾ ਸਵਾਗਤ ਕੀਤਾ,ਪਰ ਮੁੱਖ ਮੰਤਰੀ ਵਲ ਵੇਖਿਆ ਵੀ ਨਹੀਂ। ਰਾਸ਼ਟ੍ਰਪਤੀ ਜੀ ਨੇ ਖੁਦ ਸ. ਬਾਦਲ ਤੇ ਕੈਪਟਨ ਸਾਹਿਬ ਦਾ ਹੱਥ ਫ਼ੜ ਕੇ ਜ਼ਬਰਦਸਤੀ ਹੱਥ ਮਿਲਾਇਆ। ਮੁੱਖ ਮੰੰਤਰੀ ਨੂੰ ਕੁਰਸੀ ਵੀ ਮੰਚ ਦੇ ਇਕ ਪਾਸੇ ਜਿਹੇ ਦਿਤੀ ਗਈ, ਸਮਾਗਮ ਦੌਰਾਨ ਬੋਲਣ ਲਈ ਸਮਾਂ ਵੀ ਨਾ ਦਿਤਾ ਗਿਆ। ਮੀਡੀਆਂ ਵਿਚ ਇਸ ਦਾ ਬੜੀ ਚਰਚਾ ਹੋਈ।
ਇਨਹਾਂ ਸਮਾਗਮਾਂ ਲਈ ਬਾਦਲ ਸਾਹਿਬ ਨਿਜੀ ਤੌਰ ਤੇ ਰਾਸ਼ਟ੍ਰਪਤੀ ਨੂੰ ਸਦਾ ਪੱਤਰ ਇਕ ਮਹੀਨੇ ਤੋਂ ਵੀ ਵਧ ਸਮਾਂ ਪਹਿਲਾਂ ਦੇ ਕੇ ਆਏ ਪਰ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਦਾ ਪੱਤਰ ਬਹੁਤ ਦੇਰ ਪਿਛੋਂ ਦਿਤਾ। ਜਦੋਂ ਡਾ. ਮਨਮੋਹਨ ਸਿੰਘ ਨੂੰ ਸਦਾ ਪੱਤਰ ਦੇਣ ਗਏ ਤਾ ਉਨ੍ਹਾਂ ਸ.ਬਾਦਲ ਨੂੰ ਬਹੁਤ ਜ਼ੋਰਦਾਰ ਉਲਾਭਾ ਦਿਤਾ ਕਿ ਕੇ ਜਦੋਂ ਮੈਂ ਰਾਸ਼ਟ੍ਰਪਤੀ ਭਵਨ ਗਿਆਂ ਤਾ ਰਾਸ਼ਟ੍ਰਪਤੀ ਨੇ ਦੱਸਿਆ ਕਿ ਬਾਦਲ ਸਾਹਿਬ ਸੱਦਾ ਪਤਰ ਦੇ ਕੇ ਗਏ ਹਨ, ਤੁਹਾਨੂੰ ਵੀ ਦਿੱਤਾ ਹੋਵੇਗਾ,ਕਿਸ ਦਿਨ ਜਾਣਾ ਹੈ। ਡਾ.ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਬਹੁਤ ਸ਼ਰਮਿੰਦਾ ਹੋਇਆ ਕਿ ਸਿੱਖ ਹੋਣ ਨਾਤੇ ਸਿੱਖਾਂ ਦੇ ਇਕ ਪਵਿੱਤਰ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਮੈਨੂੰ ਨਹੀਂ ਬੁਲਾਇਆ ਗਿਆ।
ਰਾਸ਼ਟ੍ਰਪਤੀ ਜੀ ਦੇ ਜਾਣ ਤੋਂ ਬਾਅਦ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏੇ ਮੁੱਖ ਮੰਤਰੀ ਨੇ ਕਿਹਾ ਕਿ ਮੈ ਕਲ ਨੂੰ ਮੁੱਖ ਸਮਾਗਮ ਵਿਚ ਵੀ ਜਾਵਾਂਗਾ ਤੇ ਸੰਗਤ ਵਿਚ ਬੈਠਾਂਗਾ। ਪਰ ਮੀਡੀਆ ਵਿਚ ਚਰਚਾ ਹੋਣ ਕਾਰਨ ਮੁੱਖ ਸਮਾਗਮ ਦੌਰਾਨ ਮੁੱਖ ਮੰਤਰੀ ਨੂੰ ਮੰਚ ‘ਤੇ ਢੁਕਵੀਂ ਥਾ ਬਿਠਾਇਆ ਗਿਆ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਸਮਾਂ ਵੀ ਦਿਤਾ ਗਿਆ।
ਸ੍ਰੀ ਹੁਰੂ ਨਾਨਕ ਦੇਵ ਜੀ ਨੇ ਅਪਣੇ ਬਾਕੀ ਉਪਦੇਸ਼ਾਂ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦਿਤਾ ਸੀ। ਸਾਰੇ ਲੋਕ ਉਨ੍ਹਾਂ ਦਾ ਸ਼ਰਧਾ ਨਾਲ ਨਾਮ ਜਪਦੇ ਤੇ ਸਤਿਕਾਰ ਕਰਦੇ ਹਨ। ਹੁਣ ਇਨ੍ਹਾਂ ਸਮਾਗਮਾਂ ਦੌਰਾਨ ਅਕਾਲੀ ਭਾਜਪਾ ਤੇ ਕਾਂਗਰਸ ਦਾ ਕੋਈ ਵੀ ਲੀਡਰ ਆਪਣੀ ਸੌੜੀ ਸਿਅਸਤ ਨਾ ਖੇਡੇ। ਸੱਭ ਨੂੰ ਯੋਗ ਸਤਿਕਾਰ ਦਿਤਾ ਜਾਵੇ। ਹੁਣ ਵੀ ਕਿਸੇ ਵਿੰਗੇ ਟੇਢੇ ਢੰਗ ਨਾਲ ਸਿਆਸਤ ਖੇਡੀ ਜਾ ਰਹੀ ਹੈ। ਚੰਗਾ ਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਸੱਦਾ ਦੇਣ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦਲ ਦੇ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਾਲ ਲੈ ਜਾਂਦੇ। ਇਸੇ ਤਰ੍ਹਾਂ ਰਾਸ਼ਟ੍ਰਪਤੀ ਨੂਂ ਸੱਦਾ ਪੱਤਰ ਦੇਣ ਸਮੇਂ ਕੀਤਾ ਗਿਆ,ਜਿਸ ਦੀ ਕਾਂਗਰਸੀ ਲੀਡਰਾਂ ਵਲੋਂ ਨੁਕਤਾਚੀਨੀ ਕੀਤੀ ਗਈ।
ਇਹ ਸਮਾਗਮ ਨਿਰੋਲ ਧਾਰਮਿਕ ਹਨ, ਧਾਰਮਿਕ ਸ਼ਰਧਾ ਨਾਲ ਹੀ ਨੇਪਰੇ ਚਾੜ੍ਹੇ ਜਾਣ। ਮੈਨੂੰ ਉਮੀਦ ਨਹੀਂ ਕਿ ਲੀਡਰ ਆਪਣੀਆਂ ਆਦਤਾਂ ਤੋਂ ਬਾਜ਼ ਆਉਣਗੇ। ਦੇਸ਼ ਵਿਦੇਸ਼ ਵਿਚ ਸਾਰਾ ਪੰਜਾਬੀ ਭਾਈਚਾਰਾ ਇਧਰ ਦੇਖ ਰਿਹਾ ਹੈ। ਕਿਸੇ ਨੇ ਵੀ ਸੌੜੀ ਸਿਅਸਤ ਖੇਡੀ ਤਾਂ ਸੰਗਤਾਂ ਮੁਆਫ਼ ਨਹੀਂ ਕਰਨ ਗੀਆਂ।