ਵਾਸ਼ਿੰਗਟਨ – ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰ ਯੁੱਧ ਹੋਰ ਵੀ ਤੇਜ਼ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਚੀਨ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਤੇ ਨਵੇਂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੀ ਸਿਤੰਬਰ ਤੋਂ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ 300 ਅਰਬ ਡਾਲਰ ਦੇ ਸਾਮਾਨ ਤੇ 10 ਫੀਸਦੀ ਨਵੇਂ ਟੈਕਸ ਲਗਾਏ ਜਾਣਗੇ।
ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ, ‘ਸਾਡੇ ਪ੍ਰਤੀਨਿਧੀ ਹੁਣੇ ਚੀਨ ਤੋਂ ਵਾਪਿਸ ਆਏ ਹਨ ਜਿੱਥੇ ਉਨ੍ਹਾਂ ਨੇ ਭਵਿੱਖ ਦੇ ਇੱਕ ਵਪਾਰਿਕ ਸੌਦੇ ਦੇ ਸਬੰਧ ਵਿੱਚ ਰਚਨਾਤਮਕ ਵਾਰਤਾ ਕੀਤੀ ਸੀ। ਅਸਾਂ ਸੋਚਿਆ ਸੀ ਤਿੰਨ ਮਹੀਨੇ ਪਹਲਾਂ ਹੀ ਅਸਾਂ ਚੀਨ ਦੇ ਨਾਲ ਇੱਕ ਸੌਦਾ ਕਰ ਲਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਚੀਨ ਨੇ ਦਸਤਖਤ ਕਰਨ ਤੋਂ ਪਹਿਲਾਂ ਡੀਲ ਤੇ ਫਿਰ ਤੋਂ ਗੱਲਬਾਤ ਕਰਨ ਦਾ ਫੈਂਸਲਾ ਕੀਤਾ।’
ਟਰੰਪ ਨੇ ਇਹ ਵੀ ਲਿਿਖਆ ਹੈ, ‘ਵਪਾਰ ਵਾਰਤਾ ਜਾਰੀ ਹੈ ਅਤੇ ਗੱਲਬਾਤ ਦੇ ਦੌਰਾਨ ਅਮਰੀਕਾ ਇੱਕ ਸਿਤੰਬਰ ਤੋਂ ਬਾਕੀ 300 ਅਰਬ ਡਾਲਰ ਦੇ ਸਾਮਾਨ ਅਤੇ ਉਤਪਾਦਕਾਂ ਤੇ 10 ਫੀਸਦੀ ਦਾ ਇੱਕ ਛੋਟਾ ਜਿਹਾ ਹੋਰ ਟੈਕਸ ਚੀਨ ਤੋਂ ਆਉਣ ਵਾਲੀਆਂ ਵਸਤੂਆਂ ਤੇ ਲਗਾਵੇਗਾ।’
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਇੱਕ ਡੀਲ ਕਰਨਾ ਚਾਹੁੰਦੇ ਹਨ ਪਰ ਸਪੱਸ਼ਟ ਤੌਰ ਤੇ ਉਹ ਤੇਜ਼ੀ ਨਹੀਂ ਵਿਖਾ ਰਹੇ। ਵਾਈਟ ਹਾਊਸ ਨੇ ਇਹ ਵੀ ਕਿਹਾ ਹੈ ਕਿ ਵਾਪਾਰ ਵਾਰਤਾ ਦੇ ਨਵੇਂ ਦੌਰ ਵਿੱਚ ਸਮਝੌਤਾ ਨਹੀਂ ਹੋਇਆ ਅਤੇ ਦੋਵਾਂ ਦੇਸ਼ਾਂ ਦਰਮਿਆਨ ਹੋਈ ਗੱਲਬਾਤ ਵਿੱਚ ਕੋਈ ਖਾਸ ਪ੍ਰਗਤੀ ਨਹੀਂ ਹੋਈ’।